ਢੋਲ ਦੀ ਥਾਪ ਤੇ ਗਿੱਧੇ ਦੀ ਧਮਾਲ ਨੇ ਬੰਨ੍ਹਿਆ ਸਮਾਂ, ਰੈਂਪ ਵਾਕ ਨੇ ਜਿੱਤਿਆ ਦਿਲ ਢੋਲ ਦੀ ਥਾਪ ਅਤੇ ਗਿੱਧੇ ਦੀ ਧਮਾਲ ਨੇ ਬੰਨ੍ਹਿਆ ਸਮਾਂ, ਰੈੰਪ ਵਾਕ ਨੇ ਜਿੱਤਿਆ ਦਿਲ
Publish Date: Wed, 12 Aug 2026 10:30 PM (IST)
Updated Date: Wed, 12 Aug 2026 10:32 PM (IST)
‘ਪੰਜਾਬੀ ਜਾਗਰਣ’ ਤੇ ਦੈਨਿਕ ਜਾਗਰਣ’ ਦੇ ਸਹਿਯੋਗ ਨਾਲ ਹੋਇਆ ਸ਼ਾਨਦਾਰ ਸਮਾਗਮ ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ, ਜਲੰਧਰ: ਸਾਉਣ ਮਹੀਨੇ ਦੀ ਮਹਿਕ ਤੇ ਪੰਜਾਬੀ ਵਿਰਸੇ ਦੀ ਅਮੀਰੀ ਨੂੰ ਸਮਰਪਿਤ ‘ਤੀਆਂ ਦਾ ਮੇਲਾ ਸੀਜ਼ਨ-6’ ਬੁੱਧਵਾਰ ਨੂੰ ਜਲੰਧਰ ਦੇ ਦਿ ਮਾਇਆ ਹੋਟਲ ’ਚ ਮਨਾਇਆ ਗਿਆ। ‘ਪੰਜਾਬੀ ਜਾਗਰਣ’ ਤੇ ‘ਦੈਨਿਕ ਜਾਗਰਣ’ ਦੇ ਸੰਗਿਨੀ ਕਲੱਬ ਦੇ ਵਿਸ਼ੇਸ਼ ਸਹਿਯੋਗ ਨਾਲ ਟਿਵਸਵਾ ਜਿਊਲਜ਼ ਵੱਲੋ ਕਰਵਾਏ ਇਸ ਮੇਲੇ ’ਚ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ’ਚ ਮੁਟਿਆਰਾਂ ਤੇ ਔਰਤਾਂ ਨੇ ਸ਼ਿਰਕਤ ਕੀਤੀ। ਇਸ ਪੂਰੇ ਪ੍ਰੋਗਰਾਮ ਦੇ ਪ੍ਰਬੰਧ ਡਿਜ਼ਾਈਨਰ ਸੀਰਤ ਦੁੱਗਲ ਤੇ ਅਮੀ ਨੇ ਕੀਤੇ। ਇਸ ਮੇਲੇ ’ਚ ਸੋਨੀਆ ਵਿਰਦੀ, ਪੂਨਮ, ਵੀਨੂੰ ਕੰਬੋਜ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਦੌਰਾਨ ਇਕ ਪਾਸੇ ਜਿੱਥੇ ਪੁਰਾਤਨ ਪੰਜਾਬੀ ਸੱਭਿਆਚਾਰ ਦੀ ਝਲਕ ਦੇਖਣ ਨੂੰ ਮਿਲੀ, ਉੱਥੇ ਹੀ ਆਧੁਨਿਕਤਾ ਦਾ ਵੀ ਖ਼ੂਬਸੂਰਤ ਸੁਮੇਲ ਨਜ਼ਰ ਆਇਆ। ਇਸ ’ਚ ਵੱਖ ਵੱਖ ਕੈਟਗਰੀਆਂ ’ਚ ‘ਮਿਸੇਜ਼ ਤੀਜ’, ‘ਤੀਆਂ ਦੀ ਰਾਣੀ , ਨਖਰੇ ਵਾਲੀ ਚਾਲ , ਸੋਹਣਾ ਸ਼ਿੰਗਾਰ , ਰਵਾਇਤੀ ਪਹਿਰਾਵੇ ਤੇ ਰਵਾਇਤੀ ਗਹਿਣੇ ਵਰਗੇ ਟਾਈਟਲ ਸ਼ਾਮਲ ਸਨ। ‘ਮਿਸ ਤੀਜ ਕੁਈਨ ਸੋਹਣੇ ਪਹਿਰਾਵੇ ਦੀ ਸ਼ਾਨ , ਤੇ ਬਿਊਟੀਫੁੱਲ ਫੇਸ ਵਰਗੇ ਖ਼ਿਤਾਬ ਜੇਤੂਆਂ ਨੂੰ ਗਿਫਟ ਹੈਂਪਰ ਨਾਲ ਸਨਮਾਨਿਤ ਕੀਤਾ ਗਿਆ। --- ਰੰਗਾਰੰਗ ਸ਼ੁਰੂਆਤ ਤੇ ਮਨੋਰੰਜਕ ਗਤੀਵਿਧੀਆਂ ਸਮਾਗਮ ਦਾ ਆਗਾਜ਼ ਹੋਸਟ ਹਰਪ੍ਰੀਤ ਕੌਰ ਵੱਲੋਂ ਮੇਲੇ ਚ ਪੁੱਜੀਆਂ ਸਭ ਔਰਤਾਂ ਦਾ ਨਿੱਘਾ ਸਵਾਗਤ ਕਰ ਕੇ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ’ਚ ‘ਤੰਬੋਲਾ’ ਗੇਮ ਕਰਵਾਈ ਗਈ, ਜਿਸ ’ਚ ਔਰਤਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਜੇਤੂ ਔਰਤਾਂ ਨੂੰ ਗਿਫਟ ਵੀ ਦਿੱਤੇ ਗਏ। ਇਸ ਤੋਂ ਬਾਅਦ ਮਾ਼ਡਲਿੰਗ ਰਾਹੀਂ ਮੁਟਿਆਰਾਂ ਨੇ ਆਪਣੇ ਹੁਸਨ ਦੇ ਜਲਵੇ ਬਿਖੇਰੇ। ਫਿਰ ਪੰਜਾਬੀ ਲੋਕ ਗੀਤਾਂ ਤੇ ਡਾਂਸ ਕਰਕੇ ਔਰਤਾਂ ਤੇ ਮੁਟਿਆਰਾਂ ਨੇ ਆਪਣੀ ਪ੍ਰਤਿਭਾ ਦਿਖਾਈ। ਮੇਲੇ ਦੌਰਾਨ ਜਦੋਂ ਢੋਲ ਦੀ ਥਾਪ ਗੂੰਜੀ ਤਾਂ ਪੂਰਾ ਪੰਡਾਲ ਤਾੜੀਆਂ ਦੀ ਗੜਗੜਾਹਟ ਨਾਲ ਗੂੰਜ ਉੱਠਿਆ। ਔਰਤਾਂ ਤੇ ਮੁਟਿਆਰਾਂ ਨੇ ਪੰਜਾਬੀ ਲੋਕ-ਗੀਤਾਂ ਅਤੇ ਬੋਲੀਆਂ ਤੇ ਰਲ-ਮਿਲ ਕੇ ਗਿੱਧਾ ਪਾਇਆ। ਵੱਖ-ਵੱਖ ਮਨੋਰੰਜਕ ਖੇਡਾਂ ਤੇ ਸੱਭਿਆਚਾਰਕ ਗਤੀਵਿਧੀਆਂ ਨੇ ਪੂਰੇ ਪੰਡਾਲ ਦੇ ਮਾਹੌਲ ਨੂੰ ਖ਼ੁਸ਼ਨੁਮਾ ਅਤੇ ਊਰਜਾਵਾਨ ਬਣਾ ਦਿੱਤਾ। --- ਫੁਲਕਾਰੀ ਤੇ ਰਵਾਇਤੀ ਪਹਿਰਾਵੇ ਚ ਸਜੀਆਂ ਮੁਟਿਆਰਾਂ ਮੇਲੇ ਦਾ ਮੁੱਖ ਆਕਰਸ਼ਨ ਔਰਤਾਂ ਦਾ ਰਵਾਇਤੀ ਪੰਜਾਬੀ ਪਹਿਰਾਵਾ ਰਿਹਾ। ਰੰਗ-ਬਿਰੰਗੀਆਂ ਫੁਲਕਾਰੀਆਂ, ਪਰਾਂਦੇ, ਗਹਿਣੇ ਤੇ ਰਵਾਇਤੀ ਪੰਜਾਬੀ ਸੂਟਾਂ ਚ ਸਜੀਆਂ ਔਰਤਾਂ ਨੇ ਤੀਆਂ ਦੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ। ਹਰ ਪਾਸੇ ਪੰਜਾਬੀ ਵਿਰਸੇ ਦੀ ਅਨੋਖੀ ਛਹਿਬਰ ਦੇਖਣ ਨੂੰ ਮਿਲ ਰਹੀ ਸੀ। --- ਨਵੀਂ ਪੀੜ੍ਹੀ ਨੂੰ ਵਿਰਸੇ ਨਾਲ ਜੋੜਨ ਦਾ ਉਪਰਾਲਾ ਤੀਆਂ ਦਾ ਤਿਉਹਾਰ ਵਿਸ਼ੇਸ਼ ਤੌਰ ਤੇ ਧੀਆਂ-ਭੈਣਾਂ ਲਈ ਖ਼ੁਸ਼ੀਆਂ ਤੇ ਆਪਸੀ ਪਿਆਰ ਦਾ ਪ੍ਰਤੀਕ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਅਜਿਹੇ ਮੇਲਿਆਂ ਦਾ ਮੁੱਖ ਉਦੇਸ਼ ਅੱਜ ਦੀ ਮੁਟਿਆਰਾਂ ਅਤੇ ਨਵੀਂ ਪੀੜ੍ਹੀ ਨੂੰ ਆਪਣੀਆਂ ਵਿਸਰ ਰਹੀਆਂ ਲੋਕ-ਪਰੰਪਰਾਵਾਂ, ਗਿੱਧੇ ਤੇ ਬੋਲੀਆਂ ਨਾਲ ਜੋੜੀ ਰੱਖਣਾ ਹੈ। --- ਯਾਦਗਾਰੀ ਬਣਿਆ ‘ਸੀਜ਼ਨ-6’ ਸਮਾਗਮ ਦੇ ਅੰਤ ’ਚ ਹਿੱਸਾ ਲੈਣ ਵਾਲੀਆਂ ਔਰਤਾਂ ਨੇ ਪ੍ਰਬੰਧਕਾਂ ਅਤੇ ‘ਜਾਗਰਣ ਸਮੂਹ’ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਰੋਜ਼ਾਨਾ ਦੀ ਭੱਜ-ਦੌੜ ਭਰੀ ਜ਼ਿੰਦਗੀ ਤੋਂ ਰਾਹਤ ਦਿੰਦੇ ਹਨ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੰਦੇ ਹਨ। ਢੋਲ ਦੀ ਥਾਪ, ਛਣਕਦੇ ਪਰਾਂਦਿਆਂ ਅਤੇ ਗਿੱਧੇ ਦੀ ਧਮਾਲ ਨਾਲ ਤੀਆਂ ਦਾ ਮੇਲਾ ਸੀਜ਼ਨ-6 ਜਲੰਧਰ ਵਾਸੀਆਂ ਦੇ ਦਿਲਾਂ ਚ ਇਕ ਅਮਿਟ ਛਾਪ ਛੱਡਦਾ ਹੋਇਆ ਯਾਦਗਾਰੀ ਹੋ ਨਿਬੜਿਆ।