ਰੂਹ ਕੰਬਾਊ ਹਾਦਸਾ: ਪੰਚਰ ਟਾਇਰ ਬਦਲ ਰਹੇ ਟਰੱਕ ਨੂੰ ਪਰਾਲੀ ਨਾਲ ਭਰੀ ਟਰਾਲੀ ਨੇ ਮਾਰੀ ਟੱਕਰ, ਡਰਾਈਵਰ ਦੀ ਮੌਕੇ 'ਤੇ ਮੌਤ
ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੱਕ ਨੂੰ ਲੱਗਾ ਜੈਕ ਖਿਸਕ ਗਿਆ ਅਤੇ ਟਰੱਕ ਦਾ ਅੱਗਲਾ ਹਿੱਸਾ ਹੇਠਾਂ ਆਉਣ ਕਾਰਨ ਡਰਾਈਵਰ ਕਰਮਜੀਤ ਸਿੰਘ ਉਸ ਦੇ ਅਗਲੇ ਟਾਇਰ ਹੇਠਾਂ ਆ ਗਿਆ। ਹਾਦਸੇ ’ਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਗਿਆ ਕਿ ਟੱਕਰ ਮਾਰਨ ਵਾਲੀ ਟਰਾਲੀ ਮੌਕੇ ਤੋਂ ਫਰਾਰ ਹੋ ਗਈ।
Publish Date: Fri, 25 Sep 2026 03:25 PM (IST)
Updated Date: Fri, 25 Sep 2026 03:33 PM (IST)
ਫਿਲੌਰ, ਨਵਦੀਪ ਸਿੰਘ ਨਵੀ, ਪੰਜਾਬੀ ਜਾਗਰਣ। ਫਿਲੌਰ-ਗੋਰਾਇਆ ਜੀਟੀ ਰੋਡ ’ਤੇ ਹੇਅਰ ਹੋਟਲ ਦੇ ਸਾਹਮਣੇ ਬੁੱਧਵਾਰ ਦੇਰ ਰਾਤ ਵਾਪਰੇ ਸੜਕ ਹਾਦਸੇ ’ਚ ਟਰੱਕ ਡਰਾਈਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸਾ ਰਾਤ ਕਰੀਬ 11:32 ਵਜੇ ਵਾਪਰਿਆ।
ਮਿਲੀ ਜਾਣਕਾਰੀ ਅਨੁਸਾਰ ਈਚਰ ਟਰੱਕ ਨੰਬਰ PB13AB4047 ਦਾ ਟਾਇਰ ਫਟਣ ਕਾਰਨ ਡਰਾਈਵਰ ਕਰਮਜੀਤ ਸਿੰਘ ਵਾਸੀ ਪਿੰਡ ਰਤੋਲਾ, ਤਹਿਸੀਲ ਮਾਲੇਰਕੋਟਲਾ ਨੇ ਟਰੱਕ ਨੂੰ ਸੜਕ ਕਿਨਾਰੇ ਖੜ੍ਹਾ ਕਰਕੇ ਜੈਕ ਲਗਾਇਆ ਹੋਇਆ ਸੀ ਅਤੇ ਟਾਇਰ ਬਦਲ ਰਿਹਾ ਸੀ। ਇਸੇ ਦੌਰਾਨ ਪਿੱਛੋਂ ਆ ਰਹੀ ਪਰਾਲੀ ਦੀਆਂ ਗੱਠਾਂ ਨਾਲ ਭਰੀ ਟਰਾਲੀ ਨੇ ਟਰੱਕ ਨੂੰ ਟੱਕਰ ਮਾਰ ਦਿੱਤੀ।
ਟੱਕਰ ਇੰਨੀ ਜ਼ੋਰਦਾਰ ਸੀ ਕਿ ਟਰੱਕ ਨੂੰ ਲੱਗਾ ਜੈਕ ਖਿਸਕ ਗਿਆ ਅਤੇ ਟਰੱਕ ਦਾ ਅੱਗਲਾ ਹਿੱਸਾ ਹੇਠਾਂ ਆਉਣ ਕਾਰਨ ਡਰਾਈਵਰ ਕਰਮਜੀਤ ਸਿੰਘ ਉਸ ਦੇ ਅਗਲੇ ਟਾਇਰ ਹੇਠਾਂ ਆ ਗਿਆ। ਹਾਦਸੇ ’ਚ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਗਿਆ ਕਿ ਟੱਕਰ ਮਾਰਨ ਵਾਲੀ ਟਰਾਲੀ ਮੌਕੇ ਤੋਂ ਫਰਾਰ ਹੋ ਗਈ।
ਹਾਦਸੇ ਦੀ ਸੂਚਨਾ ਮਿਲਦੇ ਹੀ ਐੱਸਐੱਸਐੱਫ ਇੰਚਾਰਜ ਜਸਵਿੰਦਰ ਸਿੰਘ ਏਐੱਸਆਈ ਦੀ ਅਗਵਾਈ ਹੇਠ ਐੱਸਐੱਸਐੱਫ ਟੀਮ ਮੌਕੇ ’ਤੇ ਪਹੁੰਚੀ ਅਤੇ ਹਾਦਸੇ ਵਾਲੀ ਥਾਂ ’ਤੇ ਸੁਰੱਖਿਆ ਪ੍ਰਬੰਧ ਕੀਤੇ। ਟੀਮ ਵੱਲੋਂ ਥਾਣਾ ਫਿਲੌਰ ਦੇ ਡਿਊਟੀ ਅਫਸਰ ਨੂੰ ਹਾਦਸੇ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਵੱਲੋਂ ਮੌਕੇ ’ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ।
ਐੱਸਐੱਸਐੱਫ ਇੰਚਾਰਜ ਜਸਵਿੰਦਰ ਸਿੰਘ ਏਐੱਸਆਈ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਦੀ ਸੂਚਨਾ ਮਿਲਣ ਉਪਰੰਤ ਉਨ੍ਹਾਂ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਆਵਾਜਾਈ ਨੂੰ ਸੁਚਾਰੂ ਕਰਵਾਉਣ ਲਈ ਸੁਰੱਖਿਆ ਪ੍ਰਬੰਧ ਕੀਤੇ ਗਏ। ਕਰੇਨ ਦੀ ਮਦਦ ਨਾਲ ਹਾਦਸਾਗ੍ਰਸਤ ਟਰੱਕ ਨੂੰ ਸੜਕ ਤੋਂ ਹਟਾਇਆ ਗਿਆ। ਮ੍ਰਿਤਕ ਦੀ ਲਾਸ਼ ਨੂੰ ਪ੍ਰਾਈਵੇਟ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਫਿਲੌਰ ਭੇਜਿਆ ਗਿਆ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਟੱਕਰ ਮਾਰ ਕੇ ਫਰਾਰ ਹੋਈ ਟਰਾਲੀ ਦੀ ਪਛਾਣ ਲਈ ਆਸ-ਪਾਸ ਦੇ ਇਲਾਕੇ ਅਤੇ ਹੋਰ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਜਾਂਚ ਕੀਤੀ ਜਾ ਰਹੀ ਹੈ।