ਕਿਸ਼ਨਗੜ੍ਹ ਚੌਕ ’ਚ ਟਰੱਕ ਤੇ ਕਾਰ ਦੀ ਟੱਕਰ, ਕਾਰ ਨੁਕਸਾਨੀ ਕਿਸ਼ਨਗੜ੍ਹ ਚੌਕ ’ਚ ਟਰੱਕ ਤੇ ਕਾਰ ਦੀ ਟੱਕਰ, ਕਾਰ ਨੁਕਸਾਨੀ
Publish Date: Fri, 11 Sep 2026 07:12 PM (IST)
Updated Date: Sat, 12 Sep 2026 04:05 AM (IST)
- ਹਾਦਸੇ ’ਚ ਕੋਈ ਜ਼ਖ਼ਮੀ ਨਹੀਂ; ਪੁਲਿਸ ਨੇ ਦੋਵੇਂ ਵਾਹਨ ਕਬਜ਼ੇ ’ਚ ਲਏ ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਸਥਿਤ ਅੱਡਾ ਕਿਸ਼ਨਗੜ੍ਹ ਦੇ ਚੌਕ ਵਿਖੇ ਟਰੱਕ ਤੇ ਕਾਰ ਦੀ ਟੱਕਰ ਦੌਰਾਨ ਕਾਰ ਨੁਕਸਾਨੀ ਗਈ, ਜਦਕਿ ਕਿਸੇ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ। ਜਾਣਕਾਰੀ ਦਿੰਦਿਆਂ ਸੜਕ ਸੁਰੱਖਿਆ ਫੋਰਸ ਦੇ ਇੰਚਾਰਜ ਏਐੱਸਆਈ ਰਣਧੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਐੱਮਡੀਟੀ ਡਿਵਾਈਸ ਰਾਹੀਂ ਸਵੇਰੇ ਕਰੀਬ 10 ਵਜੇ ਹਾਦਸੇ ਦੀ ਸੂਚਨਾ ਮਿਲੀ। ਸੂਚਨਾ ਮਿਲਣ ਉਪਰੰਤ ਐੱਸਐੱਸਐੱਫ ਟੀਮ ਤੁਰੰਤ ਮੌਕੇ ’ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਟਰੱਕ (ਪੀਬੀ08-ਡੀਜੀ-2166) ਨੂੰ ਕੇਵਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਖਾਨਪੁਰ, ਬਾਬਾ ਬਕਾਲਾ ਚਲਾ ਰਿਹਾ ਸੀ। ਟਰੱਕ ਜਲੰਧਰ ਤੋਂ ਪਠਾਨਕੋਟ ਵੱਲ ਜਾ ਰਿਹਾ ਸੀ ਤੇ ਕਿਸ਼ਨਗੜ੍ਹ ਟ੍ਰੈਫਿਕ ਲਾਈਟਾਂ ’ਤੇ ਖੜ੍ਹਾ ਸੀ। ਇਸੇ ਦੌਰਾਨ ਵੈਗਨ ਆਰ ਕਾਰ (ਪੀਬੀ08-ਐੱਫ਼ਜ਼ੈੱਡ-0738), ਜਿਸ ਨੂੰ ਵਿਨੀਤ ਬਿੰਦਰ ਪੁੱਤਰ ਜਤਿੰਦਰ ਕੁਮਾਰ ਵਾਸੀ ਨਕੋਦਰ ਰੋਡ, ਜਲੰਧਰ ਚਲਾ ਰਿਹਾ ਸੀ, ਵੀ ਜਲੰਧਰ ਤੋਂ ਭੋਗਪੁਰ ਵੱਲ ਜਾਂਦਿਆਂ ਟ੍ਰੈਫਿਕ ਲਾਈਟਾਂ ’ਤੇ ਖੜ੍ਹੀ ਸੀ। ਏਐੱਸਆਈ ਰਣਧੀਰ ਸਿੰਘ ਅਨੁਸਾਰ ਸਿਗਨਲ ਹੋਣ ਉਪਰੰਤ ਦੋਵੇਂ ਵਾਹਨ ਚੱਲਣ ਲੱਗੇ ਤਾਂ ਆਪਸ ’ਚ ਟਕਰਾ ਗਏ। ਟੱਕਰ ਕਾਰਨ ਕਾਰ ਨੁਕਸਾਨੀ ਗਈ। ਹਾਦਸੇ ਤੋਂ ਬਾਅਦ ਦੋਵੇਂ ਧਿਰਾਂ ਵਿਚਕਾਰ ਬਹਿਸ ਵੀ ਹੋਈ। ਘਟਨਾ ਦੀ ਸੂਚਨਾ ਐੱਸਐੱਸਐੱਫ ਟੀਮ ਵੱਲੋਂ ਪੁਲਿਸ ਚੌਕੀ ਅਲਾਵਲਪੁਰ ਦੇ ਇੰਚਾਰਜ ਐੱਸਆਈ ਰਵਿੰਦਰ ਪਾਲ ਸਿੰਘ ਨੂੰ ਦਿੱਤੀ ਗਈ। ਇਸ ਉਪਰੰਤ ਪੁਲਿਸ ਚੌਕੀ ਅਲਾਵਲਪੁਰ ਵੱਲੋਂ ਕਾਂਸਟੇਬਲ ਰਣਜੀਤ ਸਿੰਘ ਨੂੰ ਮੌਕੇ ’ਤੇ ਭੇਜਿਆ ਗਿਆ। ਪੁਲਿਸ ਨੇ ਦੋਵੇਂ ਵਾਹਨਾਂ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੁਲਿਸ ਚੌਕੀ ਅਲਾਵਲਪੁਰ ਵਿਖੇ ਲਿਜਾਇਆ ਗਿਆ।