ਡੇਰਾ ਸੰਤਗੜ੍ਹ ’ਚ ਤਿੰਨ ਰੋਜ਼ਾ ਬਰਸੀ ਤੇ ਗੁਰਮਤਿ ਸਮਾਗਮ 10 ਮਾਰਚ ਤੋਂ
ਡੇਰਾ ਸੰਤਗੜ੍ਹ ਵਿਖੇ ਤਿੰਨ ਰੋਜ਼ਾ ਸਾਲਾਨਾ ਬਰਸੀ ਤੇ ਗੁਰਮਤਿ ਸਮਾਗਮ 10 ਮਾਰਚ ਤੋਂ
Publish Date: Sun, 22 Feb 2026 06:20 PM (IST)
Updated Date: Sun, 22 Feb 2026 06:22 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਹਰਖੋਵਾਲ ਸੰਪ੍ਰਦਾਵਾਂ ਦੇ ਅਨਮੋਲ ਹੀਰੇ ਸੰਤ ਬਾਬਾ ਮਹਿੰਦਰ ਸਿੰਘ ਹਰਖੋਵਾਲੀਏ ਦੀ 42ਵੀਂ ਬਰਸੀ ਤੇ ਸੰਤ ਬਾਬਾ ਦੀਦਾਰ ਸਿੰਘ ਹਰਖੋਵਾਲੀਏ ਦੀ ਸੱਤਵੀਂ ਸਾਲਾਨਾ ਮਿੱਠੀ ਯਾਦ ਮਨਾਉਣ ਸਬੰਧੀ ਵਿਸ਼ੇਸ਼ ਇਕੱਤਰਤਾ ਹਰਖੋਵਾਲ ਸੰਪ੍ਰਦਾਇ ਦੇ ਮੁੱਖ ਅਸਥਾਨ ਗੁਰਦੁਆਰਾ ਡੇਰਾ ਸੰਤਗੜ੍ਹ ਕਪੂਰਥਲਾ ਰੋਡ ਵਿਖੇ ਹੋਈ। ਹਰਖੋਵਾਲ ਸੰਪ੍ਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਭਗਵਾਨ ਸਿੰਘ ਦੀ ਅਗਵਾਈ ’ਚ ਹੋਈ ਮੀਟਿੰਗ ’ਚ ਅਹਿਮ ਵਿਚਾਰਾਂ ਹੋਈਆਂ। ਸੰਤ ਬਾਬਾ ਭਗਵਾਨ ਸਿੰਘ ਨੇ ਦੱਸਿਆ ਕਿ ਇਲਾਕਾ ਵਾਸੀਆਂ ਤੇ ਸਮੂਹ ਸੰਗਤਾਂ ਦੇ ਭਰਪੂਰ ਸਹਿਯੋਗ ਨਾਲ ਲਗਾਤਾਰ 36 ਘੰਟੇ ਤਕ ਚੱਲਣ ਵਾਲੇ ਸਮਾਗਮਾਂ ਦੀ ਰੂਪ ਰੇਖਾ ਤੇ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮਹਾਪੁਰਸ਼ਾਂ ਦੀ ਸਾਲਾਨਾ ਮਿੱਠੀ ਯਾਦ ਮਨਾਉਂਦੇ ਹੋਏ 10 ਮਾਰਚ ਮੰਗਲਵਾਰ ਸ਼ਾਮ 7 ਤੋਂ ਰਾਤ 10 ਵਜੇ ਤਕ ਵਿਸ਼ੇਸ਼ ਕਵੀ ਦਰਬਾਰ ’ਚ ਪੰਜਾਬ ਦੇ ਰਫੀ ਵਜੋਂ ਪ੍ਰਸਿੱਧ ਰਛਪਾਲ ਸਿੰਘ ਪਾਲ ਤੇ ਹੋਰ ਪੰਥਕ ਕਵੀ ਆਪਣੀਆਂ ਰਚਨਾਵਾਂ ਨਾਲ ਮਹਾਪੁਰਸ਼ਾਂ ਦੀ ਮਹਿਮਾ ਕਰਨਗੇ। 