- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਿਉਂਦੀਆਂ ਐੱਨਆਰਆਈ ਭੈਣਾਂ ਨੂੰ ਕਾਗਜਾਂ ’ਚ ਮਾਰ ਮੁਕਾਇਆ!

- ਆਪਣੇ-ਆਪ ਨੂੰ ਦੱਸਿਆ ਇਕਲੌਤਾ ਵਾਰਸ, ਦਿੱਤਾ ਹਲਫ਼ੀਆ ਬਿਆਨ
-ਤਹਿਸੀਲ ਦੇ ਇਕ ਚਰਚਿਤ ਅਸ਼ਟਾਮ ਫਰੋਸ਼ ਦਾ ਕਾਰਨਾਮਾ ਆਇਆ ਸਾਹਮਣੇ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਆਰਟੀਓ ਦਫ਼ਤਰ ’ਚ ਵਾਹਨਾਂ ਦੀ ਆਰਸੀ ਤਬਦੀਲ ਕਰਵਾਉਣ ਦੀ ਪ੍ਰਕਿਰਿਆ ਦੌਰਾਨ ਕਥਿਤ ਤੌਰ ’ਤੇ ਗਲਤ ਜਾਣਕਾਰੀ ਦੇ ਕੇ ਇਕ ਅਸ਼ਟਾਮ ਫਰੋਸ਼ ਵੱਲੋਂ ਸਰਕਾਰੀ ਅਧਿਕਾਰੀਆਂ ਨੂੰ ਗੁੰਮਰਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਇਕ ਅਲਟੋ ਕੇ-10 ਕਾਰ ਦੀ ਮਾਲਕੀ ਤਬਦੀਲ ਕਰਨ ਨਾਲ ਜੁੜਿਆ ਹੈ, ਜਿਸ ਵਿੱਚ ਪਿਤਾ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰ ਵੱਲੋਂ ਪੇਸ਼ ਕੀਤੇ ਗਏ ਹਲਫ਼ਨਾਮੇ ’ਚ ਆਪਣੇ-ਆਪ ਨੂੰ ਇਕਲੌਤਾ ਕਾਨੂੰਨੀ ਵਾਰਸ ਦਰਸਾਇਆ ਗਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮ੍ਰਿਤਕ ਦੀਆਂ ਦੋ ਧੀਆਂ ਵੀ ਹਨ ਪਰ ਉਨ੍ਹਾਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ। ਦਸਤਾਵੇਜ਼ਾਂ ਅਨੁਸਾਰ ਅਸ਼ਟਾਮ ਫਰੋਸ਼ ਪੁੱਤਰ ਵੱਲੋਂ ਦਿੱਤੇ ਗਏ ਹਲਫ਼ਨਾਮੇ ’ਚ ਦੱਸਿਆ ਗਿਆ ਹੈ ਕਿ ਉਸ ਦੇ ਪਿਤਾ ਦੀ ਮੌਤ 2022 ਨੂੰ ਹੋ ਗਈ ਸੀ। ਇਸ ਤੋਂ ਇਲਾਵਾ ਉਸ ਦੀ ਮਾਤਾ ਲਤਾ ਦੀ ਮੌਤ 2020 ਨੂੰ ਹੋਣ ਦਾ ਜ਼ਿਕਰ ਕਰਦਿਆਂ ਹਲਫ਼ਨਾਮੇ ’ਚ ਸਿਰਫ਼ ਪਾਠਕ ਨੂੰ ਹੀ ਮ੍ਰਿਤਕ ਦਾ ਕਾਨੂੰਨੀ ਵਾਰਸ ਦੱਸਿਆ ਗਿਆ ਹੈ। ਇੱਥੋਂ ਤੱਕ ਕਿ ਚੌਥੇ ਨੁਕਤੇ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਉਪਰੋਕਤ ਤੋਂ ਇਲਾਵਾ ਕੋਈ ਹੋਰ ਕਾਨੂੰਨੀ ਵਾਰਸ ਨਹੀਂ ਹੈ। ਜਦਕਿ ਦੋਸ਼ ਹੈ ਕਿ ਮ੍ਰਿਤਕ ਦੀਆਂ ਦੋ ਧੀਆਂ ਵੀ ਹਨ, ਜੋ ਵਿਦੇਸ਼ ’ਚ ਰਹਿੰਦੀਆਂ ਹਨ। ਜੇ ਇਹ ਤੱਥ ਸਹੀ ਹਨ ਤਾਂ ਸਵਾਲ ਖੜ੍ਹਾ ਹੁੰਦਾ ਹੈ ਕਿ ਅਫ਼ੀਡੇਵਿਟ ਵਿੱਚ ਦੋਵਾਂ ਧੀਆਂ ਦਾ ਜ਼ਿਕਰ ਕਿਉਂ ਨਹੀਂ ਕੀਤਾ ਗਿਆ।
