ਰਾਮਾ ਮੰਡੀ ਥਾਣੇ ਦੇ ਹਟਾਏ ਜਾਣ ਕਬਜ਼ੇ : ਰਵਿਸ਼ ਰਾਜ ਰਾਮਾ ਮੰਡੀ ਥਾਣੇ ਦੇ ਬਾਹਰ ਜ਼ਬਤ ਵਾਹਨਾਂ ਕਾਰਨ ਟ੍ਰੈਫਿਕ ਦਾ ਬੁਰਾ ਹਾਲ, ਕਬਜ਼ੇ ਹਟਾਏ ਜਾਣ: ਰਵਿਸ਼ ਰਾਜ
Publish Date: Thu, 10 Sep 2026 08:51 PM (IST)
Updated Date: Thu, 10 Sep 2026 08:52 PM (IST)
-ਜ਼ਬਤ ਵਾਹਨਾਂ ਦੀ ਸਮੇਂ ਸਿਰ ਨਿਲਾਮੀ ਕਰਵਾਉਣ ਤੇ ਪੁਲਿਸ ਨੂੰ ਢੁੱਕਵੀਂ ਜਗ੍ਹਾ ਮੁਹੱਈਆ ਕਰਵਾਉਣ ਦੀ ਮੰਗ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸੀ ਆਗੂ ਤੇ ਪੰਜਾਬ ਬ੍ਰਾਹਮਣ ਬੋਰਡ ਦੇ ਸਾਬਕਾ ਡਾਇਰੈਕਟਰ ਰਵਿਸ਼ ਰਾਜ ਸ਼ਰਮਾ ਨੇ ਰਾਮਾ ਮੰਡੀ ਥਾਣੇ ਦੇ ਬਾਹਰ ਸੜਕ ਤੇ ਖੜ੍ਹੇ ਕੀਤੇ ਗਏ ਜ਼ਬਤ ਵਾਹਨਾਂ ਨੂੰ ਲੈ ਕੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਵੱਲੋਂ ਸੜਕ ਤੇ ਹੀ ਕਬਜ਼ਾ ਕਰਕੇ ਇਹ ਵਾਹਨ ਖੜ੍ਹੇ ਕੀਤੇ ਗਏ ਹਨ, ਜਿਸ ਕਾਰਨ ਪੌਸ਼ ਇਲਾਕਿਆਂ ਗੁਰੂ ਗੋਬਿੰਦ ਸਿੰਘ ਐਵੇਨਿਊ ਤੇ ਸੂਰਿਆ ਐਨਕਲੇਵ ਦੇ ਵਸਨੀਕਾਂ ਨੂੰ ਆਉਣ-ਜਾਣ ’ਚ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਵਿਸ਼ ਰਾਜ ਨੇ ਗ੍ਰਹਿ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਇਸ ਮਾਮਲੇ ’ਚ ਤੁਰੰਤ ਦਖ਼ਲ ਦੇ ਕੇ ਪੁਲਿਸ ਨੂੰ ਸੜਕ ਖਾਲੀ ਕਰਵਾਉਣ ਦੇ ਹੁਕਮ ਦਿੱਤੇ ਜਾਣ, ਤਾਂ ਜੋ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕੇਸ ਪ੍ਰਾਪਰਟੀ ਵਜੋਂ ਜ਼ਬਤ ਕੀਤੇ ਗਏ ਵਾਹਨਾਂ ਦੀ ਸਮੇਂ-ਸਮੇਂ ਤੇ ਨਿਯਮਾਂ ਅਨੁਸਾਰ ਨਿਲਾਮੀ ਕਰਵਾਈ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਥਾਣਿਆਂ ਦੇ ਨੇੜੇ ਜ਼ਬਤ ਵਾਹਨਾਂ ਨੂੰ ਰੱਖਣ ਲਈ ਢੁੱਕਵੀਂ ਸਰਕਾਰੀ ਜਗ੍ਹਾ ਮੁਹੱਈਆ ਕਰਵਾਉਣੀ ਚਾਹੀਦੀ ਹੈ। ਇਸ ਸਮੇਂ ਰਾਮਾ ਮੰਡੀ ਥਾਣੇ ਦੇ ਬਾਹਰ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ’ਚ ਜ਼ਬਤ ਕੀਤੇ ਦੋਪਹੀਆ ਤੇ ਚਾਰਪਹੀਆ ਵਾਹਨ ਖੜ੍ਹੇ ਕੀਤੇ ਹੋਏ ਹਨ। ਰਵਿਸ਼ ਰਾਜ ਨੇ ਸਰਕਾਰ ਤੋਂ ਮੰਗ ਕੀਤੀ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ, ਸੜਕ ਤੋਂ ਸਾਰੇ ਕਬਜ਼ੇ ਹਟਾਏ ਜਾਣ।।