- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਬਾਦਲੇ ਨੂੰ ਅਦਾਲਤ ’ਚ ਚੁਣੌਤੀ, ਮੁੜ ਐੱਸਆਰ ਦੀ ਕੁਰਸੀ ’ਤੇ ਗੁਰਪ੍ਰੀਤ ਸਿੰਘ!

-ਐੱਸਆਰ-1 ਮਨਿੰਦਰ ਸਿੱਧੂ ਨੇ ਵੀ ਸਟੇਅ ਲਈ ਦਾਇਰ ਕੀਤੀ ਸੀ ਅਰਜ਼ੀ
-ਗੁਰਪ੍ਰੀਤ ਸਿੰਘ 47 ਤੇ ਲਵਪ੍ਰੀਤ ਸਿੰਘ ਨੇ ਕੀਤੇ 65 ਦਸਤਾਵੇਜ਼ ਦਰਜ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਸਬ ਰਜਿਸਟਰਾਰ ਜਲੰਧਰ-1 ਦੀ ਕੁਰਸੀ ਨੂੰ ਲੈ ਕੇ ਚੱਲ ਰਿਹਾ ਤਬਾਦਲਿਆਂ ਦਾ ਮਾਮਲਾ ਨਵੇਂ ਮੋੜ ’ਤੇ ਪਹੁੰਚ ਗਿਆ ਹੈ। ਆਪਣੇ ਤਬਾਦਲੇ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ’ਚ ਚੁਣੌਤੀ ਦੇਣ ਵਾਲੇ ਗੁਰਪ੍ਰੀਤ ਸਿੰਘ ਨੇ ਬੁੱਧਵਾਰ ਨੂੰ ਮੁੜ ਬਤੌਰ ਸਬ ਰਜਿਸਟਰਾਰ ਕੰਮ ਕੀਤਾ। ਐੱਨਜੀਡੀਆਰਐੱਸ ਦੇ ਸਰਕਾਰੀ ਡੈਸ਼ਬੋਰਡ ਅਨੁਸਾਰ 18 ਨਵੰਬਰ ਨੂੰ ਉਨ੍ਹਾਂ ਦੀ ਆਈਡੀ ਹੇਠ ਕੁੱਲ 49 ਦਸਤਾਵੇਜ਼ਾਂ ਦੀਆਂ ਐਂਟਰੀਆਂ ਦਰਜ ਹੋਈਆਂ। ਇਨ੍ਹਾਂ ਵਿੱਚੋਂ 47 ਰਜਿਸਟਰਡ ਹੋਏ, 2 ਦਾ ਸਟੇਟਸ ਸਬਮਿਟਿਡ ਅਤੇ ਇਕ ਦਾ ਰਜਿਸਟ੍ਰੇਸ਼ਨ ਪ੍ਰੋਸੈੱਸ ਸੀ। ਤਬਾਦਲੇ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਵੱਲੋਂ ਮੁੜ ਕੰਮ ਕਰਨ ਨਾਲ ਵਿਭਾਗੀ ਤਾਇਨਾਤੀ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਇਸੇ ਤਰ੍ਹਾਂ ਜੁਆਇੰਟ ਸਬ ਰਜਿਸਟਰਾਰ ਲਵਪ੍ਰੀਤ ਸਿੰਘ ਦੀ ਆਈਡੀ ’ਚ ਕੁਲ 65 ਦਸਤਾਵੇਜ਼ਾਂ ਦੀ ਐਂਟਰੀ ਹੋਈ, ਜਿਨ੍ਹਾਂ ਵਿੱਚੋਂ 9 ਦਸਤਾਵੇਜ਼ ਸਬਮਿਟਿਡ ਤੇ 2 ਪੈਂਡਿਗਾਂ ਸਣੇ ਰਜਿਸਟਰੀਆਂ 25, ਗਿਰਵੀਨਾਮਾ 14, ਤਬਾਦਲਾਨਾਮਾ 8, ਅਟਾਰਨੀਆਂ 7, ਕਨਵੇਅੰਸ ਡੀਡ 4, ਲੀਜ਼ ਡੀਡ 2, ਵਸੀਅਤਾਂ 2, ਮਨਸੁੱਖੀ ਮੁਖਤਾਰਨਾਮਾ 1, ਗਿਫਟ ਡੀਡ 1, ਤਤੀਮਾਨਾਮਾ 1 ਦਰਜ ਕੀਤੇ ਗਏ ਸਨ। ਪੰਜਾਬ ਸਰਕਾਰ ਵੱਲੋਂ ਕੀਤੇ ਪ੍ਰਸ਼ਾਸਨਿਕ ਫੇਰਬਦਲ ਦੌਰਾਨ ਗੁਰਪ੍ਰੀਤ ਸਿੰਘ ਦਾ ਤਬਾਦਲਾ ਜਲੰਧਰ-1 ਤੋਂ ਗਿੱਦੜਬਾਹਾ ਕਰ ਦਿੱਤਾ ਗਿਆ ਸੀ। ਉਨ੍ਹਾਂ ਦੀ ਥਾਂ ਹਰਦੀਪ ਸਿੰਘ ਤੇ ਲਵਪ੍ਰੀਤ ਸਿੰਘ ਨੂੰ ਜੁਆਇੰਟ ਸਬ ਰਜਿਸਟਰਾਰ ਵਜੋਂ ਤਾਇਨਾਤ ਕਰਨ ਦੇ ਹੁਕਮ ਜਾਰੀ ਹੋਏ ਸਨ। ਬਾਅਦ ’ਚ ਹਰਦੀਪ ਸਿੰਘ ਦਾ ਤਬਾਦਲਾ ਹੁਸ਼ਿਆਰਪੁਰ ਕਰ ਦਿੱਤਾ ਗਿਆ, ਜਦਕਿ ਲਵਪ੍ਰੀਤ ਸਿੰਘ ਨੇ ਮੰਗਲਵਾਰ ਨੂੰ ਜਲੰਧਰ ’ਚ ਕਾਰਜਭਾਰ ਸੰਭਾਲ ਲਿਆ ਸੀ। ਮਾਰਚ 2027 ਵਿੱਚ ਸੇਵਾਮੁਕਤ ਹੋਣ ਵਾਲੇ ਗੁਰਪ੍ਰੀਤ ਸਿੰਘ ਨੇ ਆਪਣੇ ਤਬਾਦਲੇ ਨੂੰ ਹਾਈਕੋਰਟ ਵਿੱਚ ਚੁਣੌਤੀ ਦਿੱਤੀ ਹੈ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਨੇ ਸੇਵਾਮੁਕਤੀ ਦੇ ਕੁਝ ਮਹੀਨੇ ਪਹਿਲਾਂ ਦੂਰ ਤਬਾਦਲਾ ਕੀਤੇ ਜਾਣ ਦਾ ਮੁੱਦਾ ਅਦਾਲਤ ’ਚ ਉਠਾਇਆ ਹੈ। ਸੂਤਰਾਂ ਅਨੁਸਾਰ ਇਸ ਮਾਮਲੇ ਵਿੱਚ ਅੰਤਰਿਮ ਰਾਹਤ ਮਿਲਣ ਦੀ ਚਰਚਾ ਹੈ ਪਰ ਅਦਾਲਤੀ ਹੁਕਮਾਂ ਦੀ ਕਾਪੀ ਅਤੇ ਉਨ੍ਹਾਂ ਦੀਆਂ ਸ਼ਰਤਾਂ ਦੀ ਅਧਿਕਾਰਤ ਪੁਸ਼ਟੀ ਅਜੇ ਨਹੀਂ ਹੋਈ। ਇਸ ਲਈ ਉਨ੍ਹਾਂ ਵੱਲੋਂ ਮੁੜ ਕੰਮ ਕਰਨ ਨੂੰ ਸਿੱਧੇ ਤੌਰ ’ਤੇ ਸਟੇਅ ਦਾ ਨਤੀਜਾ ਨਹੀਂ ਕਿਹਾ ਜਾ ਸਕਦਾ।
