- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
25 ਤਹਿਸੀਲਦਾਰਾਂ ਅਤੇ 79 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ

-ਜਲੰਧਰ ਦੇ ਆਰਟੀਏ, ਸਬ ਰਜਿਸਟਰਾਰ ਤੇ 10 ਮਾਲ ਅਧਿਕਾਰੀ ਵੀ ਬਦਲੇ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਚੋਣਾਂ ਤੋਂ ਪਹਿਲਾਂ ਪੰਜਾਬ ਦੇ ਪ੍ਰਸ਼ਾਸਨਿਕ ਢਾਂਚੇ ਵਿੱਚ ਵੱਡਾ ਫੇਰਬਦਲ ਕਰਦਿਆਂ ਸਰਕਾਰ ਵੱਲੋਂ ਮਾਲ ਵਿਭਾਗ ਵਿੱਚ 104 ਅਧਿਕਾਰੀਆਂ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ। ਇਨ੍ਹਾਂ ’ਚ 25 ਤਹਿਸੀਲਦਾਰ ਅਤੇ 79 ਨਾਇਬ ਤਹਿਸੀਲਦਾਰ ਸ਼ਾਮਲ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਅਧਿਕਾਰੀਆਂ ਨੂੰ ਉਨ੍ਹਾਂ ਦੇ ਹੋਮ ਟਾਊਨ ਅਤੇ ਤਾਇਨਾਤੀ ਵਾਲੇ ਸਥਾਨਾਂ ਤੋਂ ਬਦਲਣ ਦੀ ਪ੍ਰਕਿਰਿਆ ਤਹਿਤ ਇਹ ਹੁਕਮ ਜਾਰੀ ਕੀਤੇ ਗਏ ਹਨ। ਇਸ ਫੇਰਬਦਲ ਦਾ ਅਸਰ ਜਲੰਧਰ ਦੇ ਕਈ ਅਹਿਮ ਦਫ਼ਤਰਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਟਰਾਂਸਪੋਰਟ ਵਿਭਾਗ ’ਚ ਜਲੰਧਰ ਦੇ ਆਰਟੀਏ ਬਲਜਿੰਦਰ ਸਿੰਘ ਢਿੱਲੋਂ ਨੂੰ ਖੰਨਾ ਵਿਖੇ ਐੱਸਡੀਐੱਮ ਦਾ ਚਾਰਜ ਦਿੱਤਾ ਗਿਆ ਹੈ। ਹੁਣ ਉਨ੍ਹਾਂ ਦੀ ਥਾਂ ਆਰੀਏ ਤੇ ਆਰਟੀਓ ਵਿਭਾਗ ਵਿੱਚ ਦੋ ਨਵੇਂ ਅਧਿਕਾਰੀਆਂ ਨੂੰ ਲਗਾਇਆ ਗਿਆ ਹੈ। ਇਸੇ ਤਰ੍ਹਾਂ ਜਲੰਧਰ ਦੇ ਸਬ ਰਜਿਸਟਰਾਰ ਦਫ਼ਤਰ ਵਿੱਚ ਵੀ ਵੱਡੀ ਤਬਦੀਲੀ ਹੋਈ ਹੈ। ਸਬ ਰਜਿਸਟਰਾਰ-1 ਗੁਰਪ੍ਰੀਤ ਸਿੰਘ ਨੂੰ ਜਲੰਧਰ ਤੋਂ ਗਿੱਦੜਬਾਹਾ ਭੇਜਿਆ ਗਿਆ ਹੈ। ਜੁਆਇੰਟ ਸਬ ਰਜਿਸਟਰਾਰ-2 ਰਵਨੀਤ ਕੌਰ ਨੂੰ ਗੁਰਦਾਸਪੁਰ ਤੇ ਜ਼ਿਲ੍ਹਾ ਰੈਵੇਨਿਊ ਅਫ਼ਸਰ (ਡੀਆਰਓ) ਨਵਦੀਪ ਸਿੰਘ ਭੋਗਲ ਦਾ ਵੀ ਤਬਾਦਲਾ ਕੀਤਾ ਗਿਆ ਹੈ।
----------------------------
25 ਤਹਿਸੀਲਦਾਰਾਂ ਦੀਆਂ ਬਦਲੀਆਂ
