- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੈਂਪ ਕੋਰਟ ਦੌਰਾਨ ਤਿੰਨ ਕੈਦੀਆਂ ਨੂੰ ਕੀਤਾ ਰਿਹਾ

ਚੰਦੀਪ ਭੱਲਾ, ਪੰਜਾਬੀ ਜਾਗਰਣ, ਜਲੰਧਰ : ਪ੍ਰਿਆ ਸੂਦ,ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਪਰਸਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ (ਡੀਐੱਲਐੱਸਏ), ਜਲੰਧਰ ਦੀ ਰਹਿਨੁਮਾਈ ਹੇਠ ਕੇਂਦਰੀ ਜੇਲ੍ਹ, ਕਪੂਰਥਲਾ ’ਚ ਕੈਂਟ ਕੋਰਟ ਲਾਈ ਗਈ। ਇਹ ਕੈਂਪ ਕੋਰਟ ਰਾਹੁਲ ਕੁਮਾਰ, ਮੁੱਖ ਨਿਆਇਕ ਮੈਜਿਸਟ੍ਰੇਟ-ਕਮ-ਸਕੱਤਰ, ਡੀਐੱਲਐੱਸਏ, ਜਲੰਧਰ ਵੱਲੋਂ ਲਾਈ ਗਈ। ਤੇਜ਼ੀ ਨਾਲ ਇਨਸਾਫ਼ ਦਿਵਾਉਣ ਤੇ ਜੇਲ੍ਹਾਂ ’ਚ ਭੀੜ ਘਟਾਉਣ ਦੇ ਅਸਲ ਮਕਸਦ ਨੂੰ ਦਰਸਾਉਂਦੇ ਹੋਏ 03 ਕੈਦੀਆਂ/ਹਵਾਲਾਤੀਆਂ ਵੱਲੋਂ ਛੋਟੇ-ਮੋਟੇ ਅਪਰਾਧਾਂ ’ਚ ਸਵੈ-ਇੱਛਾ ਨਾਲ ਦੋਸ਼ ਕਬੂਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੌਕੇ ’ਤੇ ਹੀ ਰਿਹਾਅ ਕਰਨ ਦੇ ਹੁਕਮ ਦਿੱਤੇ ਗਏ। ਇਸ ਮੌਕੇ ਬੋਲਦਿਆਂ ਰਾਹੁਲ ਕੁਮਾਰ ਨੇ ਦੱਸਿਆ ਕਿ ਜੇਲ੍ਹ ਦੌਰੇ ਦੌਰਾਨ, ਸਕੱਤਰ, ਡੀਐੱਲਐੱਸਏ ਨੇ ਕੈਦੀਆਂ ਨੂੰ ਦਿੱਤੀਆਂ ਜਾ ਰਹੀਆਂ ਰਹਿਣ-ਸਹਿਣ ਦੀਆਂ ਸਹੂਲਤਾਂ, ਰਸੋਈ ਦੀਆਂ ਸੁਵਿਧਾਵਾਂ, ਮੈਡੀਕਲ ਦੇਖਭਾਲ ਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਨੇ ਕਈ ਕੈਦੀਆਂ ਨੂੰ ਕਾਨੂੰਨੀ ਸੇਵਾਵਾਂ ਅਥਾਰਿਟੀਜ਼ ਐਕਟ ਤਹਿਤ ਮਿਲਣ ਵਾਲੀ ਮੁਫ਼ਤ ਕਾਨੂੰਨੀ ਸਹਾਇਤਾ ਸਮੇਤ ਉਨ੍ਹਾਂ ਦੇ ਮੌਲਿਕ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ। ਕੈਦੀਆਂ ਨੂੰ ਭਰੋਸਾ ਦਿਵਾਇਆ ਗਿਆ ਕਿ ਕਾਨੂੰਨੀ ਨੁਮਾਇੰਦਗੀ ਦੀ ਘਾਟ ਕਾਰਨ ਕਿਸੇ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਇਸ ਮੌਕੇ ਸੀਨੀਅਰ ਜੇਲ੍ਹ ਅਧਿਕਾਰੀ, ਵਕੀਲ ਤੇ ਡੀਐੱਲਐੱਸਏ ਦਾ ਸਟਾਫ ਮੌਜੂਦ ਸੀ।