11 ਮਾਰਚ ਨੂੰ ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਨਾਲ ਲਗਾਤਾਰ 36 ਘੰਟੇ ਚੱਲਣ ਵਾਲੇ ਦੀਵਾਨਾਂ ਦੀ ਆਰੰਭਤਾ ਹੋਵੇਗੀ। ਜਿਸ ’ਚ 11 ਮਾਰਚ ਨੂੰ ਸਾਰਾ ਦਿਨ ਦੀਵਾਨ ਸੱਜਣਗੇ ਤੇ ਰਾਤ ਨੂੰ ਰੈਣ-ਸਬਾਈ ਕੀਰਤਨ ਹੋਵੇਗਾ ਤੇ 12 ਮਾਰਚ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਲੈ ਕੇ ਸ਼ਾਮ ਨੂੰ ਸੋਦਰ ਰਹਿਰਾਸ ਤਕ ਸਾਰਾ ਦਿਨ ਸੱਜਣ ਵਾਲੇ ਦੀਵਾਨ ’ਚ ਮਹਾਨ ਕੀਰਤਨ ਦਰਬਾਰ ਤੇ ਸੰਤ ਸਮਾਗਮ ਹੋਣਗੇ। ਜਿਸ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਜੀ ਤੇ ਭਾਈ ਸ਼ੁਭਦੀਪ ਸਿੰਘ ਦੇ ਜੱਥਿਆਂ ਦੇ ਕੀਰਤਨ ਤੋਂ ਇਲਾਵਾ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ ਗੁਰਮਤਿ ਵਿਚਾਰਾਂ ਨਾਲ ਤੇ ਬੀਬੀ ਦਲੇਰ ਕੌਰ ਖਾਲਸਾ ਦਾ ਢਾਡੀ ਜਥਾ, ਭਾਈ ਜਸਪ੍ਰੀਤ ਸਿੰਘ ਜਵੱਦੀ ਕਲਾਂ, ਭਾਈ ਇੰਦਰਜੀਤ ਸਿੰਘ ਫੱਕਰ ਪਟਿਆਲਾ, ਭਾਈ ਜਸਪਾਲ ਸਿੰਘ ਰਾਜ ਨਗਰ, ਢਾਡੀ ਜੱਥਾ ਭਾਈ ਨਿਰਮਲ ਸਿੰਘ ਨੂਰ, ਭਾਈ ਕਮਲਜੀਤ ਸਿੰਘ ਸ਼ਾਂਤ, ਬੀਬੀ ਬਲਵਿੰਦਰ ਕੌਰ ਖਡੂਰ ਸਾਹਿਬ, ਅਸਥਾਨ ਦੇ ਹਜ਼ੂਰੀ ਰਾਗੀ ਭਾਈ ਅੰਮ੍ਰਿਤਪਾਲ ਸਿੰਘ, ਕਥਾਵਾਚਕ ਭਾਈ ਲਵਪ੍ਰੀਤ ਸਿੰਘ, ਸੰਤ ਬਾਬਾ ਜਵਾਲਾ ਸਿੰਘ ਜੀ ਸੰਗੀਤ ਅਕੈਡਮੀ ਦੇ ਵਿਦਿਆਰਥੀ ਕਥਾ ਕੀਰਤਨ ਤੇ ਗੁਰਮਤਿ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸ੍ਰੀ ਅਨੰਦਪੁਰ ਸਾਹਿਬ ਤੋਂ ਪੰਜ ਪਿਆਰੇ ਵੀ ਵਿਸ਼ੇਸ਼ ਤੌਰ ’ਤੇ ਗੁਰਮਤਿ ਸਮਾਗਮਾਂ ’ਚ ਸ਼ਮੂਲੀਅਤ ਕਰਨਗੇ। ਇਸੇ ਦੌਰਾਨ 11 ਮਾਰਚ ਬੁੱਧਵਾਰ ਦੁਪਹਿਰ 12 ਵਜੇ ਅੰਮ੍ਰਿਤ ਸੰਚਾਰ ਹੋਵੇਗਾ। ਅੰਮ੍ਰਿਤ ਅਭਿਲਾਖੀਆਂ ਨੂੰ ਕਕਾਰ ਭੇਟਾ ਰਹਿਤ ਦਿੱਤੇ ਜਾਣਗੇ। ਇਸੇ ਤਰ੍ਹਾਂ 11 ਮਾਰਚ ਨੂੰ ਹੀ ਮੁਫਤ ਮੈਡੀਕਲ ਚੈੱਕਅਪ ਤੇ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ ਵੀ ਲਗਾਇਆ ਜਾਵੇਗਾ। ਇਨ੍ਹਾਂ ਮਹਾਨ ਗੁਰਮਤਿ ਸਮਾਗਮਾਂ ’ਚ ਦੇਸ਼ ਵਿਦੇਸ਼ ਦੀ ਸੰਗਤਾਂ ਤੋਂ ਇਲਾਵਾ ਤਖਤ ਸਾਹਿਬਾਨਾਂ ਦੇ ਸਿੰਘ ਸਾਹਿਬ, ਨਿਰਮਲੇ ਉਦਾਸੀ ਸੰਪ੍ਰਦਾਵਾਂ ਦੇ ਮਹਾਂਪੁਰਖ, ਪੰਥਕ ਸੰਪ੍ਰਦਾਵਾਂ ਤੇ ਟਕਸਾਲਾਂ ਦੇ ਮੁੱਖੀ ਸੇਵਾਦਾਰ, ਨਿਹੰਗ ਸਿੰਘ ਜਥੇਬੰਦੀਆਂ, ਸਮੂਹ ਸਿੰਘ ਸਭਾਵਾਂ, ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਸ਼ਮੂਲੀਅਤ ਕਰ ਕੇ ਸਮਾਗਮ ਦੀ ਰੌਣਕ ਨੂੰ ਵਧਾਉਣਗੇ। ਸਾਰੇ ਦੀਵਾਨਾਂ ’ਚ ਚੱਲਣ ਵਾਲੇ ਗੁਰੂ ਕੇ ਅਤੁੱਟ ਲੰਗਰ ਦੇਸੀ ਘਿਓ ਨਾਲ ਤਿਆਰ ਕੀਤੇ ਜਾਣਗੇ। ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨ ਵਾਲਿਆਂ ’ਚ ਅਮਰਜੀਤ ਸਿੰਘ ਸਿੱਧਵਾਂ, ਦਮਨਜੀਤ ਸਿੰਘ, ਸੁਖਵਿੰਦਰ ਸਿੰਘ, ਜਤਿੰਦਰਪਾਲ ਸਿੰਘ ਮਝੈਲ, ਸਾਬਕਾ ਡੀਐੱਸਪੀ ਨਿਰਮਲ ਸਿੰਘ, ਬਲਦੇਵ ਸਿੰਘ ਗੱਤਕਾ ਮਾਸਟਰ, ਹਰਸਿਮਰਨ ਸਿੰਘ ਕਾਕੂ, ਰਾਜਿੰਦਰ ਸਿੰਘ ਦਲਜੀਤ ਸਿੰਘ, ਜਸਵਿੰਦਰ ਸਿੰਘ ਯੂਕੇ, ਸੁਰਜੀਤ ਸਿੰਘ ਸੇਵਕ, ਅਵਤਾਰ ਸਿੰਘ ਬਾਹਰੀਆ, ਗੋਬਿੰਦ ਸਿੰਘ, ਸਤਨਾਮ ਸਿੰਘ ਸੁਖਮਨੀ ਸੇਵਾ ਸੁਸਾਇਟੀ ਤੇ ਹੋਰ ਬਹੁਤ ਸਾਰੇ ਧਾਰਮਿਕ ਤੇ ਸਮਾਜਿਕ ਨੁਮਾਇੰਦੇ ਸ਼ਾਮਲ ਸਨ।