- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗ੍ਰੀਸ ’ਚ ਕਤਲ ਕੀਤੇ ਤਲਵੰਡੀ ਸੰਘੇੜਾ ਦੇ ਦੋ ਸਕੇ ਭਰਾਵਾਂ ਦਾ ਨਮ ਅੱਖਾਂ ਨਾਲ ਅੰਤਿਮ ਸਸਕਾਰ

-18 ਦਿਨਾਂ ਬਾਅਦ ਤਾਬੂਤਾਂ ’ਚ ਬੰਦ ਹੋ ਕੇ ਪਿੰਡ ਪੁੱਜੀਆਂ ਮ੍ਰਿਤਕ ਦੇਹਾਂ, ਮਾਂ ਦੀਆਂ ਧਾਹਾਂ ਨੇ ਝੰਜੋੜੇ ਦਿਲ
--ਕਰਜ਼ਾ ਚੁੱਕ ਕੇ ਸੁਨਹਿਰੀ ਭਵਿੱਖ ਲਈ ਭੇਜੇ ਸਨ ਵਿਦੇਸ਼, ਰਿਸ਼ਤੇਦਾਰ ’ਤੇ ਹੀ ਲੱਗੇ ਕਤਲ ਦੇ ਦੋਸ਼
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਰੋਜ਼ੀ-ਰੋਟੀ ਕਮਾਉਣ ਤੇ ਪਰਿਵਾਰ ਦੀ ਗਰੀਬੀ ਦੂਰ ਕਰਨ ਦੇ ਸੁਪਨੇ ਲੈ ਕੇ ਵਿਦੇਸ਼ ਗਏ ਸ਼ਾਹਕੋਟ ਦੇ ਨਜ਼ਦੀਕੀ ਪਿੰਡ ਤਲਵੰਡੀ ਸੰਘੇੜਾ ਦੇ ਦੋ ਸਕੇ ਭਰਾਵਾਂ ਦੀਆਂ ਮ੍ਰਿਤਕ ਦੇਹਾਂ 18 ਦਿਨਾਂ ਬਾਅਦ ਸ਼ਨਿਚਰਵਾਰ ਨੂੰ ਜਦੋਂ ਤਾਬੂਤਾਂ ’ਚ ਬੰਦ ਹੋ ਕੇ ਪਿੰਡ ਪੁੱਜੀਆਂ ਤਾਂ ਪੂਰਾ ਇਲਾਕਾ ਸੋਗ ’ਚ ਡੁੱਬ ਗਿਆ। ਗ੍ਰੀਸ ’ਚ ਬੀਤੀ 3 ਨਵੰਬਰ ਨੂੰ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕੀਤੇ ਗਏ ਦਲਜੀਤ ਸਿੰਘ (26) ਅਤੇ ਗੁਰਵਿੰਦਰ ਸਿੰਘ (23) ਦਾ ਸ਼ਨਿਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ’ਚ ਸੈਂਕੜੇ ਲੋਕਾਂ ਦੀ ਮੌਜੂਦਗੀ ’ਚ ਨਮ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ। ਦੋਵਾਂ ਭਰਾਵਾਂ ਦੀਆਂ ਮ੍ਰਿਤਕ ਦੇਹਾਂ ਹਵਾਈ ਜਹਾਜ਼ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਪੁੱਜੀਆਂ, ਜਿੱਥੋਂ ਉਨ੍ਹਾਂ ਨੂੰ ਪਿੰਡ ਤਲਵੰਡੀ ਸੰਘੇੜਾ ਲਿਆਂਦਾ ਗਿਆ।
---
ਤਾਬੂਤ ਖੁੱਲ੍ਹਦਿਆਂ ਹੀ ਮਚਿਆ ਚੀਕ-ਚਿਹਾੜਾ
ਜਿਸ ਘਰ ’ਚ ਕਦੇ ਬੇਟਿਆਂ ਦੇ ਵਿਦੇਸ਼ ਜਾਣ ’ਤੇ ਖ਼ੁਸ਼ੀਆਂ ਮਨਾਈਆਂ ਗਈਆਂ ਸਨ, ਉੱਥੇ ਦੋ ਜਵਾਨ ਪੁੱਤਾਂ ਦੇ ਤਾਬੂਤ ਪੁੱਜਦਿਆਂ ਹੀ ਚੀਕ-ਚਿਹਾੜਾ ਮਚ ਗਿਆ। ਮਾਤਾ ਬਲਜਿੰਦਰ ਕੌਰ ਵਾਰ-ਵਾਰ ਆਪਣੇ ਪੁੱਤਾਂ ਨੂੰ ਆਵਾਜ਼ਾਂ ਮਾਰ ਕੇ ਭੁੱਬਾਂ ਮਾਰ ਰਹੀ ਸੀ ਤੇ ਕਈ ਵਾਰ ਬੇਹੋਸ਼ ਹੋ ਗਈ। ਪਿਤਾ ਬੂਟਾ ਸਿੰਘ ਅਤੇ ਭਰਾ ਸੁਪਿੰਦਰ ਸਿੰਘ ਨੇ ਕੰਬਦੇ ਹੱਥਾਂ ਨਾਲ ਦੋਵਾਂ ਚਿਖਾਵਾਂ ਨੂੰ ਅਗਨੀ ਭੇਟ ਕੀਤੀ।
---
ਰਿਸ਼ਤੇਦਾਰ ’ਤੇ ਭਰੋਸਾ ਕਰ ਕੇ ਕਰਜ਼ਾ ਚੁੱਕ ਭੇਜੇ ਸਨ ਵਿਦੇਸ਼
