- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੋਢਲ ਮੇਲੇ ’ਚ ‘ਰੋਮਾਂਚ ਜਾਂ ਖਤਰਾ’, ਝੂਲਿਆਂ ਦੀ ਸੁਰੱਖਿਆ ਕਿੰਨੀ ਪੱਕੀ!

-ਝੂਲਾ ਘੁੰਮੇਗਾ ਤਾਂ ਰੋਮਾਂਚ ਮਿਲੇਗਾ ਪਰ ਜੇ ‘ਲਾਕ’ ਖੁੱਲ੍ਹ ਗਿਆ ਤਾਂ...
-ਦਰੇਸੀ ਤੋਂ ਸੂਰਜਕੁੰਡ ਤੱਕ ਦੇ ਹਾਦਸੇ ਕਰ ਚੁੱਕੇ ਨੇ ਹਾਈ ਅਲਰਟ
-ਸੋਢਲ ਮੇਲੇ ’ਚ ਝੂਲਿਆਂ ਦੀ ਫਿਟਨੈੱਸ ਰਾਮ ਭਰੋਸੇ
ਲਖਬੀਰ, ਪੰਜਾਬੀ ਜਾਗਰਣ, ਜਲੰਧਰ
ਸੋਢਲ ਮੇਲੇ ਵਿੱਚ ਬੱਚਿਆਂ ਦੀ ਪਹਿਲੀ ਨਜ਼ਰ ਅਕਸਰ ਝੂਲਿਆਂ ’ਤੇ ਟਿਕਦੀ ਹੈ। ਮਾਪੇ ਟਿਕਟ ਲੈਂਦੇ ਹਨ, ਬੱਚੇ ਸੀਟਾਂ ’ਤੇ ਬੈਠਦੇ ਹਨ ਅਤੇ ਕੁਝ ਮਿੰਟਾਂ ਦਾ ਰੋਮਾਂਚ ਖੁਸ਼ੀ ਵਿੱਚ ਬਦਲ ਜਾਂਦਾ ਹੈ ਪਰ ਇਸ ਰੋਮਾਂਚ ਦੇ ਪਿੱਛੇ ਇੱਕ ਗੰਭੀਰ ਸਵਾਲ ਖੜ੍ਹਾ ਹੈ ਜੇ ਚੱਲਦੇ ਝੂਲੇ ਦਾ ਲਾਕ, ਰਾਡ ਜਾਂ ਕੋਈ ਹੋਰ ਹਿੱਸਾ ਜਵਾਬ ਦੇ ਗਿਆ ਤਾਂ...ਇੱਕ ਛੋਟੀ ਤਕਨੀਕੀ ਖਾਮੀ ਕਿਸੇ ਪਰਿਵਾਰ ਦੀ ਖੁਸ਼ੀ ਨੂੰ ਵੱਡੇ ਹਾਦਸੇ ਵਿੱਚ ਬਦਲ ਸਕਦੀ ਹੈ। ਲੁਧਿਆਣਾ ਦੇ ਦਰੇਸੀ ਮੈਦਾਨ ਤੋਂ ਲੈ ਕੇ ਫਰੀਦਾਬਾਦ ਦੇ ਸੂਰਜਕੁੰਡ ਤੱਕ ਸਾਹਮਣੇ ਆਏ ਹਾਦਸੇ ਦੱਸਦੇ ਹਨ ਕਿ ਮੇਲਿਆਂ ਵਿੱਚ ਝੂਲਿਆਂ ਦੀ ਸੁਰੱਖਿਆ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ।
---
ਦਰੇਸੀ ਦਾ ਹਾਦਸਾ, ਕਰਾਉਣੀ ਪਈ ਸਰਜਰੀ
ਲੁਧਿਆਣਾ ਦੇ ਦਰੇਸੀ ਮੈਦਾਨ ਵਿੱਚ ਕੁਝ ਸਾਲ ਪਹਿਲਾਂ ਚੰਡੋਲ ਝੂਲੇ ’ਤੇ ਸਵਾਰ ਇੱਕ ਲੜਕੀ ਦੇ ਵਾਲ ਝੂਲੇ ਵਿੱਚ ਫਸ ਗਏ ਸਨ। ਉਸ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਇਲਾਜ ਲਈ ਸਰਜਰੀ ਕਰਵਾਉਣੀ ਪਈ। ਇਸੇ ਤਰ੍ਹਾਂ ਗਲਾਡਾ ਗਰਾਊਂਡ ਵਿੱਚ ਝੂਲੇ ਦੀ ਰਾਡ ਨਿਕਲਣ ਕਾਰਨ ਇੱਕ ਵਿਅਕਤੀ ਦੇ ਡਿੱਗ ਕੇ ਜ਼ਖਮੀ ਹੋਣ ਦੀ ਘਟਨਾ ਵੀ ਸਾਹਮਣੇ ਆ ਚੁੱਕੀ ਹੈ।
---
ਸੂਰਜਕੁੰਡ ‘ਚ ਝੂਲਾ ਟੁੱਟਣ ਕਾਰਨ ਗਈ ਜਾਨ
ਫਰਵਰੀ 2026 ਵਿੱਚ ਫਰੀਦਾਬਾਦ ਦੇ ਸੂਰਜਕੁੰਡ ਮੇਲੇ ਵਿੱਚ ਝੂਲਾ ਟੁੱਟਣ ਦੀ ਘਟਨਾ ਵਿੱਚ ਇੱਕ ਪੁਲਿਸ ਇੰਸਪੈਕਟਰ ਦੀ ਮੌਤ ਅਤੇ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਸਾਹਮਣੇ ਆਈ ਸੀ। ਅਜਿਹੀਆਂ ਘਟਨਾਵਾਂ ਤੋਂ ਬਾਅਦ ਸਵਾਲ ਸਿੱਧਾ ਹੈ ਝੂਲਾ ਚਲਾਉਣ ਤੋਂ ਪਹਿਲਾਂ ਉਸ ਦੀ ਤਕਨੀਕੀ ਜਾਂਚ ਕਿੰਨੀ ਗੰਭੀਰਤਾ ਨਾਲ ਹੁੰਦੀ ਹੈ।
--
ਸੋਢਲ ਮੇਲੇ ‘ਚ ਕਿੰਨੀ ਪੁਖਤਾ ਹੈ ਜਾਂਚ
ਹੁਣ ਇਹੀ ਸਵਾਲ ਸੋਢਲ ਮੇਲੇ ਵਿੱਚ ਲੱਗਣ ਵਾਲੇ ਝੂਲਿਆਂ ਨੂੰ ਲੈ ਕੇ ਹੈ। ਹਰੇਕ ਝੂਲੇ ਦੀ ਲੋੜੀਂਦੀ ਮਨਜ਼ੂਰੀ, ਤਕਨੀਕੀ ਫਿਟਨੈੱਸ ਅਤੇ ਨਿਰਧਾਰਤ ਸਮਰੱਥਾ ਦੀ ਜਾਂਚ ਹੋਣੀ ਜ਼ਰੂਰੀ ਹੈ। ਸਮਰੱਥਾ ਤੋਂ ਵੱਧ ਲੋਕਾਂ ਨੂੰ ਬਿਠਾਉਣ ਦੀ ਗੁੰਜਾਇਸ਼ ਨਾ ਰਹੇ ਅਤੇ ਆਪਰੇਟਰ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ ਇਹ ਪ੍ਰਬੰਧ ਵੀ ਯਕੀਨੀ ਬਣਾਉਣੇ ਹੋਣਗੇ।
---
ਬੱਚਿਆਂ ਵਾਲੇ ਝੂਲੇ ਸਭ ਤੋਂ ਵੱਡੀ ਜ਼ਿੰਮੇਵਾਰੀ
ਬੱਚਿਆਂ ਲਈ ਲਗਾਏ ਝੂਲਿਆਂ ਵਿੱਚ ਸੀਟ, ਸੁਰੱਖਿਆ ਬੈਲਟ, ਲਾਕ, ਹੈਂਡਲ ਅਤੇ ਬੈਰੀਅਰ ਦੀ ਸਥਿਤੀ ਮਹੱਤਵਪੂਰਨ ਹੈ। ਜੇਕਰ ਕਿਸੇ ਝੂਲੇ ਲਈ ਉਮਰ, ਕੱਦ ਜਾਂ ਭਾਰ ਦੀ ਹੱਦ ਨਿਰਧਾਰਤ ਹੈ ਤਾਂ ਉਸ ਦੀ ਪਾਲਣਾ ਲਾਜ਼ਮੀ ਹੋਣੀ ਚਾਹੀਦੀ ਹੈ। ਆਪਰੇਟਰ ਵੱਲੋਂ ਹਰ ਰਾਈਡ ਤੋਂ ਪਹਿਲਾਂ ਸੁਰੱਖਿਆ ਲਾਕ ਦੀ ਜਾਂਚ ਅਤੇ ਸਵਾਰੀਆਂ ਨੂੰ ਸਹੀ ਢੰਗ ਨਾਲ ਬਿਠਾਉਣਾ ਵੀ ਉਨੀ ਹੀ ਅਹਿਮ ਗੱਲ ਹੈ।
---
ਐਮਰਜੈਂਸੀ ‘ਚ ਬਚਾਅ ਦਾ ਰਸਤਾ
