ਪੰਜਾਬ ਦੀ ਆਰਥਿਕ ਤਰੱਕੀ ਲਈ ਗੁਆਂਢੀ ਮੁਲਕਾਂ ਨਾਲ ਵਪਾਰਕ ਸਾਂਝ ਜ਼ਰੂਰੀ : ਮਾਨ ਪੰਜਾਬ ਦੀ ਆਰਥਿਕ ਤਰੱਕੀ ਲਈ ਗੁਆਂਢੀ ਮੁਲਕਾਂ ਨਾਲ ਵਪਾਰਕ ਸਾਂਝ ਜ਼ਰੂਰੀ : ਮਾਨ
Publish Date: Wed, 02 Sep 2026 06:17 PM (IST)
Updated Date: Wed, 02 Sep 2026 06:19 PM (IST)
-ਵੰਦੇ ਮਾਤਰਮ ਦੇ ਲਾਜ਼ਮੀ ਗਾਇਨ ਨੂੰ ਸਿੱਖ ਸਿਧਾਂਤਾਂ ’ਤੇ ਹਮਲਾ ਦੱਸਿਆ ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਪੰਜਾਬ ਦੀ ਆਰਥਿਕਤਾ ਨੂੰ ਮੁੜ ਪੈਰਾਂ ’ਤੇ ਖੜ੍ਹਾ ਕਰਨ ਲਈ ਗੁਆਂਢੀ ਮੁਲਕਾਂ ਨਾਲ ਵਪਾਰਕ ਸਾਂਝ ਬੇਹੱਦ ਜ਼ਰੂਰੀ ਹੈ। ਜੇਕਰ ਵਾਘਾ ਸਰਹੱਦ ਰਾਹੀਂ ਸੈਂਟਰਲ ਏਸ਼ੀਆ ਤੱਕ ਸਿੱਧਾ ਵਪਾਰ ਖੋਲ੍ਹਿਆ ਜਾਵੇ ਤਾਂ ਦੇਸ਼ ਦੀ ਜੀਡੀਪੀ ਵਿਚ ਇਕ ਫ਼ੀਸਦੀ ਦਾ ਵਾਧਾ ਦਰਜ ਹੋ ਸਕਦਾ ਹੈ। ਇਸ ਨਾਲ ਕਿਸਾਨਾਂ ਤੇ ਕਾਰੋਬਾਰੀਆਂ ਨੂੰ ਵੱਡਾ ਲਾਹਾ ਮਿਲੇਗਾ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ ਅਤੇ ਨਸ਼ਿਆਂ ਸਮੇਤ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਠੱਲ੍ਹ ਪਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਾਰਜਕਾਰੀ ਪ੍ਰਧਾਨ ਈਮਾਨ ਸਿੰਘ ਮਾਨ ਨੇ ਸ਼ਾਹਕੋਟ ਵਿਖੇ ਇਕ ਪੱਤਰਕਾਰ ਸੰਮੇਲਨ ਦੌਰਾਨ ਕੀਤਾ। ਉਹ 1947 ਦੀ ਵੰਡ ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਵਿਚ ਸ਼ਿਰਕਤ ਕਰਨ ਲਈ ਪਿੰਡ ਮੂਲੇਵਾਲ ਖਹਿਰਾ ਵਿਖੇ ਪਹੁੰਚੇ ਹੋਏ ਸਨ। ਇਸ ਮੌਕੇ ਉਨ੍ਹਾਂ ਨਾਲ ਸੂਬਾਈ ਆਗੂ ਜਥੇਦਾਰ ਸੁਲੱਖਣ ਸਿੰਘ ਸ਼ਾਹਕੋਟ ਤੇ ਹੋਰ ਸਥਾਨਕ ਆਗੂ ਵੀ ਹਾਜ਼ਰ ਸਨ। ਗੱਲਬਾਤ ਕਰਦਿਆਂ ਈਮਾਨ ਸਿੰਘ ਮਾਨ ਨੇ ਕਿਹਾ ਕਿ ਤੁਰਕਮੇਨਿਸਤਾਨ-ਅਫ਼ਗ਼ਾਨਿਸਤਾਨ-ਪਾਕਿਸਤਾਨ ਗੈਸ ਪਾਈਪਲਾਈਨ ਨੂੰ ਸੁਲੇਮਾਨਕੀ ਰਾਹੀਂ ਪੰਜਾਬ ਨਾਲ ਜੋੜਿਆ ਜਾਣਾ ਚਾਹੀਦਾ ਹੈ। ਇਸ ਨਾਲ ਬਠਿੰਡਾ ਰਿਫਾਇਨਰੀ ਦੇ ਉਤਪਾਦਨ ਵਿਚ ਭਾਰੀ ਵਾਧਾ ਹੋਵੇਗਾ ਅਤੇ ਪਲਾਸਟਿਕ, ਫ਼ਾਰਮਾਸਿਊਟੀਕਲ ਤੇ ਟੈਕਸਟਾਈਲ ਵਰਗੀਆਂ ਡਾਊਨਸਟ੍ਰੀਮ ਇੰਡਸਟਰੀਆਂ ਦੇ ਨਾਲ-ਨਾਲ ਬਿਜਲੀ ਉਤਪਾਦਨ ਸਸਤਾ ਤੇ ਮਜ਼ਬੂਤ ਹੋ ਸਕੇਗਾ। ਇਸ ਕਦਮ ਨਾਲ ਬਟਾਲਾ ਤੇ ਲੁਧਿਆਣਾ ਵਰਗੇ ਪੁਰਾਣੇ ਉਦਯੋਗਿਕ ਧੁਰਿਆਂ ਨੂੰ ਵੀ ਨਵੀਂ ਜ਼ਿੰਦਗੀ ਮਿਲੇਗੀ। ਉਨ੍ਹਾਂ ਯਾਦ ਦਿਵਾਇਆ ਕਿ ਵੰਡ ਤੋਂ ਪਹਿਲਾਂ ਚੜ੍ਹਦੇ ਅਤੇ ਲਹਿੰਦੇ ਪੰਜਾਬ ਵਿਚਾਲੇ 70 ਫ਼ੀਸਦੀ ਵਪਾਰ ਹੁੰਦਾ ਸੀ। ਕੇਂਦਰ ਸਰਕਾਰ ਅਤੇ ਆਰਐੱਸਐੱਸ ’ਤੇ ਘੱਟ-ਗਿਣਤੀਆਂ ਦੀ ਹੋਂਦ ਨੂੰ ਖ਼ਤਮ ਕਰਨ ਤੇ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ‘ਤੇ ਸੱਟ ਮਾਰਨ ਦਾ ਦੋਸ਼ ਲਗਾਉਂਦਿਆਂ ਈਮਾਨ ਸਿੰਘ ਮਾਨ ਨੇ ਕਿਹਾ ਕਿ ਕਾਨੂੰਨ ਬਣਾ ਕੇ ਦੇਸ਼ ਦੇ ਨਾਗਰਿਕਾਂ ’ਤੇ ਵੰਦੇ ਮਾਤਰਮ ਗਾਉਣ ਲਈ ਜੁਰਮਾਨੇ ਤੇ ਸਜ਼ਾਵਾਂ ਦਾ ਦਬਾਅ ਪਾਇਆ ਜਾ ਰਿਹਾ ਹੈ, ਜਦਕਿ ਗੁਰਮਤਿ ਸਿਧਾਂਤ ‘ਨਾ ਹਮ ਹਿੰਦੂ ਨਾ ਮੁਸਲਮਾਨ’ ਤਹਿਤ ਕੇਵਲ ਇਕ ਓਅੰਕਾਰ ਨਿਰੰਕਾਰ ਦੀ ਅਰਾਧਨਾ ਦੀ ਗੱਲ ਕਰਦਾ ਹੈ ਅਤੇ ਕਿਸੇ ਵੀ ਦੇਵੀ-ਦੇਵਤੇ ਜਾਂ ਮੂਰਤੀ ਪੂਜਾ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਅਮਰੀਕਾ ਵੱਸਦੇ ਸਿੱਖਾਂ ਨੂੰ ਉੱਥੋਂ ਦੇ ਪ੍ਰਸ਼ਾਸਨ ਤੇ ਸੈਨੇਟਰਾਂ ਤੱਕ ਪਹੁੰਚ ਕਰਕੇ ਇਸ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ। ਵਿੱਦਿਅਕ ਨੀਤੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਤਿਹਾਸ ਨੂੰ ਤੋੜ-ਮਰੋੜ ਕੇ ਮਨੂਸਮ੍ਰਿਤੀ ਦੀ ਸੋਚ ਥੋਪੀ ਜਾ ਰਹੀ ਹੈ ਅਤੇ ਡਾ. ਬੀ.ਆਰ. ਅੰਬੇਡਕਰ ਵੱਲੋਂ ਸੰਵਿਧਾਨ ਰਾਹੀਂ ਦਿੱਤੇ ਸਮਾਨਤਾ ਤੇ ਵੈੱਲਫੇਅਰ ਸਟੇਟ ਦੇ ਸੰਕਲਪ ਨੂੰ ਢਾਹ ਲਾਈ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਗੁਰੂ ਰਵਿਦਾਸ ਜੀ ਦੇ ‘ਬੇਗਮਪੁਰਾ’ ਦੇ ਸੰਕਲਪ ਅਨੁਸਾਰ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਲਈ ਵਚਨਬੱਧ ਹੈ। ਇਸ ਮੌਕੇ ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰੰਤ ਜਮਹੂਰੀ ਢੰਗ ਨਾਲ ਕਰਵਾਉਣ ਦੀ ਮੰਗ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਬੇਅਦਬੀ ਮਾਮਲਿਆਂ ਵਿਚ ਇਨਸਾਫ਼ ਨਾ ਮਿਲਣ, ਬੰਦੀ ਸਿੰਘਾਂ ਦੀ ਰਿਹਾਈ ਅਤੇ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦੇ ਮੁੱਦੇ ਵੀ ਉਠਾਏ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ 15 ਸਤੰਬਰ ਨੂੰ ਸਾਰਾਗੜ੍ਹੀ ਸਰਾਂ ਅੰਮ੍ਰਿਤਸਰ ਨਜ਼ਦੀਕ ਮਨਾਏ ਜਾ ਰਹੇ ਅੰਤਰਰਾਸ਼ਟਰੀ ਜਮਹੂਰੀਅਤ ਦਿਹਾੜੇ ਵਿਚ ਵੱਡੀ ਗਿਣਤੀ ‘ਚ ਪਹੁੰਚ ਕੇ ਸਿੱਖ ਹੱਕਾਂ ਦੀ ਆਵਾਜ਼ ਬੁਲੰਦ ਕਰਨ। ਇਸ ਮੌਕੇ ਗੁਰਦਿਆਲ ਸਿੰਘ ਲੋਹੀਆਂ, ਲਵਦੀਪ ਸਿੰਘ, ਦਲਜੀਤ ਸਿੰਘ, ਕੁਲਵਿੰਦਰ ਸਿੰਘ, ਰਾਜੂ, ਜੋਗਾ ਸਿੰਘ, ਸਰਵਣ ਸਿੰਘ ਬਰਾੜ, ਜੱਸਾ ਸਿੰਘ ਬੁਰਜ, ਦਰਸ਼ਨ ਸਿੰਘ ਝੁੱਗੀਆਂ, ਕਸ਼ਮੀਰ ਸਿੰਘ ਆਦਿ ਹਾਜ਼ਰ ਸਨ।