- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਆਟੋ ’ਚ ਬਿਠਾ ਕੇ ਰਸਤਾ ਬਦਲ ਔਰਤ ਦੀਆਂ ਵਾਲੀਆਂ ਝਪਟਣ ਵਾਲੇ ਦੋ ਮੁਲਜ਼ਮ ਗ੍ਰਿਫ਼ਤਾਰ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਿਸ ਨੇ ਸ਼ਹਿਰ ’ਚ ਆਟੋ-ਰਿਕਸ਼ਾ ’ਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਲੁੱਟਣ ਦੇ ਦੋਸ਼ ’ਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਰਿਤਿਕ ਰਾਜ ਉਰਫ਼ ਨਾਨੂ ਤੇ ਸੂਰਜ ਵਾਸੀ ਲਸੂੜੀ ਮੁਹੱਲਾ ਵਜੋਂ ਹੋਈ ਹੈ। ਪੁਲਿਸ ਨੇ ਵਾਰਦਾਤ ’ਚ ਵਰਤਿਆ ਗਿਆ ਆਟੋ-ਰਿਕਸ਼ਾ, ਔਰਤ ਤੋਂ ਖੋਹੀਆਂ ਗਈਆਂ ਸੋਨੇ ਦੀਆਂ ਵਾਲੀਆਂ ਤੇ ਮੁਲਜ਼ਮਾਂ ਕੋਲੋਂ ਤਿੰਨ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ।
ਪੁਲਿਸ ਅਨੁਸਾਰ ਇਹ ਘਟਨਾ 15 ਸਤੰਬਰ ਨੂੰ ਵਾਪਰੀ ਸੀ। ਮੁਕੇਰੀਆਂ ਦੀ ਰਹਿਣ ਵਾਲੀ ਸਤੀਸ਼ ਦੇਵੀ ਦਵਾਈਆਂ ਖਰੀਦਣ ਲਈ ਜਲੰਧਰ ਆਈ ਸੀ। ਸਵੇਰੇ ਕਰੀਬ 11:30 ਵਜੇ ਉਹ ਬੱਸ ਸਟੈਂਡ ਤੋਂ ਸਿਵਲ ਹਸਪਤਾਲ ਜਾਣ ਲਈ ਆਟੋ-ਰਿਕਸ਼ਾ ’ਚ ਬੈਠੀ ਸੀ। ਰਸਤੇ ’ਚ ਆਟੋ ਚਾਲਕ ਨੇ ਆਪਣੇ ਸਾਥੀ ਸਮੇਤ ਗੱਡੀ ਨੂੰ ਧੋਬੀ ਘਾਟ ਨੇੜੇ ਨਕੋਦਰ ਚੌਕ ਵੱਲ ਮੋੜ ਲਿਆ। ਆਟੋ ਖਰਾਬ ਹੋਣ ’ਤੇ ਕਿਸੇ ਹੋਰ ਗੱਡੀ ’ਚ ਜਾਣ ਲਈ ਕਿਹਾ। ਜਦੋਂ ਉਹ ਕਿਰਾਇਆ ਦੇਣ ਦੀ ਤਿਆਰੀ ਕਰ ਰਹੀ ਸੀ ਤਾਂ ਡਰਾਈਵਰ ਨੇ ਸੋਨੇ ਦੀਆਂ ਵਾਲੀਆਂ ਝਪਟ ਲਈਆਂ ਤੇ ਧੱਕਾ ਦੇ ਦਿੱਤਾ। ਦੋਵੇਂ ਮੌਕੇ ਤੋਂ ਫਰਾਰ ਹੋ ਗਏ। ਘਟਨਾ ਦੀ ਸੂਚਨਾ ਤੁਰੰਤ ਪੁਲਿਸ ਕੰਟਰੋਲ ਰੂਮ ’ਚ ਦਿੱਤੀ ਗਈ, ਜਿਸ ਤੋਂ ਬਾਅਦ ਸਬ-ਇੰਸਪੈਕਟਰ ਅਮਰਜੀਤ ਸਿੰਘ ਟੀਮ ਨਾਲ ਮੌਕੇ 'ਤੇ ਪਹੁੰਚੇ।
ਪੀੜਤ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਡਿਵੀਜ਼ਨ ਨੰਬਰ 4 ’ਚ ਐੱਫਆਈਆਰ ਨੰਬਰ 124, 15 ਸਤੰਬਰ 2026 ਦਰਜ ਕੀਤਾ ਗਿਆ ਤੇ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪੁਲਿਸ ਨੇ ਘਟਨਾ ਵਾਲੀ ਥਾਂ ਤੇ ਆਸ-ਪਾਸ ਦੇ ਇਲਾਕਿਆਂ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ। ਇਸ ਤੋਂ ਇਲਾਵਾ, ਖੁਫੀਆ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕੀਤੀ ਗਈ। ਇਸ ਤੋਂ ਬਾਅਦ, ਐੱਸਆਈ ਅਜੀਤ ਲਾਲ ਤੇ ਐੱਸਆਈ ਅਮਰਜੀਤ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਦੋਵਾਂ ਮੁਲਜ਼ਮਾਂ ਦੇ ਘਰਾਂ 'ਤੇ ਛਾਪੇਮਾਰੀ ਕੀਤੀ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਜਾਂਚ ’ਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਰਿਤਿਕ ਰਾਜ ਉਰਫ਼ ਨਾਨੂ ਖ਼ਿਲਾਫ਼ ਥਾਣਾ ਨੰਬਰ 5 ’ਚ ਪਹਿਲਾਂ ਹੀ ਇਕ ਕੇਸ ਦਰਜ ਹੈ।