----------------------
ਭੈਣਾਂ ਦੀ ਸਹਿਮਤੀ ਤੋਂ ਬਿਨਾਂ ਕਿਵੇਂ ਬਦਲੀ ਆਰਸੀ
ਆਲਟੋ ਕੇ-10 ਕਾਰ ਪਹਿਲਾਂ ਪਿਤਾ ਦੇ ਨਾਂ ’ਤੇ ਰਜਿਸਟਰਡ ਸੀ। ਉਸ ਦੀ ਮੌਤ ਤੋਂ ਬਾਅਦ ਕਾਰ ਆਪਣੇ ਨਾਂ ਕਰਵਾਉਣ ਲਈ ਪੁੱਤਰ ਵੱਲੋਂ ਹਲਫਨਾਮਾ ਪੇਸ਼ ਕੀਤਾ ਗਿਆ। ਨਿਯਮਾਂ ਅਨੁਸਾਰ ਜੇ ਮ੍ਰਿਤਕ ਦੇ ਹੋਰ ਕਾਨੂੰਨੀ ਵਾਰਸ ਵੀ ਮੌਜੂਦ ਹੋਣ ਤਾਂ ਵਾਹਨ ਦੀ ਮਾਲਕੀ ਤਬਦੀਲ ਕਰਨ ਲਈ ਉਨ੍ਹਾਂ ਦੀ ਸਹਿਮਤੀ ਤੇ ਇਤਰਾਜ਼ ਨਾ ਹੋਣ ਸਬੰਧੀ ਲੋੜੀਂਦੇ ਦਸਤਾਵੇਜ਼ਾਂ ਦੀ ਜਾਂਚ ਕਰਨੀ ਬਣਦੀ ਹੈ ਪਰ ਇਸ ਮਾਮਲੇ ’ਚ ਦੋਵਾਂ ਭੈਣਾਂ ਦੇ ਸਹਿਮਤੀਨਾਮੇ ਜਾਂ ਇਤਰਾਜ਼ ਨਾ ਹੋਣ ਸਬੰਧੀ ਹਲਫਨਾਮਾ ਕਿੱਥੇ ਹਨ। ਜੇ ਉਹ ਮੌਜੂਦ ਨਹੀਂ ਸਨ ਤਾਂ ਆਰਸੀ ਤਬਦੀਲ ਕਰਨ ਦੀ ਪ੍ਰਕਿਰਿਆ ਕਿਵੇਂ ਪੂਰੀ ਹੋਈ।
-------------------------
ਇਕ ਸਾਲ ਪਹਿਲਾਂ ਹੀ ਖਰੀਦ ਲਿਆ ਸੀ ਪੇਪਰ!
ਹੈਰਾਨ ਕਰਨ ਵਾਲਾ ਇਕ ਹੋਰ ਪਹਿਲੂ ਸਟੈਂਪ ਪੇਪਰ ਦੀ ਤਰੀਕ ਹੈ। ਹਲਫ਼ਨਾਮੇ ਨਾਲ ਜੁੜੇ ਦਸਤਾਵੇਜ਼ ’ਤੇ 23 ਸਤੰਬਰ 2022 ਦੀ ਤਰੀਕ ਦਰਜ ਹੈ, ਜਦਕਿ ਇਸ ਦੀ ਐਂਟਰੀ 27 ਜੁਲਾਈ 2023 ਦੀ ਦਿਖਾਈ ਗਈ ਹੈ। ਯਾਨੀ ਦਸਤਾਵੇਜ਼ ਦੀ ਸਟੈਂਪ ਖਰੀਦ ਤੇ ਐਂਟਰੀ ਵਿਚਕਾਰ ਲਗਭਗ 10 ਮਹੀਨਿਆਂ ਦਾ ਅੰਤਰ ਹੈ। ਸਵਾਲ ਇਹ ਹੈ ਕਿ ਸਟੈਂਪ ਪੇਪਰ ਇੰਨੇ ਸਮੇਂ ਪਹਿਲਾਂ ਕਿਸ ਮਕਸਦ ਲਈ ਖਰੀਦਿਆ ਗਿਆ ਸੀ ਤੇ ਬਾਅਦ ’ਚ ਇਸ ਨੂੰ ਆਰਸੀ ਤਬਦੀਲੀ ਲਈ ਕਿਵੇਂ ਵਰਤਿਆ ਗਿਆ। ਪ੍ਰਸ਼ਾਸਨ ਵੱਲੋਂ ਆਰਸੀ ਤਬਦੀਲ ਕਰਨ ਤੋਂ ਪਹਿਲਾਂ ਕਾਨੂੰਨੀ ਵਾਰਸਾਂ ਦੀ ਸਹੀ ਗਿਣਤੀ ਤੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਕੀਤੀ ਗਈ ਸੀ ਜਾਂ ਸਿਰਫ਼ ਹਲਫ਼ਨਾਮੇ ਦੇ ਆਧਾਰ ’ਤੇ ਹੀ ਕਾਰਵਾਈ ਕਰ ਦਿੱਤੀ ਗਈ।
