ਟਰੱਕ ਤੇ ਸਕੂਟਰੀ ਦੀ ਭਿਆਨਕ ਟੱਕਰ: ਮਾਂ ਗੰਭੀਰ ਜ਼ਖ਼ਮੀ, ਮਾਸੂਮ ਬੱਚੀ ਦੀ ਦਰਦਨਾਕ ਮੌਤ
ਗੁਰਾਇਆ ਨਜ਼ਦੀਕ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਟਰੱਕ ਅਤੇ ਐਕਟਿਵਾ ਸਕੂਟਰੀ ਦੀ ਟੱਕਰ ਹੋਣ ਕਾਰਨ ਇੱਕ ਮਾਸੂਮ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਜ਼ਖ਼ਮੀ ਹੋ ਗਈ।
Publish Date: Thu, 30 Jul 2026 04:09 PM (IST)
Updated Date: Thu, 30 Jul 2026 04:12 PM (IST)
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ। ਗੁਰਾਇਆ ਨਜ਼ਦੀਕ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਟਰੱਕ ਅਤੇ ਐਕਟਿਵਾ ਸਕੂਟਰੀ ਦੀ ਟੱਕਰ ਹੋਣ ਕਾਰਨ ਇੱਕ ਮਾਸੂਮ ਬੱਚੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੀ ਮਾਂ ਜ਼ਖ਼ਮੀ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਸਰਬਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਡਿਵਾਈਸ ਰਾਹੀਂ ਹਾਦਸੇ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਐੱਸ.ਐੱਸ.ਐੱਫ. ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ, ਜਿੱਥੇ ਇੱਕ ਟਰੱਕ ਅਤੇ ਐਕਟਿਵਾ ਵਿਚਾਲੇ ਟੱਕਰ ਹੋਈ ਸੀ।
ਉਨ੍ਹਾਂ ਦੱਸਿਆ ਕਿ ਐਕਟਿਵਾ ਸਕੂਟਰੀ ’ਤੇ ਵੰਦਨਾ ਪਤਨੀ ਰਾਜੀਵ ਆਪਣੇ ਪੁੱਤਰ ਆਰੂਸ਼ ਅਤੇ ਧੀ ਨਿਤਾਸ਼ਾ ਨਾਲ ਪਿੰਡ ਪਤਾਰਾ (ਰਾਮਾ ਮੰਡੀ) ਤੋਂ ਲੁਧਿਆਣਾ ਜਾ ਰਹੀ ਸੀ। ਪਰਿਵਾਰ ਦੇ ਦੱਸਣ ਅਨੁਸਾਰ ਟਰੱਕ ਚਾਲਕ ਨੇ ਸਕੂਟਰੀ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਟਰੀ ਬੇਕਾਬੂ ਹੋ ਕੇ ਸੜਕ ’ਤੇ ਡਿੱਗ ਗਈ। ਇਸ ਦੌਰਾਨ ਨਿਤਾਸ਼ਾ ਪੁੱਤਰੀ ਰਾਜੀਵ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਵੰਦਨਾ ਜ਼ਖ਼ਮੀ ਹੋ ਗਈ।
ਐੱਸ.ਐੱਸ.ਐੱਫ. ਦੀ ਟੀਮ ਵੱਲੋਂ ਪਰਿਵਾਰ ਨੂੰ ਹੌਂਸਲਾ ਦਿੰਦਿਆਂ ਪਾਣੀ ਪਿਲਾਇਆ ਗਿਆ ਅਤੇ ਤੁਰੰਤ ਥਾਣਾ ਗੁਰਾਇਆ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਡਿਊਟੀ ਅਫ਼ਸਰ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੂੰ ਟਰੱਕ ਅਤੇ ਉਸ ਦੇ ਚਾਲਕ ਨੂੰ ਹਵਾਲੇ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪੁਲਿਸ ਦੀ ਮੌਜੂਦਗੀ ਵਿੱਚ ਮ੍ਰਿਤਕ ਬੱਚੀ ਦੀ ਦੇਹ ਨੂੰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।