ਅਸਲ ਸੁਰੱਖਿਆ ਦਾ ਇਮਤਿਹਾਨ ਉਦੋਂ ਹੋਵੇਗਾ ਜਦੋਂ ਬਿਜਲੀ ਚਲੀ ਜਾਵੇ, ਮੋਟਰ ਵਿੱਚ ਖਰਾਬੀ ਆ ਜਾਵੇ ਜਾਂ ਝੂਲਾ ਵਿਚਕਾਰ ਰੁਕ ਜਾਵੇ। ਕੀ ਲੋਕਾਂ ਨੂੰ ਸੁਰੱਖਿਅਤ ਹੇਠਾਂ ਲਿਆਉਣ ਲਈ ਪ੍ਰਬੰਧ ਹੈ? ਕੀ ਆਪਰੇਟਰ ਨੂੰ ਇਸ ਦੀ ਸਿਖਲਾਈ ਹੈ? ਕੀ ਐਮਰਜੈਂਸੀ ਸਟਾਪ, ਅੱਗ ਬੁਝਾਉਣ ਵਾਲੇ ਉਪਕਰਨ ਅਤੇ ਮੁੱਢਲੀ ਸਹਾਇਤਾ ਦੀ ਵਿਵਸਥਾ ਮੌਜੂਦ ਹੈ? ਇਸ ਤੋਂ ਇਲਾਵਾ ਭੀੜ ਦੇ ਮੱਦੇਨਜ਼ਰ ਐਂਬੂਲੈਂਸ ਅਤੇ ਐਮਰਜੈਂਸੀ ਵਾਹਨਾਂ ਲਈ ਰਸਤਾ ਵੀ ਖੁੱਲ੍ਹਾ ਰੱਖਣਾ ਪਵੇਗਾ।
---
ਮੇਲੇ ’ਚ ਲੋਕ ਵੀ ਰੱਖਣ ਸੁਰੱਖਿਆ ਦਾ ਧਿਆਨ
ਮੇਲੇ ਵਿੱਚ ਝੂਲੇ ਲੈਣ ਤੋਂ ਪਹਿਲਾਂ ਲੋਕ ਖੁਦ ਵੀ ਕੁਝ ਸਾਵਧਾਨੀਆਂ ਵਰਤਣ। ਖਾਸ ਕਰਕੇ ਬੱਚਿਆਂ ਨੂੰ ਝੂਲੇ ’ਤੇ ਬਿਠਾਉਣ ਤੋਂ ਪਹਿਲਾਂ ਸੀਟ, ਲਾਕ, ਬੈਲਟ ਅਤੇ ਸੁਰੱਖਿਆ ਬੈਰੀਅਰ ਜ਼ਰੂਰ ਦੇਖ ਲੈਣ। ਜੇਕਰ ਝੂਲਾ ਹਿੱਲਦਾ-ਡੁੱਲਦਾ, ਟੁੱਟਿਆ ਜਾਂ ਸ਼ੱਕੀ ਹਾਲਤ ਵਿੱਚ ਨਜ਼ਰ ਆਵੇ ਤਾਂ ਉਸ ’ਤੇ ਸਵਾਰੀ ਨਾ ਕਰਨ। ਝੂਲਾ ਚਲਾਉਣ ਵਾਲੇ ਆਪਰੇਟਰ ਵੱਲੋਂ ਨਿਰਧਾਰਤ ਸਮਰੱਥਾ ਤੋਂ ਵੱਧ ਲੋਕ ਬਿਠਾਏ ਜਾ ਰਹੇ ਹੋਣ ਤਾਂ ਇਸ ਦੀ ਸ਼ਿਕਾਇਤ ਤੁਰੰਤ ਮੇਲਾ ਪ੍ਰਸ਼ਾਸਨ ਜਾਂ ਪੁਲਿਸ ਨੂੰ ਕੀਤੀ ਜਾਵੇ। ਬੱਚਿਆਂ ਦੀ ਉਮਰ, ਕੱਦ ਜਾਂ ਭਾਰ ਸਬੰਧੀ ਕੋਈ ਪਾਬੰਦੀ ਹੋਵੇ ਤਾਂ ਉਸ ਨੂੰ ਨਜ਼ਰਅੰਦਾਜ਼ ਨਾ ਕੀਤਾ ਜਾਵੇ। ਵਾਲ, ਦੁਪੱਟੇ, ਸਕਾਰਫ਼, ਢਿੱਲੇ ਕੱਪੜੇ ਅਤੇ ਮੋਬਾਈਲ ਫੋਨ ਝੂਲੇ ’ਤੇ ਬੈਠਣ ਸਮੇਂ ਖਾਸ ਧਿਆਨ ਨਾਲ ਸੰਭਾਲੇ ਜਾਣ। ਝੂਲਾ ਚੱਲਦੇ ਸਮੇਂ ਸੀਟ ਤੋਂ ਉੱਠਣ ਜਾਂ ਸੁਰੱਖਿਆ ਲਾਕ ਨਾਲ ਛੇੜਛਾੜ ਨਾ ਕੀਤੀ ਜਾਵੇ। ਸਭ ਤੋਂ ਜ਼ਰੂਰੀ ਇਹ ਕਿ ਰੋਮਾਂਚ ਲਈ ਸੁਰੱਖਿਆ ਨਾਲ ਸਮਝੌਤਾ ਨਾ ਕਰੋ। ਜੇ ਕਿਸੇ ਝੂਲੇ ਬਾਰੇ ਥੋੜ੍ਹਾ ਜਿਹਾ ਵੀ ਸ਼ੱਕ ਹੋਵੇ ਤਾਂ ਸਵਾਰੀ ਕਰਨ ਦੀ ਬਜਾਏ ਪ੍ਰਸ਼ਾਸਨ ਤੋਂ ਉਸ ਦੀ ਜਾਂਚ ਕਰਵਾਉਣਾ ਹੀ ਬਿਹਤਰ ਹੈ।