ਖੜ੍ਹੇ ਟਾਂਗੇ ਨਾਲ ਮੋਟਰਸਾਈਕਲ ਟਕਰਾਉਣ ਨਾਲ ਦੋ ਨੌਜਵਾਨਾਂ ਦੀ ਮੌਤ
ਸੰਵਾਦ ਸੂਤਰ, ਜਾਗਰਣ, ਭੋਗਪੁਰ
Publish Date: Fri, 16 Jan 2026 09:48 PM (IST)
Updated Date: Fri, 16 Jan 2026 09:51 PM (IST)

ਸੰਵਾਦ ਸੂਤਰ, ਜਾਗਰਣ, ਭੋਗਪੁਰ : ਵੀਰਵਾਰ ਸ਼ਾਮ ਨੂੰ ਇਕ ਦਿਲ ਦਹਿਲਾ ਦੇਣ ਵਾਲੇ ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਜਾਨ ਚਲੀ ਗਈ। ਇਹ ਹਾਦਸਾ ਬਹਿਰਾਮ ਦੇ ਰਾਹ ’ਤੇ ਵਾਪਰਿਆ ਜਦੋਂ ਮੋਟਰਸਾਈਕਲ ’ਤੇ ਸਵਾਰ ਨੌਜਵਾਨ ਆਪਣੇ ਪਿੰਡ ਵਾਪਸ ਜਾ ਰਹੇ ਸਨ। ਮ੍ਰਿਤਕਾਂ ਦੀ ਪਛਾਣ ਅਰਸ਼ਦੀਪ ਪੁੱਤਰ ਮੁਖਤਿਆਰ ਸਿੰਘ, ਨਿਵਾਸੀ ਪਿੰਡ ਭੁੰਦੀਆਂ ਤੇ ਗੋਪੇਸ਼ ਪੁੱਤਰ ਦਲਜੀਤ ਸਿੰਘ, ਨਿਵਾਸੀ ਪਿੰਡ ਗੇਹਲੜਾ ਵਜੋਂ ਹੋਈ ਹੈ। ਦੋਵਾਂ ਦੀ ਉਮਰ ਲਗਪਗ 18 ਸਾਲ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਅਰਸ਼ਦੀਪ ਤੇ ਗੋਪੇਸ਼ ਬੁੱਧਵਾਰ ਸ਼ਾਮ ਨੂੰ ਮੋਟਰਸਾਈਕਲ ’ਤੇ ਆਪਣੇ ਪਿੰਡ ਵੱਲ ਜਾ ਰਹੇ ਸਨ। ਇਸ ਦੌਰਾਨ, ਉਨ੍ਹਾਂ ਦੀ ਮੋਟਰਸਾਈਕਲ ਇਕ ਖੜ੍ਹੇ ਟਾਂਗੇ ਨਾਲ ਟੱਕਰ ਮਾਰ ਗਈ। ਟੱਕਰ ਇੰਨੀ ਤੇਜ਼ ਸੀ ਕਿ ਇਕ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਦੂਜਾ ਨੌਜਵਾਨ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਵੀ ਮੌਤ ਹੋ ਗਈ। ਹਾਦਸੇ ਦੀ ਜਾਣਕਾਰੀ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ ਅਤੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕੀਤੀ। ਪੁਲਿਸ ਨੇ ਧਾਰਾ 194 ਤਹਿਤ ਕਾਰਵਾਈ ਕੀਤੀ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ। ਦੂਜੇ ਪਾਸੇ, ਮੌਤ ਦੇ ਸ਼ਿਕਾਰ ਹੋਏ ਨੌਜਵਾਨਾਂ ਦੇ ਪਰਿਵਾਰਾਂ ਦਾ ਕਹਿਣਾ ਹੈ ਕਿ ਦੋਵਾਂ ਬੱਚੇ ਉਨ੍ਹਾਂ ਨੂੰ ਨੀਮ ਬੇਹੋਸ਼ੀ ਹਾਲਤ ’ਚ ਮਿਲੇ ਸਨ। ਪਰਿਵਾਰਾਂ ਨੇ ਸੜਕ ’ਤੇ ਖੜ੍ਹੇ ਟਾਂਗੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਜੇ ਟਾਂਗਾ ਉੱਥੇ ਨਾ ਖੜ੍ਹਾ ਹੁੰਦਾ ਤਾਂ ਇਹ ਹਾਦਸਾ ਟਲ਼ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹਾਦਸੇ ਦੇ ਸਹੀ ਕਾਰਨਾਂ ਦੀ ਪੁਸ਼ਟੀ ਹੋ ਸਕੇਗੀ। ਰਿਪੋਰਟ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਹਾਦਸੇ ਕਾਰਨ ਦੋਵਾਂ ਪਿੰਡਾਂ ਵਿਚ ਸ਼ੋਕ ਦੀ ਲਹਿਰ ਹੈ ਤੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।