- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਘਰ ਦੀ ਛੱਤ ਡਿੱਗਣ ਨਾਲ ਪਿਓ-ਪੁੱਤ ਸਮੇਤ ਤਿੰਨ ਜਣੇ ਜ਼ਖ਼ਮੀ

ਲੋਕਾਂ ਨੇ ਮਲਬੇ ਹੇਠ ਦੱਬੇ ਪਿਓ-ਪੁੱਤ ਨੂੰ ਕੱਢਿਆ ਬਾਹਰ
ਰਾਕੇਸ਼ ਗਾਂਧੀ ਪੰਜਾਬੀ ਜਾਗਰਣ ਜਲੰਧਰ
ਮੰਗਲਵਾਰ ਸਵੇਰੇ ਢਨ ਮੁਹੱਲਾ ਗਰਾਊਂਡ ਨੇੜੇ ਇੱਕ ਪੁਰਾਣੇ ਘਰ ਦੀ ਛੱਤ ਅਚਾਨਕ ਡਿੱਗ ਪਈ। ਘਟਨਾ ਸਮੇਂ ਪਰਿਵਾਰਕ ਮੈਂਬਰ ਘਰ ਦੇ ਅੰਦਰ ਸੁੱਤੇ ਪਏ ਸਨ। ਡਿੱਗਦੇ ਮਲਬੇ ਕਾਰਨ ਦੀਪਕ ਅਤੇ ਉਸ ਦੇ ਅੱਠ ਸਾਲਾ ਪੁੱਤਰ ਸਮੇਤ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਹੋ ਗਏ। ਛੱਤ ਡਿੱਗਣ ਤੋਂ ਤੁਰੰਤ ਬਾਅਦ ਹਫੜਾ-ਦਫੜੀ ਮੱਚ ਗਈ ਅਤੇ ਮਦਦ ਲਈ ਚੀਕ-ਚਿਹਾੜਾ ਪੈ ਗਿਆ। ਛੱਤ ਡਿੱਗਣ ਦੀ ਜ਼ੋਰਦਾਰ ਆਵਾਜ਼ ਸੁਣ ਕੇ ਗੁਆਂਢੀ ਮੌਕੇ 'ਤੇ ਪਹੁੰਚੇ ਤੇ ਬਚਾਅ ਕਾਰਜ ਸ਼ੁਰੂ ਕੀਤੇ। ਸਥਾਨਕ ਲੋਕਾਂ ਨੇ ਮਲਬਾ ਹਟਾਇਆ ਅਤੇ ਹੇਠਾਂ ਦੱਬੇ ਦੀਪਕ ਤੇ ਉਸ ਦੇ ਬੱਚੇ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ।
ਦੀਪਕ ਦੇ ਸਿਰ ਅਤੇ ਹੱਥਾਂ 'ਤੇ ਸੱਟਾਂ ਲੱਗੀਆਂ ਹਨ, ਜਦਕਿ ਉਸ ਦੇ ਅੱਠ ਸਾਲਾ ਪੁੱਤਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪਰਿਵਾਰ ਅਨੁਸਾਰ, ਇਹ ਘਰ ਕਾਫ਼ੀ ਪੁਰਾਣਾ ਤੇ ਜੱਦੀ ਹੈ। ਛੱਤਾਂ ਲੰਬੇ ਸਮੇਂ ਤੋਂ ਘਸਤਾ ਹਾਲਤ ’ਚ ਸਨ। ਦੀਪਕ ਆਟੋ-ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ। ਦੀਪਕ ਨੇ ਦੱਸਿਆ ਕਿ ਉਹ ਸਵੇਰੇ ਕਰੀਬ 3:30 ਵਜੇ ਆਪਣੇ ਪਰਿਵਾਰ ਨਾਲ ਸੁੱਤਾ ਪਿਆ ਸੀ ਜਦੋਂ ਛੱਤ ਅਚਾਨਕ ਡਿੱਗ ਪਈ ਤੇ ਉਹ ਮਲਬੇ ਹੇਠ ਦੱਬੇ ਗਏ। ਗੁਆਂਢੀਆਂ ਦੀ ਤੁਰੰਤ ਕਾਰਵਾਈ ਸਦਕਾ ਉਨ੍ਹਾਂ ਨੂੰ ਸਮੇਂ ਸਿਰ ਬਚਾਅ ਲਿਆ ਗਿਆ। ਦੀਪਕ ਨੇ ਦੱਸਿਆ ਕਿ ਉਸ ਨੇ ਪਹਿਲਾਂ ਵੀ ਛੱਤਾਂ ਬਾਰੇ ਸਰਕਾਰੀ ਮਦਦ ਲਈ ਅਰਜ਼ੀ ਦਿੱਤੀ ਸੀ ਤੇ ਸਥਾਨਕ ਕੌਂਸਲਰ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸੰਪਰਕ ਕੀਤਾ ਸੀ। ਦੀਪਕ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਅਤੇ ਆਰਜ਼ੀ ਤੇ ਸੁਰੱਖਿਅਤ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾਵੇ। ਘਰ ਦੀ ਖਸਤਾ ਹਾਲਤ ਨੂੰ ਦੇਖਦਿਆਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਹੈ ਕਿ ਜਲਦੀ ਤੋਂ ਜਲਦੀ ਲੋੜੀਂਦੀ ਮਦਦ ਮੁਹੱਈਆ ਕਰਵਾਈ ਜਾਵੇ।