ਪਿੰਡ ਬੜਿੰਗ ’ਚ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ ਸਮਾਪਤ
ਪਿੰਡ ਬੜਿੰਗ ’ਚ ਸ਼ਹੀਦ ਜੱਥੇਦਾਰ ਕਿਸ਼ਨ ਸਿੰਘ ਗੜਗਜ ਨੂੰ ਸਮਰਪਿਤ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ ਸਮਾਪਤ
Publish Date: Wed, 25 Feb 2026 09:13 PM (IST)
Updated Date: Wed, 25 Feb 2026 09:16 PM (IST)
-ਪ੍ਰਸਿੱਧ ਕਲਾਕਾਰ ਨੇ ਵਧਾਇਆ ਖਿਡਾਰੀਆਂ ਦਾ ਹੌਸਲਾ, ਕਿਹਾ, ਪੰਜਾਬ ਦੇ ਖਿਡਾਰੀਆਂ ਨੇ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪਿੰਡ ਬੜਿੰਗ ’ਚ ਸ਼ਹੀਦ ਕਿਸ਼ਨ ਸਿੰਘ ਗੜਗਜ ਨੂੰ ਸਮਰਪਿਤ ਤਿੰਨ ਰੋਜ਼ਾ ਹਾਕੀ ਟੂਰਨਾਮੈਂਟ ਬੁੱਧਵਾਰ ਪੂਰੀ ਧੂਮ-ਧਾਮ ਨਾਲ ਸਮਾਪਤ ਹੋਇਆ। ਇਸ ਟੂਰਨਾਮੈਂਟ ’ਚ ਪ੍ਰਸਿੱਧ ਕਲਾਕਾਰ ਬੀਨੂੰ ਢਿੱਲੋਂ, ਐਮੀ ਵਿਰਕ ਤੇ ਕਰਮਜੀਤ ਅਨਮੋਲ ਸਮੇਤ ਬੰਬੂਕਾਟ-2 ਫਿਲਮ ਦੇ ਕਲਾਕਾਰ ਵੀ ਖਿਡਾਰੀਆਂ ਦੇ ਮਨੋਬਲ ਨੂੰ ਵਧਾਉਣ ਲਈ ਪੁੱਜੇ। ਇਸ ਮੌਕੇ ਆਪਣੇ ਮਨਪਸੰਦ ਕਲਾਕਾਰ ਨੂੰ ਦੇਖ ਕੇ ਲੋਕਾਂ ਦਾ ਉਤਸ਼ਾਹ ਕਈ ਗੁਣਾ ਵੱਧ ਗਿਆ। ਆਪਣੇ ਸੰਬੋਧਨ ’ਚ ਕਲਾਕਾਰ ਬੀਨੂੰ ਢਿੱਲੋਂ ਨੇ ਕਿਹਾ ਕਿ ਹਾਕੀ ਤੇ ਕਬੱਡੀ ਪੰਜਾਬ ਦੀ ਸ਼ਾਨ ਹਨ ਤੇ ਪੰਜਾਬ ਦੇ ਖਿਡਾਰੀਆਂ ਨੇ ਇਹਨਾਂ ਖੇਡਾਂ ’ਚ ਭਾਰਤ ਦਾ ਨਾਮ ਅੰਤਰਰਾਸ਼ਟਰੀ ਪੱਧਰ ’ਤੇ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿੰਡ ਪੱਧਰ ’ਤੇ ਅਜਿਹੇ ਮੁਕਾਬਲੇ ਸਾਡੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜੀ ਰੱਖਣ ਲਈ ਪ੍ਰੇਰਿਤ ਕਰਦੇ ਹਨ ਤੇ ਇਹ ਖੇਡ ਮੁਕਾਬਲੇ ਕਰਵਾਉਣ ਲਈ ਉਨ੍ਹਾਂ ਪਿੰਡ ਬੜਿੰਗ ਦੇ ਵਸਨੀਕਾਂ ਨੂੰ ਵਧਾਈ ਦਿੱਤੀ।
ਇਹ ਟੂਰਨਾਮੈਂਟ ਸ਼ਹੀਦ ਕਿਸ਼ਨ ਸਿੰਘ ਗੜਗਜ ਕਮੇਟੀ ਬੜਿੰਗ ਸਪੋਰਟਸ ਤੇ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਬਿੱਟਾ ਦੀ ਦੇਖ-ਰੇਖ ’ਚ ਮੁਕੰਮਲ ਹੋਇਆ। ਬਿੱਟਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਆਪਣੇ ਜੀਵਨ ਦਾ ਬਲੀਦਾਨ ਦੇਣ ਵਾਲੇ ਸ਼ਹੀਦ ਜਥੇਦਾਰ ਕਿਸ਼ਨ ਸਿੰਘ ਗੜਗਜ ਦੀ 100ਵੀਂ ਸਾਲਾਨਾ ਸਤਾਬਦੀ ਨੂੰ ਸਮਰਪਿਤ ਇਹ ਟੂਰਨਾਮੈਂਟ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ’ਚ ਅਕਸਰ ਅਜਿਹੇ ਟੂਰਨਾਮੈਂਟ ਕਰਵਾਏ ਜਾਂਦੇ ਰਹਿੰਦੇ ਹਨ ਤਾਂ ਜੋ ਨੌਜਵਾਨਾਂ ਨੂੰ ਆਪਣੀ ਅਮੀਰ ਤੇ ਮਹਾਨ ਵਿਰਾਸਤ ਨਾਲ ਜੋੜ ਕੇ ਰੱਖਿਆ ਜਾ ਸਕੇ। ਹਾਕੀ ਟੂਰਨਾਮੈਂਟ ਅੰਡਰ-18 ਦਾ ਮੁਕਾਬਲਾ ਸੁਰਜੀਤ ਹਾਕੀ ਸੁਸਾਇਟੀ ਨੇ ਜਿੱਤਿਆ ਜਦਕਿ ਓਪਨ ਕਲੱਬ ਮੁਕਾਬਲਾ ਪਿੰਡ ਬੜਿੰਗ ਦੀ ਟੀਮ ਨੇ ਜਿੱਤਿਆ। ਹਾਕੀ ਟੂਰਨਾਮੈਂਟ ਦੀ ਜੇਤੂ ਟੀਮ ਲਈ 51 ਹਜ਼ਾਰ ਰੁਪਏ ਤੇ ਦੂਸਰੇ ਨੰਬਰ ’ਤੇ ਆਉਣ ਵਾਲੀ ਟੀਮ ਲਈ 31 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਗਿਆ। ਇਸ ਮੌਕੇ ਸ਼ਹੀਦ ਕਿਸ਼ਨ ਸਿੰਘ ਗੜਗਜ਼ ਕਮੇਟੀ ਬੜਿੰਗ ਸਪੋਰਟਸ ਐਂਡ ਵੈੱਲਫੇਅਰ ਸੁਸਾਇਟੀ ਤੋਂ ਲਖਵੀਰ ਸਿੰਘ ਮਨਪ੍ਰੀਤ ਸਿੰਘ ਸਕੱਤਰ, ਭੁਪਿੰਦਰ ਸਿੰਘ ਭੂਪੀ ਮੈਂਬਰ, ਭੁਪਿੰਦਰ ਪਿੰਦਾ ਮੈਂਬਰ, ਦਲਵਿੰਦਰ ਸਿੰਘ ਮੈਂਬਰ ਵੀ ਮੌਜੂਦ ਸਨ।