- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਪਾਰੀ ਤੇ ਉਦਯੋਗ ਪੰਜਾਬ ਦੀ ਅਰਥਵਿਵਸਥਾ ਦੀ ਰੀੜ ਦੀ ਹੱਡੀ, ਹਰ ਜਾਇਜ਼ ਸਮੱਸਿਆ ਦਾ ਸਮੇਂਬੱਧ ਹੱਲ ਹੋਵੇਗਾ: ਨਿਤਿਨ ਕੋਹਲੀ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਪੰਜਾਬ ਟਰੇਡ ਵਿੰਗ ਵੱਲੋਂ ਮੀਟਿੰਗ ਕਰਵਾਈ, ਜਿਸ ’ਚ ਵਪਾਰੀਆਂ ਦੀਆਂ ਵੱਖ-ਵੱਖ ਸਮੱਸਿਆਵਾਂ ਤੇ ਉਨ੍ਹਾਂ ਦੇ ਹੱਲ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ਵਪਾਰ ਜਗਤ ਨਾਲ ਸਬੰਧਤ ਕਈ ਪ੍ਰਤਿਨਿਧੀਆਂ ਨੇ ਹਿੱਸਾ ਲੈਂਦਿਆਂ ਆਪਣੇ ਮੁੱਦੇ ਖੁੱਲ੍ਹ ਕੇ ਰੱਖੇ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਜਲੰਧਰ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦੇ ਹੋਏ ਵਪਾਰੀਆਂ ਨੂੰ ਸੰਬੋਧਨ ਕੀਤਾ। ਮੀਟਿੰਗ ’ਚ ਜ਼ਿਲ੍ਹਾ ਪ੍ਰਧਾਨ ਇੰਦਰਵੰਸ਼ ਚੱਢਾ, ਸਟੇਟ ਮੈਂਬਰ ਰਿੱਕੀ ਮਨੋਚਾ, ਜਲੰਧਰ ਦੇ ਮੇਅਰ ਵਿਨੀਤ ਧੀਰ ਤੇ ਰਾਜਵਿੰਦਰ ਥਾਇਰਾ ਸਮੇਤ ਕਈ ਪ੍ਰਮੁੱਖ ਆਗੂ ਤੇ ਵਪਾਰੀ ਭਰਾ ਮੌਜੂਦ ਸਨ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਡੀਈਟੀਸੀ ਦਲਬੀਰ ਰਾਜ ਕੌਰ, ਐਡੀਸ਼ਨਲ ਡਿਪਟੀ ਕਮਿਸ਼ਨਰ ਅਮਨਇੰਦਰ ਕੌਰ ਬਰਾੜ, ਸੁਖਵਿੰਦਰ ਸਿੰਘ ਤੇ ਐੱਸਪੀ ਹੈੱਡਕੁਆਰਟਰ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ, ਜਿਨ੍ਹਾਂ ਨੇ ਵਪਾਰੀਆਂ ਦੀਆਂ ਸਮੱਸਿਆਵਾਂ ਧਿਆਨ ਨਾਲ ਸੁਣੀਆਂ ਤੇ ਸਬੰਧਤ ਮਾਮਲਿਆਂ ’ਤੇ ਕਾਰਵਾਈ ਦਾ ਭਰੋਸਾ ਦਿਵਾਇਆ।
ਆਪਣੇ ਸੰਬੋਧਨ ’ਚ ਨਿਤਿਨ ਕੋਹਲੀ ਨੇ ਕਿਹਾ ਕਿ ਵਪਾਰੀ ਵਰਗ ਕਿਸੇ ਵੀ ਸ਼ਹਿਰ ਤੇ ਰਾਜ ਦੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੁੰਦਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਸਰਕਾਰ ਤੇ ਪਾਰਟੀ ਵਪਾਰੀਆਂ ਦੇ ਅਧਿਕਾਰਾਂ, ਸੁਵਿਧਾਵਾਂ ਤੇ ਸੁਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਵਪਾਰ ਤੇ ਉਦਯੋਗ ਦਾ ਮਜ਼ਬੂਤ ਹੋਣਾ ਹੀ ਸੂਬੇ ਦੀ ਖੁਸ਼ਹਾਲੀ ਦਾ ਆਧਾਰ ਹੈ। ਮੀਟਿੰਗ ਦੌਰਾਨ ਵਪਾਰੀਆਂ ਨੇ ਲਾਇਸੈਂਸ ਸਬੰਧੀ ਦਿੱਕਤਾਂ, ਟੈਕਸ ਮਸਲੇ, ਬੁਨਿਆਦੀ ਢਾਂਚੇ ਦੀ ਘਾਟ ਤੇ ਸਥਾਨਕ ਪੱਧਰ ਦੀਆਂ ਪ੍ਰਸ਼ਾਸਕੀ ਸਮੱਸਿਆਵਾਂ ਨੂੰ ਉਠਾਇਆ। ਨਿਤਿਨ ਕੋਹਲੀ ਨੇ ਹਰ ਇਕ ਮਸਲੇ ਨੂੰ ਗੰਭੀਰਤਾ ਨਾਲ ਸੁਣਦਿਆਂ ਭਰੋਸਾ ਦਿਵਾਇਆ ਕਿ ਇਹ ਸਾਰੇ ਮੁੱਦੇ ਸਬੰਧਤ ਵਿਭਾਗਾਂ ਤੱਕ ਪਹੁੰਚਾ ਕੇ ਜਲਦ ਤੇ ਪ੍ਰਭਾਵਸ਼ਾਲੀ ਹੱਲ ਯਕੀਨੀ ਬਣਾਇਆ ਜਾਵੇਗਾ।
ਉਨ੍ਹਾਂ ਨੇ ਕਿਹਾ ਕਿ ਕੇਵਲ ਸਮੱਸਿਆ ਦੱਸਣਾ ਹੀ ਕਾਫੀ ਨਹੀਂ, ਸਗੋਂ ਉਸ ਦਾ ਲਗਾਤਾਰ ਫਾਲੋਅਪ ਕਰਨਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਸਬੰਧਤ ਵਿਭਾਗਾਂ ਤੇ ਆਪਣੇ ਖੇਤਰੀ ਪ੍ਰਤਿਨਿਧੀਆਂ ਨਾਲ ਨਿਰੰਤਰ ਸੰਪਰਕ ’ਚ ਰਹਿਣ ਤਾਂ ਜੋ ਸਮੱਸਿਆਵਾਂ ਦਾ ਸਮੇਂ ਸਿਰ ਨਿਪਟਾਰਾ ਹੋ ਸਕੇ। ਅੰਤ ’ਚ ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਪੰਜਾਬ ਟਰੇਡ ਵਿੰਗ ਤੇ ਪਾਰਟੀ ਹਮੇਸ਼ਾ ਵਪਾਰੀਆਂ ਦੇ ਨਾਲ ਖੜ੍ਹੀ ਰਹੇਗੀ ਤੇ ਉਨ੍ਹਾਂ ਦੀ ਹਰ ਜਾਇਜ਼ ਮੰਗ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕਰਦੀ ਰਹੇਗੀ। ਉਨ੍ਹਾਂ ਨੇ ਕਿਹਾ ਕਿ ਵਪਾਰੀ ਹਿੱਤਾਂ ਦੀ ਰੱਖਿਆ ਤੇ ਉਦਯੋਗਿਕ ਵਿਕਾਸ ਲਈ ਸਾਂਝੇ ਉਪਰਾਲੇ ਹੀ ਪੰਜਾਬ ਨੂੰ ਨਵੀਆਂ ਉੱਚਾਈਆਂ ‘ਤੇ ਲੈ ਜਾਣਗੇ।