30 ਕਿਲੋ ਭੁੱਕੀ ਸਣੇ ਦੋ ਗ੍ਰਿਫਤਾਰ 30 ਕਿਲੋ ਭੁੱਕੀ ਸਮੇਤ ਦੋ ਗ੍ਰਿਫਤਾਰ
Publish Date: Sun, 18 Oct 2026 08:29 PM (IST)
Updated Date: Mon, 19 Oct 2026 04:07 AM (IST)
- ਟਰੱਕ ’ਚ ਲੁਕਾ ਕੇ ਲਿਜਾਇਆ ਜਾ ਰਿਹਾ ਸੀ ਨਸ਼ਾ ਕਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਦਿਹਾਤ ਪੁਲਿਸ ਦੇ ਸੀਆਈਏ ਸਟਾਫ ਦੀ ਪੁਲਿਸ ਨੇ ਟਰੱਕ ’ਚ ਲੁਕੋ ਕੇ ਲਿਜਾਈ ਜਾ ਰਹੀ ਭੁੱਕੀ ਸਣੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਨਸ਼ੀਲਾ ਪਦਾਰਥ ਬਰਾਮਦ ਕਰਨ ਦੇ ਨਾਲ-ਨਾਲ ਤਸਕਰੀ ਲਈ ਵਰਤਿਆ ਜਾ ਰਿਹਾ ਇਕ ਟਰੱਕ ਵੀ ਕਬਜ਼ੇ ’ਚ ਲਿਆ ਹੈ। ਇਸ ਸਬੰਧੀ ਥਾਣਾ ਲਾਂਬੜਾ, ਜ਼ਿਲ੍ਹਾ ਜਲੰਧਰ-ਦਿਹਾਤੀ ਵਿਖੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਐੱਸਐੱਸਪੀ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਹੇਠ ਏਐੱਸਆਈ ਜਗਜੀਤ ਸਿੰਘ ਪੁਲਿਸ ਪਾਰਟੀ ਸਮੇਤ ਜਲੰਧਰ ਲਾਂਬੜਾ ਵੱਲ ਗਸ਼ਤ ਕਰ ਰਹੇ ਸਨ। ਇਸ ਦੌਰਾਨ ਪਿੰਡ ਸਿੰਘਾਂ ਲਾਗੇ ਇਕ ਖੜ੍ਹੇ ਟਰੱਕ ਕੋਲ ਦੋ ਸ਼ੱਕੀ ਮੁਲਜਮਾਂ ਨੂੰ ਜਦ ਸ਼ੱਕ ਦੇ ਆਧਾਰ ’ਤੇ ਰੋਕ ਕੇ ਖੜ੍ਹੇ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ ’ਚੋਂ ਪੁਲਿਸ ਪਾਰਟੀ ਨੂੰ ਭੁੱਕੀ ਦੀਆਂ ਬੋਰੀਆਂ ਮਿਲੀਆਂ, ਜਿਨ੍ਹਾਂ ਦਾ ਵਜ਼ਨ ਕਰਨ ’ਤੇ ਉਹ 30 ਕਿੱਲੋ ਨਿਕਲੀ। ਜਿਸ ’ਤੇ ਟਰੱਕ ਲਾਗੇ ਖੜ੍ਹੇ ਦੋਵਾਂ ਮੁਲਜਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਾਂਚ ਦੌਰਾਨ ਮੁਲਜ਼ਮਾਂ ਦੀ ਪਛਾਣ ਰਣਜੀਤ ਸਿੰਘ ਉਰਫ਼ ਜੀਤ ਵਾਸੀ ਪਿੰਡ ਰਾਹਲ ਚਾਲਾ, ਜ਼ਿਲ੍ਹਾ ਤਰਨਤਾਰਨ ਤੇ ਬਲਜੀਤ ਸਿੰਘ ਵਾਸੀ ਪਿੰਡ ਟੋਟਕਪੁਰ, ਜ਼ਿਲ੍ਹਾ ਮੁਹੰਮਦਪੁਰ/ਮੁਹੰਮਦਪੁਰਾ ਵਜੋਂ ਕੀਤੀ ਗਈ ਹੈ। ਦੋਵਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਉਨਾਂ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਜਦ ਪੁੱਛਗਿਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਪਿਛਲੇ ਕਈ ਸਾਲਾਂ ਤੋਂ ਨਸ਼ਾ ਤਸਕਰੀ ਦਾ ਧੰਦਾ ਕਰ ਰਹੇ ਹਨ। ਉਨਾਂ ਦੱਸਿਆ ਕਿ ਦੋਵਾਂ ਦੀ ਮੁਲਾਕਾਤ ਜਲੰਧਰ ਦੇ ਟਰਾਂਸਪੋਰਟ ਨਗਰ ’ਚ ਹੋਈ ਸੀ, ਜਿਸ ਤੋਂ ਬਾਅਦ ਦੋਵੇਂ ਇਸ ਧੰਦੇ ’ਚ ਜੁੜ ਗਏ। ਪੁਲਿਸ ਰਿਕਾਰਡ ਅਨੁਸਾਰ ਮੁਲਜ਼ਮ ਰਣਜੀਤ ਸਿੰਘ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਟ ਤੇ ਹੋਰ ਧਾਰਾਵਾਂ ਤਹਿਤ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ।