ਟੀਨੂੰ ਨੇ 358 ਪਰਿਵਾਰਾਂ ਨੂੰ ਸੌਂਪੇ ਮਾਲਕੀ ਹੱਕ ਦੇ ਦਸਤਾਵੇਜ਼ ਪਵਨ ਕੁਮਾਰ ਟੀਨੂੰ ਨੇ 358 ਪਰਿਵਾਰਾਂ ਨੂੰ ਸੌਂਪੇ ਮਾਲਕੀ ਹੱਕਾਂ ਦੇ ਦਸਤਾਵੇਜ਼
Publish Date: Thu, 19 Nov 2026 08:04 PM (IST)
Updated Date: Thu, 19 Nov 2026 08:06 PM (IST)
ਲਵਦੀਪ ਬੈਂਸ, ਪੰਜਾਬੀ ਜਾਗਰਣ, ਪਤਾਰਾ/ਜਲੰਧਰ ਕੈਂਟ : ਪੰਜਾਬ ਸਰਕਾਰ ਵੱਲੋਂ ਪਿੰਡਾਂ ’ਚ ਲਾਲ ਲਕੀਰ ਦੇ ਘੇਰੇ ਅੰਦਰ ਰਹਿੰਦੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਦਾ ਕਾਨੂੰਨੀ ਹੱਕ ਦੇਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੱਜ ਬਲਾਕ ਆਦਮਪੁਰ ਦੇ ਪਿੰਡ ਸਰਨਾਣਾ ਤੇ ਚਾਂਦਪੁਰ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਅਧੀਨ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ’ਚ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦਿਆਂ ਲਾਭਪਾਤਰੀ ਪਰਿਵਾਰਾਂ ਨੂੰ ਮਾਲਕੀ ਹੱਕਾਂ ਦੇ ਦਸਤਾਵੇਜ਼ ਰਸਮੀ ਤੌਰ ਤੇ ਸੌਂਪੇ। ਇਸ ਦੌਰਾਨ ਪਿੰਡ ਸਰਨਾਣਾ ਦੇ 174 ਪਰਿਵਾਰਾਂ ਤੇ ਪਿੰਡ ਚਾਂਦਪੁਰ ਦੇ 184 ਪਰਿਵਾਰਾਂ ਸਮੇਤ ਕੁੱਲ 358 ਪਰਿਵਾਰਾਂ ਨੂੰ ਘਰਾਂ ਦੀ ਕਾਨੂੰਨੀ ਮਾਲਕੀ ਮਿਲੀ। ਇਸ ਮੌਕੇ ਸੰਬੋਧਨ ਕਰਦਿਆਂ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਪੰਜਾਬੀ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਹਰ ਵਰਗ ਦੀ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਦਹਾਕਿਆਂ ਤੋਂ ਲਾਲ ਲਕੀਰ ਅੰਦਰ ਰਹਿ ਰਹੇ ਲੋਕਾਂ ਕੋਲ ਆਪਣੇ ਘਰਾਂ ਦਾ ਕੋਈ ਪੱਕਾ ਕਾਨੂੰਨੀ ਸਬੂਤ ਨਹੀਂ ਸੀ, ਪਰ ਇਸ ਸਕੀਮ ਨੇ ਉਨ੍ਹਾਂ ਨੂੰ ਅਸਲ ਅਰਥਾਂ ’ਚ ਘਰਾਂ ਦਾ ਮਾਲਕ ਬਣਾਇਆ ਹੈ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਤੇ ਚੇਅਰਮੈਨ ਸਪੋਰਟਸ ਵੈਲਫੇਅਰ ਬੋਰਡ ਆਦਮਪੁਰ ਲਖਵੀਰ ਸਿੰਘ ਹਜ਼ਾਰਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਯੂਥ ਪ੍ਰਧਾਨ ਗੁਰਪ੍ਰੀਤ ਕੈਂਪੀ, ਬਲਾਕ ਪ੍ਰਧਾਨ ਅਮਰੀਕ ਸਿੰਘ, ਬਲਾਕ ਪ੍ਰਧਾਨ ਬਲਵੀਰ ਮਹਿਮੀ, ਸੁਖਮਨ ਧਨੋਆ, ਮਨਦੀਪ ਲੰਬੜਦਾਰ, ਪ੍ਰਭਸਿਮਰਨ ਸਿੰਘ, ਪ੍ਰੇਮ ਕੁਮਾਰ ਭੋਜੋਵਾਲ ਆਦਿ ਹਾਜ਼ਰ ਸਨ।