ਮ੍ਰਿਤਕਾਂ ਦੇ ਪਿਤਾ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਸੰਦੀਪ ਸਿੰਘ ਵਾਸੀ ਗੁਮਟਾਲੀ ਦੇ ਕਹਿਣ ’ਤੇ ਕਰਜ਼ਾ ਚੁੱਕ ਕੇ ਕਰੀਬ 8 ਮਹੀਨੇ ਪਹਿਲਾਂ ਦਲਜੀਤ ਸਿੰਘ ਨੂੰ ਵਰਕ ਪਰਮਿਟ ’ਤੇ ਗ੍ਰੀਸ ਦੇ ਲਿਵਾਨਾਤੇਸ ਭੇਜਿਆ, ਜਿੱਥੇ ਉਹ ਸੰਦੀਪ ਸਿੰਘ ਕੋਲ ਫਾਰਮ ਹਾਊਸ ’ਚ ਕੰਮ ਕਰਨ ਲੱਗਾ। ਕਰੀਬ 3 ਮਹੀਨੇ ਪਹਿਲਾਂ ਦਲਜੀਤ ਦੇ ਕਹਿਣ ’ਤੇ ਛੋਟੇ ਬੇਟੇ ਗੁਰਵਿੰਦਰ ਸਿੰਘ ਨੂੰ ਵੀ ਗ੍ਰੀਸ ਭੇਜ ਦਿੱਤਾ ਗਿਆ ਤੇ ਦੋਵੇਂ ਭਰਾ ਉੱਥੇ ਇਕ ਪਿੱਗ ਫਾਰਮ ’ਚ ਇਕੱਠੇ ਕੰਮ ਕਰਨ ਲੱਗੇ।
ਬੂਟਾ ਸਿੰਘ ਅਨੁਸਾਰ 3 ਨਵੰਬਰ ਨੂੰ ਸੰਦੀਪ ਸਿੰਘ ਨੇ ਉਨ੍ਹਾਂ ਦੇ ਦੋਵਾਂ ਬੇਟਿਆਂ ’ਤੇ ਵੱਖ-ਵੱਖ ਥਾਵਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਮੁਲਜ਼ਮ ਨੇ ਵਾਰਦਾਤ ਸਮੇਂ ਵੀਡੀਓ ਵੀ ਬਣਾਈ ਸੀ। ਉਨ੍ਹਾਂ ਦੋਸ਼ ਲਾਇਆ ਕਿ ਸੰਦੀਪ ਸਿੰਘ ਉਨ੍ਹਾਂ ਦੇ ਬੇਟਿਆਂ ਤੋਂ ਜ਼ਬਰਦਸਤੀ ਪੈਸੇ ਮੰਗਦਾ ਸੀ ਤੇ ਇਸ ਸਾਜ਼ਿਸ਼ ’ਚ ਉਸ ਦੇ ਪਰਿਵਾਰ ਦੇ ਹੋਰ ਮੈਂਬਰ ਵੀ ਸ਼ਾਮਲ ਹਨ।
ਹਾਲਾਂਕਿ ਗ੍ਰੀਸ ਪੁਲਿਸ ਨੇ ਮੁੱਖ ਮੁਲਜ਼ਮ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਪਰ ਪੀੜਤ ਪਰਿਵਾਰ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਕਤਲਕਾਂਡ ਦੀ ਨਿਰਪੱਖ ਤੇ ਡੂੰਘਾਈ ਨਾਲ ਜਾਂਚ ਕਰਵਾ ਕੇ ਸ਼ਾਮਲ ਹੋਰਨਾਂ ਵਿਅਕਤੀਆਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
---
ਸਿਆਸੀ ਤੇ ਸਮਾਜਿਕ ਆਗੂਆਂ ਨੇ ਪਰਿਵਾਰ ਨਾਲ ਵੰਡਾਇਆ ਦੁੱਖ
ਇਸ ਦੁੱਖ ਦੀ ਘੜੀ ’ਚ ਹਲਕਾ ਸ਼ਾਹਕੋਟ ਦੇ ਵਿਧਾਇਕ ਤੇ ਜ਼ਿਲ੍ਹਾ ਜਲੰਧਰ ਦਿਹਾਤੀ ਕਾਂਗਰਸ ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ‘ਆਪ’ ਦੇ ਹਲਕਾ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ, ਭਾਜਪਾ ਦੇ ਹਲਕਾ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ, ‘ਆਪ’ ਦੇ ਸੰਗਠਨ ਇੰਚਾਰਜ ਹਰਜਿੰਦਰ ਸਿੰਘ ਸੀਚੇਵਾਲ ਸਮੇਤ ਵੱਡੀ ਗਿਣਤੀ ’ਚ ਸਿਆਸੀ, ਧਾਰਮਿਕ ਤੇ ਸਮਾਜਿਕ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਆਗੂਆਂ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਦੋਸ਼ੀਆਂ ਨੂੰ ਸਖ਼ਤ ਸਜ਼ਾ ਦਿਵਾਉਣ ਤੇ ਇਨਸਾਫ਼ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।