ਕਤਲ ਮਾਮਲੇ ’ਚ ਦੋ ਮੁਲਜ਼ਮ 72 ਘੰਟਿਆਂ ’ਚ ਕਾਬੂ ਲੁੱਟ-ਖੋਹ ਦੌਰਾਨ ਔਰਤ ਦੇ ਕਤਲ ਮਾਮਲੇ ਵਿਚ ਦੋ ਮੁਲਜ਼ਮ 72 ਘੰਟਿਆਂ ‘ਚ ਕਾਬੂ
Publish Date: Wed, 07 Oct 2026 07:39 PM (IST)
Updated Date: Wed, 07 Oct 2026 07:41 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਲੁੱਟ-ਖੋਹ ਕਰਨ ਤੋਂ ਬਾਅਦ ਇਕ ਔਰਤ ਦਾ ਕਤਲ ਕਰਨ ਵਾਲੇ ਦੋ ਮੁਲਜ਼ਮਾਂ ਨੂੰ 72 ਘੰਟਿਆਂ ਦੇ ਅੰਦਰ ਗ੍ਰਿਫਤਾਰ ਕੀਤਾ ਹੈ, ਜਿਸ ਵਿੱਚ ਲੁਟੇਰਿਆਂ ਵੱਲੋਂ ਚੱਲਦੇ ਮੋਟਰਸਾਈਕਲ ਵਿਚ ਰਾਡ ਮਾਰ ਕੇ ਔਰਤ ਨੂੰ ਸੜਕ ‘ਤੇ ਸੁੱਟ ਦਿੱਤਾ ਗਿਆ ਸੀ ਅਤੇ ਕੰਨਾਂ ਦੀਆਂ ਵਾਲੀਆਂ ਖੋਹਣ ਵੇਲੇ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਦੀ ਮੌਤ ਹੋ ਗਈ ਸੀ। ਜਾਣਕਾਰੀ ਦਿੰਦਿਆਂ ਡੀਐੱਸਪੀ ਸ਼ਾਹਕੋਟ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਕੁਲਵਿੰਦਰ ਕੌਰ ਪਤਨੀ ਬਲਵੰਤ ਸਿੰਘ ਵਾਸੀ ਸ਼ਮਸ਼ਾਬਾਦ ਥਾਣਾ ਨੂਰਮਹਿਲ ਬੀਤੀ 3 ਅਕਤੂਬਰ ਨੂੰ ਆਪਣੇ ਪਤੀ ਨਾਲ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਪੇਕੇ ਪਿੰਡ ਮੀਰਪੁਰ ਸੈਦਾਂ ਜਾ ਰਹੀ ਸੀ। ਜਦੋਂ ਉਹ ਕਾਰ ਬਾਜ਼ਾਰ ਮਲਸੀਆ ਰੋਡ ਤੋਂ ਥੋੜ੍ਹਾ ਅੱਗੇ ਪਹੁੰਚੇ ਤਾਂ ਨਕੋਦਰ ਵੱਲੋਂ ਆ ਰਹੇ ਇਕ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਨੂੰ ਘੇਰ ਲਿਆ। ਲੁਟੇਰਿਆਂ ਨੇ ਚੱਲਦੇ ਮੋਟਰਸਾਈਕਲ ਦੇ ਅਗਲੇ ਚੱਕੇ ਵਿਚ ਰਾਡ ਫਸਾ ਦਿੱਤੀ, ਜਿਸ ਦੇ ਨਤੀਜੇ ਵਜੋਂ ਕੁਲਵਿੰਦਰ ਕੌਰ ਅਤੇ ਉਸਦਾ ਪਤੀ ਸੜਕ ਉੱਤੇ ਡਿੱਗ ਪਏ। ਇਸ ਭਿਆਨਕ ਹਾਦਸੇ ਵਿਚ ਕੁਲਵਿੰਦਰ ਕੌਰ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਇਸ ਮੌਕੇ ਲੁਟੇਰੇ ਕੰਨਾਂ ਵਿੱਚੋਂ ਸੋਨੇ ਦੀਆਂ ਵਾਲੀਆਂ ਖੋਹ ਕੇ ਮੌਕੇ ਤੋਂ ਫ਼ਰਾਰ ਹੋ ਗਏ। ਹਸਪਤਾਲ ਵਿਚ ਇਲਾਜ ਦੌਰਾਨ ਕੁਲਵਿੰਦਰ ਕੌਰ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕਤਲ ਅਤੇ ਲੁੱਟ-ਖੋਹ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਐੱਸਐੱਚਓ ਸ਼ਾਹਕੋਟ ਸੁਖਵਿੰਦਰਪਾਲ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਪੁਲਿਸ ਟੀਮਾਂ ਨੇ ਤਕਨੀਕੀ ਤੇ ਗੁਪਤ ਸੂਚਨਾਵਾਂ ਦੇ ਆਧਾਰ ‘ਤੇ ਕਾਰਵਾਈ ਕਰਦਿਆਂ ਦੋਵਾਂ ਮੁੱਖ ਮੁਲਜ਼ਮਾਂ ਨੂੰ ਦਬੋਚ ਲਿਆ। ਫੜੇ ਗਏ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਸਮਰਾ ਵਾਸੀ ਸਮਰਾਵਾ ਮੁਹੱਲਾ ਮਹਿਤਪੁਰ ਤੇ ਰਾਜਬੀਰ ਉਰਫ਼ ਮੁਨਸ਼ੀ ਵਾਸੀ ਖੁਰਮਪੁਰ ਮੁਹੱਲਾ ਮਹਿਤਪੁਰ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ ’ਚੋਂ ਵਾਰਦਾਤ ਸਮੇਂ ਵਰਤਿਆ ਗਿਆ ਬਿਨਾਂ ਨੰਬਰੀ ਪਲਸਰ ਮੋਟਰਸਾਈਕਲ ਤੇ ਰਾਡ ਬਰਾਮਦ ਕਰ ਲਈ ਹੈ। ਡੀਐੱਸਪੀ ਸਰਵਣ ਸਿੰਘ ਬੱਲ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਪਿਛੋਕੜ ਹੈ। ਗੁਰਪ੍ਰੀਤ ਸਿੰਘ ਗੋਪੀ ਖਿਲਾਫ ਮਹਿਤਪੁਰ, ਨਕੋਦਰ, ਭੋਗਪੁਰ, ਕਪੂਰਥਲਾ, ਬਹਿਰਾਮ ਤੇ ਮਕਸੂਦਾਂ ਥਾਣੇ ਵਿਚ ਲੁੱਟ-ਖੋਹ, ਚੋਰੀ, ਲੜਾਈ ਝਗੜੇ ਆਏ ਐੱਨਡੀਪੀਐੱਸ ਐਕਟ ਤਹਿਤ ਕੁੱਲ 13 ਮੁਕੱਦਮੇ ਦਰਜ ਹੋ ਚੁੱਕੇ ਹਨ। ਇਸੇ ਤਰ੍ਹਾਂ ਰਾਜਬੀਰ ਮੁਨਸ਼ੀ ਵਿਰੁੱਧ ਲੁਧਿਆਣਾ, ਮਹਿਤਪੁਰ ਤੇ ਨਕੋਦਰ ਵਿਚ ਲੁੱਟ ਖੋਹ ਦੇ 4 ਮਾਮਲੇ ਦਰਜ ਹੋ ਚੁੱਕੇ ਹਨ। ਪੁਲਿਸ ਵੱਲੋਂ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਨਾਲ ਹੋਰ ਵਾਰਦਾਤਾਂ ਸੁਲਝਣ ਦੀ ਆਸ ਹੈ। ਇਸ ਮੌਕੇ ਐੱਸਐੱਚਓ ਸ਼ਾਹਕੋਟ ਸੁਖਵਿੰਦਰ ਪਾਲ ਸੋਢੀ, ਐੱਸਐੱਚਓ ਲੋਹੀਆਂ ਸੁਖਵਿੰਦਰ ਸਿੰਘ ਮੁਲਤਾਨੀ, ਏਐੱਸਆਈ ਸੁਖਵੰਤ ਸਿੰਘ, ਮਲਸੀਆਂ ਚੌਕੀ ਇੰਚਾਰਜ ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ।