- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਸ਼ੇ ਦੇ ਖ਼ਿਲਾਫ਼ ਲੜਾਈ ਨੂੰ ਲੋਕ ਲਹਿਰ ਬਣਾਉਣਾ ਸਮੇਂ ਦੀ ਲੋੜ : ਪ੍ਰੋ. ਐੱਸਪੀ ਸਿੰਘ ਬਘੇਲ

ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਭਾਰਤੀ ਜਨਤਾ ਪਾਰਟੀ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਨਕੋਦਰ ਪੁੱਜਣ ’ਤੇ ਕੇਂਦਰੀ ਰਾਜ ਮੰਤਰੀ ਪ੍ਰੋ. ਐੱਸਪੀ ਸਿੰਘ ਬਘੇਲ ਨੇ ਭਗਤ ਸ੍ਰੀ ਰਵਿਦਾਸ ਨੂੰ ਨਤਮਸਤਕ ਹੋ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦਾ ਮਕਸਦ ਨਸ਼ਾ ਮੁਕਤ ਤੇ ਵਿਕਾਸਸ਼ੀਲ ਪੰਜਾਬ ਹੈ। ਉਨ੍ਹਾਂ ਅਨੁਸਾਰ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਨਹੀਂ, ਸਿੱਖਿਆ, ਰੁਜ਼ਗਾਰ ਤੇ ਅੱਗੇ ਵਧਣ ਦੇ ਮੌਕਿਆਂ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ‘ਯੁੱਧ ਨਸ਼ਿਆਂ ਵਿਰੁੱਧ’ ਨਾਅਰਾ ਅਮਲ ਦੀ ਥਾਂ ਇਸ਼ਤਿਹਾਰਾਂ ਤੱਕ ਸੀਮਤ ਦਿਖਾਈ ਦਿੰਦਾ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਪੰਜਾਬ ਪੁਲਿਸ ਦੀ ਅੱਤਵਾਦ ਵਿਰੁੱਧ ਲੜਾਈ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲਿਸ ਦੀ ਕਾਰਗੁਜ਼ਾਰੀ ਨੂੰ ਸਪੱਸ਼ਟ ਅਧਿਕਾਰ ਤੇ ਜਵਾਬਦੇਹੀ ਨਾਲ ਜੋੜਿਆ ਜਾਣਾ ਚਾਹੀਦਾ ਹੈ। ਯਾਤਰਾ ਦੇ ਕੋਆਰਡੀਨੇਟਰ ਤੇ ਭਾਜਪਾ ਦੇ ਮੀਤ ਪ੍ਰਧਾਨ ਰਵੀਕਰਨ ਸਿੰਘ ਕਾਹਲੋਂ ਨੇ ਕਿਹਾ ਕਿ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਸਿਰਫ਼ ਸਰਕਾਰ ਨਹੀਂ, ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਗਬੀਰ ਸਿੰਘ ਬਰਾੜ ਨੇ ਯਾਤਰਾ ਨੂੰ ਨਸ਼ਾ ਵਿਰੋਧੀ ਮੁਹਿੰਮ ਦੀ ਅਹਿਮ ਕੜੀ ਦੱਸਿਆ। ਇਸ ਮੌਕੇ ਸੀਨੀਅਰ ਭਾਜਪਾ ਆਗੂ ਸੁਸ਼ੀਲ ਕੁਮਾਰ ਰਿੰਕੂ, ਸੰਸਦ ਮੈਂਬਰ ਡਾ. ਅਮਰਜੀਤ ਸਿੰਘ ਥਿੰਦ, ਰਾਣਾ ਹਰਦੀਪ ਸਿੰਘ, ਦੀਪਕ ਸ਼ਰਮਾ, ਅਮਰਜੀਤ ਕੌਰ ਚੌਧਰੀ ਤੇ ਨਰੇਂਦਰ ਚੰਦੀ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਸਨ।