- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
2 ਕਿਲੋ ਹੈਰੋਇਨ ਅਤੇ ਲੱਖਾਂ ਦੀ ਡੱਰਗ ਮਨੀ ਸਮੇਤ ਦੋ ਮੁਲਜ਼ਮ ਗ੍ਰਿਫ਼ਤਾਰ

-32 ਬੋਰ ਦਾ ਪਿਸਤੌਲ ਤੇ ਪੰਜ ਜ਼ਿੰਦਾ ਕਾਰਤੂਸ ਵੀ ਬਰਾਮਦ
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ
ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ, ਕਮਿਸ਼ਨਰੇਟ ਪੁਲਿਸ ਨੇ ਹੈਰੋਇਨ ਦੀ ਸਪਲਾਈ ਕਰਨ ਵਾਲੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸਪੈਸ਼ਲ ਸੈੱਲ ਦੀ ਟੀਮ ਨੇ ਮੁਲਜ਼ਮਾਂ ਕੋਲੋਂ ਕੁੱਲ ਦੋ ਕਿਲੋਗ੍ਰਾਮ ਹੈਰੋਇਨ, 7.80 ਲੱਖ ਰੁਪਏ ਦੀ ਡਰੱਗ ਮਨੀ, ਇਕ .32 ਬੋਰ ਦਾ ਪਿਸਤੌਲ ਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਪੁਲਿਸ ਨੇ ਮੁਲਜ਼ਮਾਂ ਨਾਲ ਸਬੰਧਤ ਦੋ ਕਾਰਾਂ ਵੀ ਜ਼ਬਤ ਕੀਤੀਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਨਸ਼ਾ ਸਪਲਾਈ ਨੈੱਟਵਰਕ ਦੇ ਹੋਰ ਸਬੰਧਾਂ ਦਾ ਪਤਾ ਲਾਉਣ ਲਈ ਕੋਸ਼ਿਸ਼ਾਂ ਜਾਰੀ ਹਨ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਸਪੈਸ਼ਲ ਸੈਲ ਦੇ ਇੰਚਾਰਜ ਸਬ ਇੰਸਪੈਕਟਰ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਤਿਲਕ ਨਗਰ ਦੇ ਨਾਖਾ ਵਾਲਾ ਬਾਗ ਵਿਖੇ ਟੀ-ਪੁਆਇੰਟ ਨੇੜੇ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ, ਦਸ਼ਮੇਸ਼ ਨਗਰ ਵਾਲੇ ਪਾਸਿਓਂ ਆਉਂਦੀ ਇਕ ਚਿੱਟੇ ਰੰਗ ਦੀ ਕਾਰ ਦਿਖਾਈ ਦਿੱਤੀ। ਪੁਲਿਸ ਨੇ ਗੱਡੀ ਨੂੰ ਰੋਕਿਆ ਤੇ ਡਰਾਈਵਰ ਦੀ ਜਾਂਚ ਕੀਤੀ। ਡਰਾਈਵਰ ਦੀ ਪਛਾਣ ਦੀਪਕ ਉਰਫ਼ ਦੀਪੂ ਵਜੋਂ ਹੋਈ, ਜੋ ਮੂਲ ਰੂਪ ’ਚ ਹੁਸ਼ਿਆਰਪੁਰ ਦਾ ਰਹਿਣ ਵਾਲਾ ਸੀ ਤੇ ਇਸ ਸਮੇਂ ਨਿਊ ਦਿਓਲ ਨਗਰ ਐਕਸਟੈਂਸ਼ਨ, ਜਲੰਧਰ ਵਿਖੇ ਰਹਿ ਰਿਹਾ ਸੀ। ਪੁਲਿਸ ਅਨੁਸਾਰ ਕਾਰ ਦੀ ਤਲਾਸ਼ੀ ਲੈਣ 'ਤੇ ਇਕ ਕਿੱਲੋਗ੍ਰਾਮ ਹੈਰੋਇਨ ਤੇ 7 ਲੱਖ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ। ਇਸ ਤੋਂ ਬਾਅਦ, ਭਾਰਗੋ ਕੈਂਪ ਥਾਣੇ ’ਚ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਦੀਪਕ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਤੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਹਿਰਾਸਤ ਦੌਰਾਨ ਪੁੱਛਗਿੱਛ ਦੌਰਾਨ ਦੀਪਕ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਰਵੀ ਕੁਮਾਰ ਸਾਹਿਲ ਵਾਸੀ ਅੰਮ੍ਰਿਤਸਰ ਹਾਲ ਵਾਸੀ ਕਰੋਲਬਾਗ਼ ਨੂੰ 30 ਸਤੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਦੀ ਹੁੰਡਈ ਵਰਨਾ ਕਾਰ ਦੀ ਤਲਾਸ਼ੀ ਦੌਰਾਨ ਇਕ ਕਿੱਲੋਗ੍ਰਾਮ ਹੈਰੋਇਨ, ਇਕ .32 ਬੋਰ ਦਾ ਪਿਸਤੌਲ ਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ। ਉਨ੍ਹਾਂ ਦੱਸਿਆ ਕਿ ਦੀਪਕ ਉਰਫ਼ ਦੀਪੂ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਟ ਤਹਿਤ ਤਿੰਨ ਮਾਮਲੇ ਦਰਜ ਹਨ। ਇਨ੍ਹਾਂ ’ਚ 2022, 2024 ਤੇ 2025 ਦੌਰਾਨ ਹੁਸ਼ਿਆਰਪੁਰ ਦੇ ਵੱਖ-ਵੱਖ ਥਾਣਿਆਂ ’ਚ ਨਸ਼ਾ ਤਸਕਰੀ ਨਾਲ ਸਬੰਧਤ ਦਰਜ ਕੀਤੇ ਗਏ ਮਾਮਲੇ ਸ਼ਾਮਲ ਹਨ। ਦੂਜੇ ਪਾਸੇ, ਪੁਲਿਸ ਅਨੁਸਾਰ ਸਾਹਿਲ ਖ਼ਿਲਾਫ਼ ਪਹਿਲਾਂ ਕੋਈ ਅਪਰਾਧਿਕ ਮਾਮਲਾ ਦਰਜ ਨਹੀਂ ਹੈ।
----------------------
ਪੁਲਿਸ ਨੈੱਟਵਰਕ ’ਚ ਹੋਰ ਕੜੀਆਂ ਹੋ ਰਹੀ ਹੈ ਜਾਂਚ
ਸਪੈਸ਼ਲ ਸੈੱਲ ਦੋਵਾਂ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਿਹਾ ਹੈ। ਪੁਲਿਸ ਬਰਾਮਦ ਕੀਤੀ ਗਈ ਹੈਰੋਇਨ ਦੇ ਸਰੋਤ ਦਾ ਪਤਾ ਲਗਾਉਣ ਤੇ ਇਸ ਨੂੰ ਪ੍ਰਾਪਤ ਕਰਨ ਵਾਲਿਆਂ ਦੀ ਪਛਾਣ ਕਰਨ ਲਈ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ, ਪੁਲਿਸ ਕਥਿਤ ਸਪਲਾਈ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।