60 ਦਿਨਾਂ ’ਚ 3 ਕਮਿਸ਼ਨਰ ਬਦਲੇ, ਸਮੱਸਿਆਵਾਂ ਜਿਉਂ ਦੀ ਤਿਉਂ : ਰਵਿਸ਼ ਰਾਜ ਜਲੰਧਰ ’ਚ 60 ਦਿਨਾਂ ’ਚ 3 ਕਮਿਸ਼ਨਰ ਬਦਲੇ, ਸ਼ਹਿਰ ਦੀਆਂ ਸਮੱਸਿਆਵਾਂ ਜਿਉਂ ਦੀ ਤਿਉਂ: ਰਵਿਸ਼ ਰਾਜ
Publish Date: Wed, 16 Sep 2026 08:39 PM (IST)
Updated Date: Wed, 16 Sep 2026 08:41 PM (IST)
-ਸ਼ਹਿਰ ਦਾ ਵਿਕਾਸ ਬੁਰੀ ਤਰ੍ਹਾਂ ਪ੍ਰਭਾਵਿਤ, ਸਰਕਾਰ ਨਹੀਂ ਦੇ ਰਹੀ ਧਿਆਨ ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸ ਆਗੂ ਤੇ ਪੰਜਾਬ ਬ੍ਰਾਹਮਣ ਬੋਰਡ ਦੇ ਸਾਬਕਾ ਡਾਇਰੈਕਟਰ ਰਵਿਸ਼ ਰਾਜ ਸ਼ਰਮਾ ਨੇ ਨਗਰ ਨਿਗਮ ’ਚ ਲਗਾਤਾਰ ਹੋ ਰਹੀਆਂ ਕਮਿਸ਼ਨਰਾਂ ਦੀਆਂ ਬਦਲੀਆਂ ਤੇ ਸਵਾਲ ਚੁੱਕਦਿਆਂ ਕਿਹਾ ਕਿ ਮਹਿਜ਼ 60 ਦਿਨਾਂ ’ਚ ਨਗਰ ਨਿਗਮ ਦੇ ਸਿਖਰਲੇ ਅਧਿਕਾਰੀ ਦੇ ਪੱਧਰ ਤੇ ਤਿੰਨ ਬਦਲਾਅ ਪ੍ਰਸ਼ਾਸਨਿਕ ਸਥਿਰਤਾ ਤੇ ਗੰਭੀਰ ਸਵਾਲ ਖੜ੍ਹੇ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਅਸਰ ਨਗਰ ਨਿਗਮ ਦੀਆਂ ਫਾਈਲਾਂ ਤੇ ਲੰਬਿਤ ਪ੍ਰਾਜੈਕਟਾਂ ਦੇ ਕੰਮ ਤੇ ਪੈ ਰਿਹਾ ਹੈ, ਜਿਸ ਕਾਰਨ ਵਿਕਾਸ ਕਾਰਜਾਂ ਦੀ ਰਫ਼ਤਾਰ ਪ੍ਰਭਾਵਿਤ ਹੋ ਰਹੀ ਹੈ ਤੇ ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਜਿਉਂ ਦੀ ਤਿਉਂ ਬਣੀਆਂ ਹੋਈਆਂ ਹਨ। ਅਗਸਤ ’ਚ ਸਫ਼ਾਈ ਕਰਮਚਾਰੀਆਂ ਦੀ ਪੰਜ ਦਿਨਾਂ ਦੀ ਹੜਤਾਲ ਦੌਰਾਨ ਸ਼ਹਿਰ ਦੀਆਂ ਸੜਕਾਂ ਤੇ ਰਿਹਾਇਸ਼ੀ ਇਲਾਕਿਆਂ ’ਚ ਕਰੀਬ 2,000 ਮੀਟ੍ਰਿਕ ਟਨ ਕੂੜਾ ਇਕੱਠਾ ਹੋਣ ਦੀ ਰਿਪੋਰਟ ਸਾਹਮਣੇ ਆਈ ਸੀ। ਇਸ ਦੇ ਨਾਲ ਹੀ ਵਰਿਆਣਾ ਡੰਪਸਾਈਟ ਨੂੰ ਲੈ ਕੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ’ਚ ਚੱਲ ਰਹੀ ਕਾਰਵਾਈ ਦੌਰਾਨ ਕੂੜਾ ਪ੍ਰਬੰਧਨ, ਲੀਚੇਟ, ਕੂੜੇ ਦੀ ਮਾਤਰਾ ਤੇ ਵਾਤਾਵਰਣਕ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਗੰਭੀਰ ਸਵਾਲ ਉੱਠੇ ਹਨ। ਅਗਸਤ ’ਚ ਐੱਨਜੀਟੀ ਨੇ ਤਾਜ਼ਾ ਨਿਰੀਖਣ ਦੇ ਨਿਰਦੇਸ਼ ਦਿੰਦਿਆਂ ਇਹ ਵੀ ਦਰਜ ਕੀਤਾ ਕਿ ਸਾਈਟ ਤੇ ਕੂੜੇ ਦੀ ਸੈਗਰੀਗੇਸ਼ਨ, ਟ੍ਰੀਟਮੈਂਟ ਤੇ ਹੋਰ ਵਾਤਾਵਰਣਕ ਮਾਪਦੰਡਾਂ ਨਾਲ ਸਬੰਧਤ ਪਾਲਣਾ ’ਚ ਕਮੀਆਂ ਸਾਹਮਣੇ ਆਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਜਾ ਫਾਊਂਡੇਸ਼ਨ ਦੇ ਅਰਬਨ ਗਵਰਨੇਂਸ ਇੰਡੇਕਸ -2024 ’ਚ ਪੰਜਾਬ 31 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 27ਵੇਂ ਸਥਾਨ ਤੇ ਰਿਹਾ ਤੇ ਇਸ ਨੂੰ 100 ’ਚੋਂ 28.34 ਅੰਕ ਮਿਲੇ। ਉਨ੍ਹਾਂ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਤੇ ਸਥਾਨਕ ਸਰਕਾਰ ਵਿਭਾਗ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਜਲੰਧਰ ਵਰਗੇ ਵੱਡੇ ਸ਼ਹਿਰ ਨੂੰ ਸਥਿਰ ਪ੍ਰਸ਼ਾਸਨ ਕਦੋਂ ਮਿਲੇਗਾ, ਲੰਬਿਤ ਵਿਕਾਸ ਪ੍ਰਾਜੈਕਟਾਂ ਦੀ ਸਮੇਂਬੱਧ ਸਮੀਖਿਆ ਕੌਣ ਕਰੇਗਾ ਤੇ ਵਰਿਆਣਾ ਸਮੇਤ ਕੂੜਾ ਪ੍ਰਬੰਧਨ ਦੀ ਸਮੱਸਿਆ ਦਾ ਸਥਾਈ ਹੱਲ ਕਦੋਂ ਕੀਤਾ ਜਾਵੇਗਾ।