ਕਾਰ ਨੇ ਸਕੂਟਰੀ ਸਵਾਰਾਂ ਨੂੰ ਮਾਰੀ ਟੱਕਰ, ਇੱਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਫਿਲੌਰ-ਨੂਰਮਹਿਲ ਰੋਡ ’ਤੇ ਸਕੂਟਰੀ ਤੇ ਕਾਰ ਦੀ ਭਿਆਨਕ ਟੱਕਰ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ
Publish Date: Fri, 21 Aug 2026 07:19 PM (IST)
Updated Date: Sat, 22 Aug 2026 04:03 AM (IST)
* ਫਿਲੌਰ-ਨੂਰਮਹਿਲ ਰੋਡ ’ਤੇ ਪਿੰਡ ਹਰੀਪੁਰ ਖ਼ਾਲਸਾ ਵਾਪਰਿਆ ਹਾਦਸਾ * ਪੁਲਿਸ ਨੇ ਕਾਰ ਚਾਲਕ ਨੂੰ ਹਿਰਾਸਤ ’ਚ ਲਿਆ, ਅਗਲੇਰੀ ਕਾਰਵਾਈ ਵਿੱਢੀ * ਨਕੋਦਰ ’ਚ ਮੇਲਾ ਵੇਖਣ ਮਗਰੋਂ ਵਾਪਸ ਲੁਧਿਆਣਾ ਜਾ ਰਹਿ ਸੀ ਪਰਿਵਾਰ ਅਜੇ ਸਿੰਘ ਨਾਗੀ/ਨਵਦੀਪ ਸਿੰਘ ਨਵੀ, ਪੰਜਾਬੀ ਜਾਗਰਣ ਫਿਲੌਰ : ਫਿਲੌਰ-ਨੂਰਮਹਿਲ ਰੋਡ ’ਤੇ ਪਿੰਡ ਹਰੀਪੁਰ ਖ਼ਾਲਸਾ ਨੇੜੇ ਵਾਪਰੇ ਇਕ ਸੜਕ ਹਾਦਸੇ ’ਚ ਇੱਕੋਂ ਪਰਿਵਾਰ ਦੇ ਪਤੀ-ਪਤਨੀ ਸਣੇ ਉਨ੍ਹਾਂ ਦੀ ਛੋਟੀ ਬੱਚੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲੁਧਿਆਣਾ ਦੇ ਪਿੰਡ ਤਾਜਪੁਰ ਵਾਸੀ ਪਰਿਵਾਰ ਨਕੋਦਰ ਵਿਖੇ ਮੇਲਾ ਦੇਖਣ ਤੇ ਮੱਥਾ ਟੇਕਣ ਉਪਰੰਤ ਐਕਟਿਵਾ ਸਕੂਟਰੀ ’ਤੇ ਸਵਾਰ ਹੋ ਕੇ ਆਪਣੇ ਘਰ ਪਰਤ ਰਿਹਾ ਸੀ। ਜਦੋਂ ਉਹ ਫਿਲੌਰ-ਨੂਰਮਹਿਲ ਰੋਡ ’ਤੇ ਪਿੰਡ ਹਰੀਪੁਰ ਖ਼ਾਲਸਾ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਕਾਰ ਨੇ ਉਨ੍ਹਾਂ ਦੀ ਸਕੂਟਰੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਾਦਸੇ ’ਚ ਵਿਨੈ ਦੀ ਪਤਨੀ ਸੁੰਮਨ ਤੇ ਉਨ੍ਹਾਂ ਦੀ ਛੋਟੀ ਧੀ ਕਵੀਸ਼ਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਵਿਨੈ ਪੁੱਤਰ ਰਸਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਵਿਨੈ ਨੂੰ ਸਿਵਲ ਹਸਪਤਾਲ ਫਿਲੌਰ ਲਿਆਂਦਾ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਜਲੰਧਰ ਰੈਫਰ ਕਰ ਦਿੱਤਾ। ਜਲੰਧਰ ਲਿਜਾਂਦੇ ਸਮੇਂ ਫਗਵਾੜਾ ਨੇੜੇ ਉਸ ਨੇ ਵੀ ਦਮ ਤੋੜ ਦਿੱਤਾ। ਇਸ ਤਰ੍ਹਾਂ ਹਾਦਸੇ ’ਚ ਇੱਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਫਿਲੌਰ ਦੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਹਾਦਸੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਵੱਲੋਂ ਕਾਰ ਚਾਲਕ ਨੂੰ ਹਿਰਾਸਤ ’ਚ ਲਏ ਜਾਣ ਦੀ ਜਾਣਕਾਰੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਤੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੱਕੋਂ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ’ਚ ਸੋਗ ਦੀ ਲਹਿਰ ਫੈਲ ਗਈ।