--------------------------
ਮਨਿੰਦਰ ਸਿੱਧੂ ਦੀ ਅਰਜ਼ੀ ਵੀ ਚਰਚਾ ’ਚ
ਦੂਜੇ ਪਾਸੇ ਮਨਿੰਦਰ ਸਿੰਘ ਸਿੱਧੂ ਨੇ ਵੀ ਆਪਣੇ ਤਬਾਦਲੇ ਦੇ ਹੁਕਮਾਂ ਖ਼ਿਲਾਫ਼ ਹਾਈਕੋਰਟ ’ਚ ਸਟੇਅ ਦੀ ਅਰਜ਼ੀ ਦਾਇਰ ਕੀਤੀ ਸੀ। ਹਾਲਾਂਕਿ, ਉਨ੍ਹਾਂ ਦੇ ਮਾਮਲੇ ਵਿੱਚ ਤਬਾਦਲੇ ’ਤੇ ਰੋਕ ਲੱਗਣ ਦੀ ਪੁਸ਼ਟੀ ਸਾਹਮਣੇ ਨਹੀਂ ਆਈ। ਦੋਵਾਂ ਅਧਿਕਾਰੀਆਂ ਦੇ ਮਾਮਲਿਆਂ ਨੇ ਵਿਭਾਗੀ ਤਬਾਦਲਿਆਂ ਅਤੇ ਅਗਲੀ ਤਾਇਨਾਤੀ ਨੂੰ ਲੈ ਕੇ ਨਵੇਂ ਸਵਾਲ ਖੜ੍ਹੇ ਕਰ ਦਿੱਤੇ ਹਨ।
----------------------------
ਹੁਣ 2 ਜੇਐੱਸਆਰ ਸੰਭਾਲਣਗੇ ਦਫਤਰ
ਜ਼ਿਕਰਯੋਗ ਹੈ ਕਿ ਜਲੰਧਰ-1 ਵਿੱਚ ਪਹਿਲਾਂ ਜੁਆਇੰਟ ਸਬ ਰਜਿਸਟਰਾਰ ਹੀ ਰਜਿਸਟਰੀਆਂ ਦਾ ਕੰਮ ਸੰਭਾਲਦੇ ਰਹੇ ਹਨ, ਜਦਕਿ ਸਰਕਾਰ ਨੇ ਗੁਰਪ੍ਰੀਤ ਸਿੰਘ ਨੂੰ ਸਿੱਧੇ ਤੌਰ ’ਤੇ ਸਬ ਰਜਿਸਟਰਾਰ ਤਾਇਨਾਤ ਕੀਤਾ ਗਿਆ ਸੀ। ਹੁਣ ਉਨ੍ਹਾਂ ਦੇ ਤਬਾਦਲੇ ਨੂੰ ਚੁਣੌਤੀ ਤੇ ਲਵਪ੍ਰੀਤ ਸਿੰਘ ਦੀ ਨਵੀਂ ਤਾਇਨਾਤੀ ਵਿਚਾਲੇ ਵਿਭਾਗ ਲਈ ਅਗਲਾ ਫੈਸਲਾ ਅਹਿਮ ਹੋਵੇਗਾ। ਜੇਕਰ ਗੁਰਪ੍ਰੀਤ ਸਿੰਘ ਨੂੰ ਅਦਾਲਤ ਤੋਂ ਰਾਹਤ ਮਿਲਦੀ ਹੈ ਤਾਂ ਜਲੰਧਰ-1 ’ਚ ਦੋਵਾਂ ਅਧਿਕਾਰੀਆਂ ਦੀ ਭੂਮਿਕਾ ਅਤੇ ਕਾਰਜਭਾਰ ਬਾਰੇ ਨਵਾਂ ਹੁਕਮ ਜਾਰੀ ਕਰਨਾ ਪੈ ਸਕਦਾ ਹੈ। ਫਿਲਹਾਲ ਇਹ ਸਪੱਸ਼ਟ ਹੋਣਾ ਬਾਕੀ ਹੈ ਕਿ ਗੁਰਪ੍ਰੀਤ ਸਿੰਘ ਨੇ ਕਿਸ ਵਿਭਾਗੀ ਜਾਂ ਅਦਾਲਤੀ ਹੁਕਮ ਦੇ ਆਧਾਰ ’ਤੇ ਮੁੜ ਕੰਮ ਕੀਤਾ।