- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੂਰਮਹਿਲ ਰੋਡ ’ਤੇ ਟ੍ਰੈਫਿਕ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ, ਬਿਨਾਂ ਨੰਬਰ ਪਲੇਟਾਂ ਵਾਲੇ ਮੋਟਰਸਾਈਕਲਾਂ ’ਤੇ ਤਿੰਨ-ਤਿੰਨ ਨੌਜਵਾਨ ਕਰ ਰਹੇ ਨੇ ਸਫ਼ਰ

-ਇਲਾਕਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ’ਤੇ ਚੁੱਕੇ ਸਵਾਲ
-ਨਾਕਿਆਂ ’ਤੇ ਆਮ ਲੋਕਾਂ ਦੇ ਹੀ ਚਲਾਨ ਕੱਟਣ ਦੇ ਲਾਏ ਦੋਸ਼
ਰੇਸ਼ਮ ਲਾਲ, ਪੰਜਾਬੀ ਜਾਗਰਣ, ਬਿਲਗਾ : ਨੂਰਮਹਿਲ ਰੋਡ ’ਤੇ ਖ਼ਾਸ ਕਰਕੇ ਐਤਵਾਰ ਤੇ ਵੀਰਵਾਰ ਨੂੰ ਟ੍ਰੈਫਿਕ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਇਸ ਮੁੱਖ ਸੜਕ ’ਤੇ ਬਿਨਾਂ ਨੰਬਰ ਪਲੇਟਾਂ ਵਾਲੇ ਮੋਟਰਸਾਈਕਲਾਂ ’ਤੇ ਤਿੰਨ-ਤਿੰਨ ਨੌਜਵਾਨ ਸਵਾਰ ਹੋ ਕੇ ਬੇਖ਼ੌਫ਼ ਘੁੰਮਦੇ ਆਮ ਦੇਖੇ ਜਾ ਸਕਦੇ ਹਨ। ਕਈ ਵਾਰ ਇਹ ਨੌਜਵਾਨ ਬਿਨਾਂ ਹੈਲਮੇਟ ਦੇ ਵੀ ਸਫ਼ਰ ਕਰਦੇ ਹਨ, ਜਿਸ ਕਾਰਨ ਸੜਕ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ਦਾ ਕਹਿਣਾ ਹੈ ਕਿ ਨੂਰਮਹਿਲ ਰੋਡ ’ਤੇ ਪੁਲਿਸ ਵੱਲੋਂ ਸਮੇਂ-ਸਮੇਂ ’ਤੇ ਨਾਕੇ ਲਗਾਏ ਜਾਂਦੇ ਹਨ ਪਰ ਇਸ ਦੇ ਬਾਵਜੂਦ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਕੋਈ ਖ਼ਾਸ ਅਸਰ ਦਿਖਾਈ ਨਹੀਂ ਦੇ ਰਿਹਾ। ਲੋਕਾਂ ਨੇ ਦੋਸ਼ ਲਗਾਇਆ ਕਿ ਪੁਲਿਸ ਨਾਕਿਆਂ ਦੌਰਾਨ ਜ਼ਿਆਦਾਤਰ ਆਮ ਤੇ ਗ਼ਰੀਬ ਲੋਕਾਂ ਦੇ ਹੀ ਚਲਾਨ ਕੱਟੇ ਜਾਂਦੇ ਹਨ, ਜਦਕਿ ਬਿਨਾਂ ਨੰਬਰ ਪਲੇਟਾਂ ਤੇ ਟ੍ਰਿਪਲ ਸਵਾਰੀ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤੀ ਨਹੀਂ ਵਰਤੀ ਜਾਂਦੀ। ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਨੂਰਮਹਿਲ ਰੋਡ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ ਤੇ ਬਿਨਾਂ ਨੰਬਰ ਪਲੇਟਾਂ, ਬਿਨਾਂ ਹੈਲਮੇਟ ਤੇ ਤਿੰਨ ਸਵਾਰੀਆਂ ਵਾਲੇ ਮੋਟਰਸਾਈਕਲਾਂ ਖ਼ਿਲਾਫ਼ ਬਿਨਾਂ ਕਿਸੇ ਪੱਖਪਾਤ ਦੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਸੜਕ ਸੁਰੱਖਿਆ ਯਕੀਨੀ ਬਣਾਈ ਜਾ ਸਕੇ।