ਇਸੇ ਤਰ੍ਹਾਂ ਪੂਰੇ ਪੰਜਾਬ ਵਿੱਚੋਂ 25 ਤਹਿਸਲੀਦਾਰਾਂ ਦੀਆਂ ਬਦਲੀਆਂ ਵੀ ਕੀਤੀਆਂ ਗਈਆਂ, ਜਿਨ੍ਹਾਂ ਵਿੱਚ ਜਲੰਧਰ ਸਬ ਰਜਿਸਟਰਾਰ-1 ਦੇ ਗੁਰਪ੍ਰੀਤ ਸਿੰਘ ਦਾ ਨਾਂ ਵੀ ਸ਼ਾਮਲ ਹੈ। ਇਨ੍ਹਾਂ ਆਦੇਸ਼ਾਂ ਅਨੁਸਾਰ ਬਠਿੰਡਾ, ਤਰਨਤਾਰਨ, ਜਲੰਧਰ, ਦਿੱਲੀ, ਨਵਾਂ ਸ਼ਹਿਰ, ਮਜੀਠਾ, ਰਾਜਪੁਰਾ, ਸੁਨਾਮ, ਮੋਗਾ, ਤਲਵੰਡੀ ਸਾਬੋ, ਗੁਰੂ ਹਰਸਹਾਏ, ਬਾਬਾ ਬਕਾਲਾ, ਐੱਸ.ਡੀ.ਐੱਮ. ਨਗਰ, ਪਟਿਆਲਾ, ਲੁਧਿਆਣਾ, ਗਿੱਦੜਬਾਹਾ, ਸੰਗਰੂਰ, ਚਮਕੌਰ ਸਾਹਿਬ, ਪੁਰੀ, ਅਜਨਾਲਾ, ਫਰੀਦਕੋਟ, ਖੰਨਾ, ਰਾਏਕੋਟ, ਬਸੌੜ ਅਤੇ ਅੰਮ੍ਰਿਤਸਰ ਦੇ ਅਧਿਕਾਰੀਆਂ ਦੇ ਨਾਂ ਸ਼ਾਮਲ ਹਨ।
-------------------------
79 ਨਾਇਬ ਤਹਿਸੀਲਦਾਰਾਂ ਦੇ ਵੀ ਤਬਾਦਲੇ
ਨਾਇਬ ਤਹਿਸੀਲਦਾਰਾਂ ਦੀਆਂ 79 ਬਦਲੀਆਂ ਲਈ ਵੀ ਵੱਖਰੇ ਹੁਕਮ ਜਾਰੀ ਕੀਤੇ ਗਏ ਹਨ। ਇਨ੍ਹਾਂ ਵਿੱਚ ਜਲੰਧਰ, ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਬਠਿੰਡਾ, ਮੋਗਾ ਅਤੇ ਹੋਰ ਜ਼ਿਲ੍ਹਿਆਂ ਦੇ ਅਧਿਕਾਰੀ ਸ਼ਾਮਲ ਹਨ। ਇਸ ਤਰ੍ਹਾਂ ਚੋਣਾਂ ਤੋਂ ਪਹਿਲਾਂ ਮਾਲ ਤੇ ਟਰਾਂਸਪੋਰਟ ਵਿਭਾਗ ’ਚ ਵੱਡੀ ਪੱਧਰ ’ਤੇ ਅਧਿਕਾਰੀਆਂ ਦੀਆਂ ਤਾਇਨਾਤੀਆਂ ਬਦਲੀਆਂ ਗਈਆਂ ਹਨ।
-------------------------
10 ਜ਼ਿਲ੍ਹਾ ਮਾਲ ਅਫਸਰ ਵੀ ਬਦਲੇ
ਇਸੇ ਤਰ੍ਹਾਂ ਮਾਲ ਵਿਭਾਗ ਦੇ 10 ਜ਼ਿਲ੍ਹਾ ਮਾਲ ਅਫਸਰਾਂ (ਡੀਆਰਓ) ਦੀਆਂ ਬਦਲੀਆਂ ਵੀ ਕੀਤੀਆਂ ਗਈਆਂ ਹਨ, ਜਿਨ੍ਹਾਂ ’ਚ ਜਲੰਧਰ ਦੇ ਨਵਦੀਪ ਸਿੰਘ ਭੋਗਲ ਦਾ ਨਾਂ ਵੀ ਸ਼ਾਮਲ ਹੈ। ਭੋਗਲ ਨੂੰ ਜਲੰਧਰ ਤੋਂ ਲੁਧਿਆਣਾ ਲਾਇਆ ਗਿਆ ਹੈ ਤੇ ਉਨ੍ਹਾਂ ਮੋਗਾ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ। ਉਨ੍ਹਾਂ ਦੀ ਜਗ੍ਹਾ ਜਲੰਧਰ ਵਿਖੇ ਅਨਮਦੀਪ ਚਾਵਲਾ ਨੂੰ ਤਾਇਨਾਤ ਕੀਤਾ ਗਿਆ ਹੈ ਤੇ ਉਨ੍ਹਾਂ ਨੂੰ ਹੁਸ਼ਿਆਰਪੁਰ ਦਾ ਵਾਧੂ ਚਾਰਜ ਵੀ ਸੌਂਪਿਆ ਗਿਆ ਹੈ।