- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਾਜਾਇਜ਼ ਹਥਿਆਰਾਂ ਅਤੇ ਕਾਰਤੂਸਾਂ ਸਮੇਤ ਦੋ ਗ੍ਰਿਫ਼ਤਾਰ

ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ
ਜਲੰਧਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ਼ ਨੇ ਆਦਮਪੁਰ ਇਲਾਕੇ ’ਚ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਚਾਰ ਨਾਜਾਇਜ਼ ਹਥਿਆਰਾਂ ਤੇ ਸੱਤ ਜ਼ਿੰਦਾ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਨੁਸਾਰ, ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ ਤੇ ਇਕ ਦੇਸੀ 'ਕੱਟਾ' ਬਰਾਮਦ ਹੋਇਆ ਹੈ। ਆਦਮਪੁਰ ਥਾਣੇ ’ਚ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਜਲੰਧਰ ਦਿਹਾਤੀ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਹ ਕਾਰਵਾਈ ਪੁਲਿਸ ਮੁਹਿੰਮ ਦੇ ਹਿੱਸੇ ਵਜੋਂ ਕੀਤੀ ਗਈ ਸੀ। ਇਸ ਨੂੰ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਹੇਠ ਅੰਜਾਮ ਦਿੱਤਾ। 17 ਅਕਤੂਬਰ 2026 ਨੂੰ, ਏਐੱਸਆਈ ਰਾਜਬੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਆਦਮਪੁਰ ਥਾਣੇ ਦੇ ਅਧਿਕਾਰ ਖੇਤਰ ’ਚ ਗਸ਼ਤ ਤੇ ਚੈਕਿੰਗ ਕਰ ਰਹੀ ਸੀ। ਟੀਮ ਨੇ ਹਸਪਤਾਲ ਦੇ ਸਾਹਮਣੇ, ਗਰੇਵਾਲ ਸਰਵਿਸ ਸਟੇਸ਼ਨ ਨੇੜੇ ਇਕ ਖੁੱਲ੍ਹੀ ਥਾਂ 'ਤੇ ਦੋ ਨੌਜਵਾਨਾਂ ਨੂੰ ਖੜ੍ਹੇ ਦੇਖਿਆ। ਪੁਲਿਸ ਦੀ ਗੱਡੀ ਦੇਖ ਕੇ ਦੋਵੇਂ ਘਬਰਾ ਗਏ ਤੇ ਉੱਥੋਂ ਜਾਣ ਦੀ ਕੋਸ਼ਿਸ਼ ਕਰਨ ਲੱਗੇ। ਪੁਲਿਸ ਨੇ ਸ਼ੱਕ ਦੇ ਆਧਾਰ 'ਤੇ ਉਨ੍ਹਾਂ ਨੂੰ ਰੋਕਿਆ ਤੇ ਤਲਾਸ਼ੀ ਲਈ।
----------------------
ਦੋਵਾਂ ਕੋਲੋਂ ਹਥਿਆਰ ਤੇ ਕਾਰਤੂਸ ਬਰਾਮਦ
ਪੁਲਿਸ ਨੇ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਚਰਨਜੋਤ ਸਿੰਘ ਉਰਫ਼ 'ਜੋਟ ਵਾਸੀ ਪਿੰਡ ਮਲਕਪੁਰ ਰਾਵਲਪਿੰਡੀ, ਜ਼ਿਲ੍ਹਾ ਕਪੂਰਥਲਾ ਤੇ ਅਮਨਦੀਪ ਸਿੰਘ ਉਰਫ਼ 'ਅਮਨੀ'ਵਾਸੀ ਪਿੰਡ ਨਰੂੜ ਰਾਵਲਪਿੰਡੀ, ਜ਼ਿਲ੍ਹਾ ਕਪੂਰਥਲਾ ਵੱਜੋ ਹੋਈ ਹੈ। ਤਲਾਸ਼ੀ ਦੌਰਾਨ ਚਰਨਜੋਤ ਸਿੰਘ ਕੋਲੋਂ .32 ਬੋਰ ਦੇ ਦੋ ਦੇਸੀ ਪਿਸਤੌਲ ਬਰਾਮਦ ਹੋਏ। ਇਨ੍ਹਾਂ ’ਚੋਂ ਹਰੇਕ ਪਿਸਤੌਲ ਦੀ ਮੈਗਜ਼ੀਨ ’ਚ ਦੋ-ਦੋ ਕਾਰਤੂਸ ਮੌਜੂਦ ਸਨ। ਇਸ ਦੌਰਾਨ, ਅਮਨਦੀਪ ਸਿੰਘ ਕੋਲੋਂ .30 ਬੋਰ ਦਾ ਇਕ ਦੇਸੀ ਪਿਸਤੌਲ ਤੇ .315 ਬੋਰ ਦਾ ਇਕ ਦੇਸੀ ਹਥਿਆਰ ਬਰਾਮਦ ਕੀਤਾ ਗਿਆ। ਪੁਲਿਸ ਅਨੁਸਾਰ .30 ਬੋਰ ਦੇ ਪਿਸਤੌਲ ਦੀ ਮੈਗਜ਼ੀਨ ’ਚੋਂ ਦੋ ਕਾਰਤੂਸ ਮਿਲੇ ਤੇ .315 ਬੋਰ ਦੇ ਹਥਿਆਰ ’ਚੋਂ ਇਕ ਕਾਰਤੂਸ ਬਰਾਮਦ ਹੋਇਆ।
---------------------
ਪੁਰਾਣੇ ਅਪਰਾਧਿਕ ਮਾਮਲਿਆਂ ਦੀ ਜਾਂਚ
ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਅਨੁਸਾਰ ਇਹ ਸਾਹਮਣੇ ਆਇਆ ਹੈ ਕਿ ਦੋਵਾਂ ਮੁਲਜ਼ਮਾਂ ਵਿਰੁੱਧ ਵੱਖ-ਵੱਖ ਥਾਣਿਆਂ ’ਚ ਪਹਿਲਾਂ ਤੋਂ ਹੀ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਚਰਨਜੋਤ ਸਿੰਘ ਅਪ੍ਰੈਲ 2026 ’ਚ ਕਪੂਰਥਲਾ ਜੇਲ੍ਹ ਤੋਂ ਜ਼ਮਾਨਤ 'ਤੇ ਰਿਹਾਅ ਹੋਇਆ ਸੀ। ਪੁਲਿਸ ਹੁਣ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮੁਲਜ਼ਮਾਂ ਨੇ ਇਹ ਹਥਿਆਰ ਕਿੱਥੋਂ ਪ੍ਰਾਪਤ ਕੀਤੇ ਤੇ ਕੀ ਇਨ੍ਹਾਂ ਦੀ ਵਰਤੋਂ ਕਿਸੇ ਅਪਰਾਧਿਕ ਘਟਨਾ ’ਚ ਕੀਤੀ ਗਈ ਹੈ।