ਤਿੰਨ ਰੋਜ਼ਾ ਸੂਬਾਈ ਸਿਖਿਆਰਥੀ ਚੇਤਨਾ ਕੈਂਪ ਦਾ ਆਗਾਜ਼ ਅੱਜ ਤਿੰਨ ਰੋਜ਼ਾ ਸੂਬਾਈ ਸਿਖਿਆਰਥੀ ਚੇਤਨਾ ਕੈਂਪ ਦਾ ਆਗਾਜ਼ ਅੱਜ
Publish Date: Thu, 27 Aug 2026 08:59 PM (IST)
Updated Date: Thu, 27 Aug 2026 09:01 PM (IST)
-ਫ਼ਿਲਮ ਹੋਪ ਤੇ ਰਾਮ ਕੇ ਨਾਮ ਦੀ ਹੋਏਗੀ ਸਕਰੀਨਿੰਗ -ਦੇਸ਼ ਭਗਤ ਯਾਦਗਾਰ ਹਾਲ ਦਾ ਸੰਖੇਪ ਇਤਿਹਾਸ ਪੁਸਤਕ ਲੋਕ ਅਰਪਣ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਚ ਲੱਗ ਰਹੇ ਤਿੰਨ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਦਾ ਆਗਾਜ਼ 28 ਅਗਸਤ ਦੁਪਹਿਰ ਵੇਲੇ ਹੋਏਗਾ ਤੇ ਨਿਰੰਤਰ ਚੱਲਣ ਵਾਲਾ ਇਹ ਕੈਂਪ 30 ਅਗਸਤ ਸਵੇਰ ਵੇਲੇ ਆਪਣੀ ਚਰਮ ਸੀਮਾ ਤੇ ਪੁੱਜੇਗਾ। ਇਸ ਕੈਂਪ ਨੂੰ ਕਮੇਟੀ ਦੇ ਮੀਤ ਪ੍ਰਧਾਨ ਡਾ. ਪਰਮਿੰਦਰ, ਜਾਣੇ-ਪਹਿਚਾਣੇ ਵਿਦਵਾਨ, ਰੰਗ ਕਰਮੀ ਤੇ ਲੋਕ ਸਰੋਕਾਰਾਂ ਦੀ ਬਾਂਹ ਫੜਕੇ ਤੁਰਨ ਵਾਲੇ ਡਾ. ਕੁਲਦੀਪ ਦੀਪ ਤੇ ਤਰਕਸ਼ੀਲ ਸੋਸਾਇਟੀ ਪੰਜਾਬ ਦੇ ਪ੍ਰਮੁੱਖ ਆਗੂ ਮਾਸਟਰ ਰਾਜਿੰਦਰ ਭਦੌੜ ਸੰਬੋਧਨ ਕਰਨਗੇ। ਆਜ਼ਾਦੀ ਸੰਗਰਾਮ ਦੀਆਂ ਇਨਕਲਾਬੀ ਲਹਿਰਾਂ ਦੀ ਅਮਿਟ ਭੂਮਿਕਾ ਤੇ ਉਸਨੂੰ ਫ਼ਿਰਕੂ ਫਾਸ਼ੀ ਹੱਲੇ ਦਾ ਚੋਣਵਾਂ ਨਿਸ਼ਾਨਾ ਬਣਾਏ ਜਾਣ ਦੇ ਚੱਲ ਰਹੇ ਘਿਨੌਣੇ ਹੱਲੇ , ਸੋਸ਼ਲ ਮੀਡੀਆ ਨੌਜਵਾਨ ਪੀੜ੍ਹੀ ਤੇ ਸਮਾਜ ’ਚ ਗੈਰ ਵਿਗਿਆਨਕ ਹਨੇਰੀ ਵਗਾਉਣ ਨੂੰ ਪਿਛਲਖੋੜੀ ਮੋੜਾ ਦੇਣ ਲਈ ਵਿਗਿਆਨਕ ਸੂਝ-ਬੂਝ ਨਾਲ ਲੈਸ ਹੋਣ ਦੀ ਮਹੱਤਤਾ ਵਿਸ਼ਿਆਂ ਉਪਰ ਉਪਰੋਕਤ ਤਿੰਨੇ ਵਕਤਾ ਕ੍ਰਮਵਾਰ ਵਿਚਾਰ ਰੱਖਣਗੇ ਅਤੇ ਸਿਖਿਆਰਥੀਆਂ ਨਾਲ ਵਿਚਾਰ-ਚਰਚਾ ਕਰਨਗੇ। ਵਿਚਾਰ-ਚਰਚਾ ਤੋਂ ਇਲਾਵਾ 29 ਅਗਸਤ ਸ਼ਾਮ 6 ਵਜੇ ਪੀਪਲਜ਼ ਵਾਇਸ ਦੀ ਦੇਸ਼ ਭਗਤ ਯਾਦਗਾਰ ਹਾਲ ਨਾਲ ਲੰਮੇ ਅਰਸੇ ਤੋਂ ਜੁੜੀ ਟੀਮ ਵੱਲੋਂ ਫ਼ਿਲਮ ਸ਼ੋਅ ਹੋਏਗਾ। ਇਸ ਵਿੱਚ ਗੁਰਪ੍ਰੀਤ ਆਰਟਿਸਟ ਬਠਿੰਡਾ ਦੇ ਸਪੁੱਤਰ ਕੁੰਵਰ ਜੈ ਸਿੰਘ ਦੁਆਰਾ ਨਿਰਦੇਸ਼ਤ ਲਘੂ ਫ਼ਿਲਮ ਹੋਪ ਅਤੇ ਆਨੰਦ ਪਟਵਰਧਨ ਦੀ ਫ਼ਿਲਮ ਹੇ ਰਾਮ ਦੀ ਸਕਰੀਨਿੰਗ ਹੋਏਗੀ। ਤਿੰਨ ਰੋਜ਼ਾ ਸਿਖਿਆਰਥੀ ਚੇਤਨਾ ਕੈਂਪ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦਿੰਦੇ ਹੋਏ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਕਮੇਟੀ ਮੈਂਬਰ ਪ੍ਰੋ. ਤਜਿੰਦਰ ਵਿਰਲੀ, ਡਾ. ਸੈਲੇਸ਼ ਤੇ ਰਣਜੀਤ ਸਿੰਘ ਔਲਖ ਨੇ ਦੱਸਿਆ ਕਿ ਸਿਖਿਆਰਥੀਆਂ ਵਿੱਚ ਕੈਂਪ ਪ੍ਰਤੀ ਐਨਾ ਉਤਸ਼ਾਹ ਪਾਇਆ ਜਾ ਰਿਹਾ ਹੈ ਕਿ ਦੂਰ-ਦੁਰਾਡੇ ਖੇਤਰਾਂ ਤੋਂ 27 ਅਗਸਤ ਨੂੰ ਹੀ ਹਾਲ ਚ ਸਿਖਿਆਰਥੀ ਪੁੱਜਣੇ ਸ਼ੁਰੂ ਹੋ ਗਏ ਹਨ। ਅੱਜ ਦੀ ਮੀਟਿੰਗ ਚ ਕਮੇਟੀ ਜਨਰਲ ਸਕੱਤਰ ਗੁਰਮੀਤ ਸਿੰਘ ਦੁਆਰਾ ਸੰਪਾਦਤ ਦੇਸ਼ ਭਗਤ ਯਾਦਗਾਰ ਹਾਲ: ਸੰਖੇਪ ਇਤਿਹਾਸ ਪੁਸਤਕ ਲੋਕ ਅਰਪਣ ਕੀਤੀ ਗਈ। ਕਮੇਟੀ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈੱਸ ਨਾਲ ਇਹ ਜਾਣਕਾਰੀ ਸਾਂਝੀ ਕੀਤੀ।