--------------------------
420 ਦੇ ਦੋਸ਼ਾਂ ਦੀ ਜਾਂਚ ਦੀ ਉੱਠੀ ਮੰਗ
ਇਸ ਪੂਰੇ ਮਾਮਲੇ ਵਿੱਚ ਧੋਖਾਧੜੀ ਅਤੇ ਗਲਤ ਜਾਣਕਾਰੀ ਦੇ ਕੇ ਸਰਕਾਰੀ ਅਧਿਕਾਰੀਆਂ ਤੋਂ ਕਾਰਵਾਈ ਕਰਵਾਉਣ ਦੇ ਦੋਸ਼ਾਂ ਦੀ ਨਿਰਪੱਖ ਜਾਂਚ ਹੋਣੀ ਜ਼ਰੂਰੀ ਹੈ। ਜਾਂਚ ’ਚ ਇਹ ਵੀ ਪਤਾ ਲਾਇਆ ਜਾਣਾ ਚਾਹੀਦਾ ਹੈ ਕਿ ਦੋਵਾਂ ਭੈਣਾਂ ਦੀ ਸਹਿਮਤੀ ਲਈ ਗਈ ਸੀ ਜਾਂ ਨਹੀਂ, ਹਲਫ਼ਨਾਮੇ ਵਿੱਚ ਉਨ੍ਹਾਂ ਦਾ ਜ਼ਿਕਰ ਜਾਣਬੁੱਝ ਕੇ ਛੱਡਿਆ ਗਿਆ ਤੇ ਆਰਸੀ ਤਬਦੀਲ ਕਰਨ ਵਾਲੇ ਅਧਿਕਾਰੀਆਂ ਨੇ ਕਿਹੜੇ ਦਸਤਾਵੇਜ਼ਾਂ ਦੇ ਆਧਾਰ ’ਤੇ ਮਨਜ਼ੂਰੀ ਦਿੱਤੀ। ਜੇ ਧੋਖਾਧੜੀ ਸਾਬਤ ਹੁੰਦੀ ਹੈ ਤਾਂ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ।
-------------------------
ਧੋਖਾਧੜੀ ਹੋਈ ਤਾਂ ਕਾਰਵਾਈ ਹੋਵੇਗੀ : ਢਿੱਲੋਂ
ਇਸ ਸਬੰਧੀ ਆਰਟੀਏ ਬਲਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੂੰ ਗੁਮਰਾਹ ਕਰਕੇ ਕਾਰਵਾਈ ਅਮਲ ’ਚ ਲਿਆਂਦੀ ਗਈ ਹੈ ਤਾਂ ਨਿਯਮਾਂ ਦੇ ਆਧਾਰ ਕਾਰਵਾਈ ਕੀਤੀ ਜਾਣੀ ਬਣਦੀ ਹੈ। ਜੇ ਅਜਿਹਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਇਸ ਨੂੰ ਧੋਖਾਧੜੀ ਦਾ ਮਾਮਲਾ ਸਮਝਿਆ ਜਾਵੇਗਾ।
----------------------------
ਮਾਮਲਾ ਧਿਆਨ ‘ਚ ਨਹੀਂ : ਗੁਰਪ੍ਰੀਤ ਸਿੰਘ
ਇਸ ਸਬੰਧੀ ਤਹਿਸੀਲਦਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਮਾਮਲਾ ਧਿਆਨ ’ਚ ਨਹੀਂ ਹੈ ਕਿਉਂਕਿ ਇਸ ਸਮੇਂ ਦੌਰਾਨ ਉਹ ਜਲੰਧਰ ’ਚ ਤਾਇਨਾਤ ਨਹੀਂ ਸਨ ਪਰ ਜੇ ਕਿਸੇ ਵਾਰਸ ਨੂੰ ਲੁਕਾ ਛੁਪਾ ਕੇ ਕਾਰਵਾਈ ਕੀਤੀ ਗਈ ਹੈ ਤਾਂ ਇਹ ਇਕ ਘੋਰ ਅਪਰਾਧ ਹੈ ਤੇ ਜੇ ਤੱਥ ਸਹੀ ਪਾਏ ਜਾਂਦੇ ਹਨ ਤਾਂ ਕਾਰਵਾਈ ਹੋ ਸਕਦੀ ਹੈ।