ਜੰਡੂ ਸਿੰਘਾ ’ਚ ਸੜਕ ਹਾਦਸੇ ਦੌਰਾਨ ਟ੍ਰੈਕਟਰ ਚਾਲਕ ਦੀ ਮੌਤ
ਜੰਡੂ ਸਿੰਘਾ ’ਚ ਸੜਕ ਹਾਦਸੇ ਦੌਰਾਨ ਟ੍ਰੈਕਟਰ ਚਾਲਕ ਦੀ ਮੌਤ
Publish Date: Wed, 01 Apr 2026 10:24 PM (IST)
Updated Date: Wed, 01 Apr 2026 10:28 PM (IST)

-ਨਵਾਂ ਸੋਨਾਲਿਕਾ ਟ੍ਰੈਕਟਰ ਡਲਿਵਰੀ ਦੇਣ ਲਈ ਜਾ ਰਿਹਾ ਸੀ ਜਲੰਧਰ -ਰਾਮਾਮੰਡੀ-ਹੁਸ਼ਿਆਰਪੁਰ ਰੋਡ ’ਤੇ ਜੰਡੂ ਸਿੰਘਾ ਵਿਖੇ ਵਾਪਰਿਆ ਹਾਦਸਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜੰਡੂ ਸਿੰਘਾ ’ਚ ਇਕ ਸੜਕ ਹਾਦਸੇ ਦੌਰਾਨ ਜਲੰਧਰ ਦੇ ਰਾਮਾ ਮੰਡੀ-ਹੁਸ਼ਿਆਰਪੁਰ ਰੋਡ (ਜਨਤਾ ਹਾਈ ਸਕੂਲ ਜੰਡੂ ਸਿੰਘਾ ਦੇ ਨੇੜੇ) ’ਤੇ ਨਵਾਂ ਟ੍ਰੈਕਟਰ ਤੇ ਉਸ ਦਾ ਚਾਲਕ ਡੂੰਘੇ ਖੇਤ ’ਚ ਡਿੱਗ ਜਾਣ ਕਾਰਨ ਟ੍ਰੈਕਟਰ ਚਾਲਕ ਦੀ ਮੌਤ ਹੋ ਗਈ। ਸਥਾਨਕ ਲੋਕਾਂ ਮੁਤਾਬਕ, ਇਹ ਹਾਦਸਾ ਰਾਤ ਦੇ ਸਮੇਂ ਹੋਇਆ ਲੱਗਦਾ ਹੈ। ਟ੍ਰੈਕਟਰ ਚਾਲਕ ਦੀ ਲਾਸ਼ ਸਾਰੀ ਰਾਤ ਖੇਤ ’ਚ ਪਈ ਰਹੀ। ਸਵੇਰੇ ਕਰੀਬ 7 ਵਜੇ ਜਦੋਂ ਕਿਸੇ ਵਿਅਕਤੀ ਨੇ ਖੇਤ ’ਚ ਟ੍ਰੈਕਟਰ ਤੇ ਚਾਲਕ ਪਿਆ ਦੇਖਿਆ ਤਾਂ ਉਸ ਨੇ ਸੜਕ ਸੁਰੱਖਿਆ ਟੀਮ ਤੇ ਜੰਡੂ ਸਿੰਘਾ ਪੁਲਿਸ ਨੂੰ ਸੂਚਿਤ ਕੀਤਾ। ਮ੍ਰਿਤਕ ਦੀ ਪਛਾਣ ਕਸ਼ਮੀਰੀ ਲਾਲ ਪੁੱਤਰ ਹੁਕਮ ਚੰਦ ਨਿਵਾਸੀ ਬੇਗਮਪੁਰਾ ਮੁਹੱਲਾ ਆਦਮਪੁਰ ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਦੀਪਕ ਨੇ ਦੱਸਿਆ ਕਿ ਉਸ ਦੇ ਪਿਤਾ ਸੋਨਾਲਿਕਾ ਟ੍ਰੈਕਟਰ ’ਚ ਡਲਿਵਰੀ ਦਾ ਕੰਮ ਕਰਦੇ ਸਨ। ਸੜਕ ਸੁਰੱਖਿਆ ਟੀਮ ਜੰਡੂ ਸਿੰਘਾ ਦੇ ਮੁਖੀ ਐੱਸਐੱਸਆਈ ਦੁਆਰਕਾ ਦਾਸ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਸੂਚਨਾ ਮਿਲੀ, ਟੀਮ ਤੇ ਜੰਡੂ ਸਿੰਘਾ ਪੁਲਿਸ ਚੌਕੀ ਦੇ ਮੁਲਾਜ਼ਮ ਮੌਕੇ ’ਤੇ ਪੁੱਜ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਖੇਤ ਤੋਂ ਬਾਹਰ ਕੱਢ ਕੇ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਭੇਜਿਆ ਗਿਆ। ਜੰਡੂ ਸਿੰਘਾ ਪੁਲਿਸ ਚੌਕੀ ਇੰਚਾਰਜ ਏਐੱਸਆਈ ਕੁਲਦੀਪ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਸਬੰਧੀ ਧਾਰਾ 174 ਅਧੀਨ ਕਾਰਵਾਈ ਕੀਤੀ ਗਈ ਹੈ। ਕਸ਼ਮੀਰੀ ਲਾਲ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਭੇਜ ਦਿੱਤੀ ਗਈ ਹੈ।