ਅੱਗ ਲੱਗਣ ਨਾਲ ਟਰਾਲਾ ਸੜ ਕੇ ਸੁਆਹ
ਪਰਾਲੀ ਨਾਲ ਭਰੇ ਟਰਾਲੇ ਨੂੰ ਅੱਗ, ਸੜ ਕੇ ਸੁਆਹ
Publish Date: Tue, 03 Nov 2026 06:41 PM (IST)
Updated Date: Tue, 03 Nov 2026 06:44 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਨੇੜਲੇ ਪਿੰਡ ਫ਼ਰੀਦ ਸਰਾਏ ਤਹਿ. ਸੁਲਤਾਨਪੁਰ ਲੋਧੀ (ਕਪੂਰਥਲਾ) ਤੋਂ ਲੰਘਦੇ ਹੋਏ ਪਰਾਲੀ ਨਾਲ ਭਰੇ ਹੋਏ ਆਰ ਜੇ 50 ਜੀ ਏ-1325 ਨੰਬਰ ਵਾਲੇ ਟਰੇਲਰ ਨੂੰ ਅੱਗ ਲੱਗ ਗਈ, ਜਿਸ ਨਾਲ ਉਹ ਸੜ ਕੇ ਸੁਆਹ ਹੋ ਗਿਆ। ਪਿੰਡ ਦੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਇਸ ਟਰਾਲੇ ਤੇ ਕਾਫ਼ੀ ਉੱਚੀਆਂ ਪਰਾਲੀ ਦੀਆਂ ਗੰਢਾਂ ਲੱਦੀਆਂ ਹੋਈਆਂ ਸਨ, ਜੋ ਗਿਆਰਾਂ ਹਜ਼ਾਰ ਵੋਲਟ ਵਾਲੀਆਂ ਤਾਰਾਂ ਨਾਲ ਟਕਰਾਅ ਗਈਆਂ, ਪਰਾਲੀ ਨੂੰ ਅੱਗ ਲੱਗ ਗਈ ਤੇ ਪਿੰਡ ਤੋਂ ਬਾਹਰ ਨਿਕਲਦੇ ਸਾਰ ਹੀ ਟਰਾਲਾ ਅੱਗ ਦੀ ਲਪੇਟ ’ਚ ਆ ਗਿਆ। ਅੱਗ ਨਾਲ ਸੜ ਰਹੀਆਂ ਕਈ ਗੰਢਾਂ ਟਰਾਲੇ ਤੋਂ ਡਿੱਗ ਕੇ ਖਿਲਰਦੀਆਂ ਰਹੀਆਂ ਜਿਨ੍ਹਾਂ ਨਾਲ ਨੇੜਲੇ ਖੇਤਾਂ ’ਚ ਖੜ੍ਹੀ ਪਰਾਲੀ ਨੂੰ ਵੀ ਅੱਗ ਪੈ ਗਈ। ਟਰਾਲੇ ਨੂੰ ਰਾਮ ਸਰੂਪ ਨਾਮ ਵਾਲਾ ਡਰਾਈਵਰ ਚਲਾ ਰਿਹਾ ਸੀ ਤੇ ਉਸ ਨੇ ਰਾਜਸਥਾਨ ਵਿਖੇ ਬੀਕਾਨੇਰ ਨੂੰ ਜਾਣਾ ਸੀ। ਉਸ ਨੇ ਕਿਹਾ ਕਿ ਉਸ ਨੂੰ ਅੱਗ ਲੱਗਣ ਦਾ ਪਤਾ ਹੀ ਨਹੀਂ ਲੱਗਾ। ਮੌਕੇ ’ਤੇ ਸੁਲਤਾਨਪੁਰ ਲੋਧੀ ਤੋਂ ਆਏ ਫਾਇਰ ਬਰਿਗੇਡ ਦੀਆਂ ਦੋ ਗੱਡੀਆਂ ਵੱਲੋਂ ਫੋਮ ਵਾਲੇ ਪਾਣੀ ਨਾਲ ਅੱਗ ’ਤੇ ਕਾਬੂ ਪਾਇਆ ਗਿਆ।