ਆਲੂਆਂ ਦੇ ਕਾਸ਼ਤਕਾਰਾਂ ਨੂੰ ਕਿਸਾਨਾਂ ਨੂੰ ਵਿਸ਼ੇਸ਼ ਰਾਹਤ ਪੈਕੇਜ ਦੇਵੇ ਸਰਕਾਰ : ਟੁਰਨਾ ਪੰਜਾਬ ਸਰਕਾਰ ਯੂਪੀ ਦੀ ਤਰਜ਼ ’ਤੇ ਨਕੋਦਰ ਤੇ ਸ਼ਾਹਕੋਟ ਦੇ ਆਲੂ ਕਿਸਾਨਾਂ ਨੂੰ ਵਿਸ਼ੇਸ਼ ਰਾਹਤ ਪੈਕੇਜ ਦੇਵੇ- ਰਵਿੰਦਰ ਸਿੰਘ ਟੁਰਨਾ
Publish Date: Fri, 23 Oct 2026 08:05 PM (IST)
Updated Date: Fri, 23 Oct 2026 08:06 PM (IST)
ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ ਪੰਜਾਬ ਕਾਂਗਰਸ ਦੇ ਨੌਜਵਾਨ ਆਗੂ ਰਵਿੰਦਰ ਸਿੰਘ ਟੁਰਨਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉੱਤਰ ਪ੍ਰਦੇਸ਼ (ਯੂਪੀ) ਸਰਕਾਰ ਦੀ ਤਰਜ਼ ’ਤੇ ਪੰਜਾਬ ਦੇ ਵਿਧਾਨ ਸਭਾ ਹਲਕਾ ਨਕੋਦਰ ਤੇ ਸ਼ਾਹਕੋਟ ਦੇ ਆਲੂ ਉਤਪਾਦਕ ਕਿਸਾਨਾਂ ਲਈ ਵਿਸ਼ੇਸ਼ ਆਰਥਿਕ ਰਾਹਤ ਪੈਕੇਜ ਦਾ ਐਲਾਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਕੋਦਰ ਤੇ ਸ਼ਾਹਕੋਟ ਦੇ ਕਈ ਪਿੰਡਾਂ ’ਚ ਆਲੂਆਂ ਦੀ ਖੇਤੀ ਕਿਸਾਨਾਂ ਦੀ ਆਮਦਨ ਦਾ ਮੁੱਖ ਸਾਧਨ ਹੈ, ਪਰ ਮੰਡੀ ’ਚ ਆਲੂਆਂ ਦੀਆਂ ਘੱਟ ਕੀਮਤਾਂ ਕਾਰਨ ਕਿਸਾਨਾਂ ਨੂੰ ਆਰਥਿਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੁਰਨਾ ਨੇ ਕਿਹਾ ਕਿ ਆਲੂਆਂ ਦੀ ਫ਼ਸਲ ਤਿਆਰ ਕਰਨ ਲਈ ਕਿਸਾਨਾਂ ਨੂੰ ਬੀਜ, ਖਾਦਾਂ, ਕੀਟਨਾਸ਼ਕ ਦਵਾਈਆਂ, ਡੀਜ਼ਲ, ਮਜ਼ਦੂਰੀ ਅਤੇ ਸਿੰਜਾਈ ’ਤੇ ਵੱਡਾ ਖ਼ਰਚ ਕਰਨਾ ਪੈਂਦਾ ਹੈ। ਇਸ ਦੇ ਬਾਵਜੂਦ ਜਦੋਂ ਮੰਡੀ ਵਿੱਚ ਫ਼ਸਲ ਦਾ ਉਚਿਤ ਭਾਅ ਨਹੀਂ ਮਿਲਦਾ ਤਾਂ ਕਿਸਾਨਾਂ ਲਈ ਆਪਣੀ ਲਾਗਤ ਪੂਰੀ ਕਰਨੀ ਵੀ ਮੁਸ਼ਕਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ’ਚ ਕਿਸਾਨਾਂ ਨੂੰ ਇਕੱਲੇ ਆਪਣੇ ਸਹਾਰੇ ਨਹੀਂ ਛੱਡਿਆ ਜਾਣਾ ਚਾਹੀਦਾ, ਸਗੋਂ ਸਰਕਾਰ ਨੂੰ ਉਨ੍ਹਾਂ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਆਲੂ ਉਤਪਾਦਕ ਕਿਸਾਨਾਂ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈ ਕੇ ਉਨ੍ਹਾਂ ਨੂੰ ਸਿੱਧੀ ਵਿੱਤੀ ਸਹਾਇਤਾ ਦੇਵੇ। ਇਸ ਦੇ ਨਾਲ ਹੀ ਕਿਸਾਨਾਂ ਦੀ ਫ਼ਸਲ ਲਈ ਲਾਹੇਵੰਦ ਭਾਅ ਯਕੀਨੀ ਬਣਾਉਣ, ਕੋਲਡ ਸਟੋਰੇਜ ਦੀਆਂ ਸਹੂਲਤਾਂ ਵਧਾਉਣ ਤੇ ਫ਼ਸਲ ਨੂੰ ਮੰਡੀ ਤੱਕ ਪਹੁੰਚਾਉਣ ਦੇ ਖ਼ਰਚੇ ਘਟਾਉਣ ਲਈ ਵੀ ਠੋਸ ਕਦਮ ਚੁੱਕੇ ਜਾਣ।