ਹਲਕਾ ਸ਼ਾਹਕੋਟ ’ਚ ਭਾਜਪਾ ਦੇ ਤਿੰਨ ਇੰਚਾਰਜ! ਹਲਕਾ ਸ਼ਾਹਕੋਟ ’ਚ ਭਾਜਪਾ ਦੇ ਤਿੰਨ ਇੰਚਾਰਜ !
Publish Date: Tue, 29 Sep 2026 07:58 PM (IST)
Updated Date: Tue, 29 Sep 2026 08:00 PM (IST)
-ਯਾਤਰਾ ਨਾਲੋਂ ਵਧੇਰੇ ਚਰਚਾ ਦਾਅਵੇਦਾਰੀਆਂ ਦੀ ਗਿਆਨ ਸੈਦਪੁਰੀ, ਪੰਜਾਬੀ ਜਾਗਰਣ, ਸ਼ਾਹਕੋਟ : ਵਿਧਾਨ ਸਭਾ ਹਲਕਾ ਸ਼ਾਹਕੋਟ ’ਚ ਭਾਰਤੀ ਜਨਤਾ ਪਾਰਟੀ ਦਾ ਅਸਲ ਇੰਚਾਰਜ ਕੌਣ ਹੈ, ਬਾਰੇ ਅਕਸਰ ਚਰਚਾ ਚੱਲਦੀ ਰਹਿੰਦੀ ਹੈ। ਪਾਰਟੀ ਦੇ ਅੰਦਰੋਂ ਕਈ ਕਾਰਕੂਨਾਂ ਵੱਲੋਂ ਇਹ ਗੱਲ ਵੀ ਆਖੀ ਜਾਂਦੀ ਹੈ ਕਿ ਪਾਰਟੀ ਅੰਦਰ ਹਲਕਾ ਇੰਚਾਰਜ ਦੀ ਕੋਈ ਵਿਵਸਥਾ ਹੀ ਨਹੀਂ ਹੈ। ਇਸ ਦੇ ਬਾਵਜੂਦ ਵੱਖ-ਵੱਖ ਆਗੂਆਂ ਵੱਲੋਂ ਆਪਣੇ ਆਪ ਨੂੰ ਹਲਕਾ ਇੰਚਾਰਜ ਦਰਸਾਇਆ ਜਾਂਦਾ ਹੈ। ਆਪਸੀ ਖਹਿਬਾਜ਼ੀ ਵੀ ਲੁਕੀ ਛੁਪੀ ਗੱਲ ਨਹੀਂ ਹੈ। ਮੰਗਲਵਾਰ ਨੂੰ ਭਾਜਪਾ ਦੀ ਨਸ਼ਾ ਮੁਕਤ ਯਾਤਰਾ ਸ਼ਾਹਕੋਟ ਪੁੱਜੀ ਤਾਂ ਲੋਕਾਂ ਅੰਦਰ ਯਾਤਰਾ ਨਾਲੋਂ ਵੱਧ ਚਰਚਾ ਹਲਕਾ ਇੰਚਾਰਜ ਦੀ ਚੱਲਦੀ ਰਹੀ। ਵੱਖ-ਵੱਖ ਆਗੂਆਂ ਵੱਲੋਂ ਹਲਕਾ ਇੰਚਾਰਜ ਵਜੋਂ ਸਪੱਸ਼ਟ ਦਾਅਵਿਆਂ ਦੇ ਝਮੇਲੇ ਕਾਰਨ ਹੀ ਸ਼ਾਇਦ ਸਥਾਨਕ ਭਾਜਪਾ ਕਾਰਕੁੰਨ ਯਾਤਰਾ ਸਮਾਗਮ ਤੋਂ ਪਾਸੇ ਰਹੇ। ਨੇੜਲੇ ਕੁਝ ਪਿੰਡਾਂ ’ਚੋਂ ਦਲਿਤ ਵਰਗ ਨਾਲ ਸੰਬੰਧਿਤ ਨਵੇਂ ਭਾਜਪਾਈਆਂ ਦੀ ਸ਼ਮੂਲੀਅਤ ਕਾਰਨ ਸਮਾਗਮ ਦਾ ‘ਮੂੰਹ ਮੱਥਾ ਬਣਿਆ ਨਜ਼ਰ ਆਇਆ। ਭਾਜਪਾ ਦੀ ਯਾਤਰਾ ਦਾ ਮੰਤਵ ਦੱਸਣ ਤੇ ਵੱਡੇ ਆਗੂਆਂ ਦੇ ਸਵਾਗਤ ਲਈ ਲਾਏ ਗਏ ਫਲੈਕਸਾਂ ’ਚ ਰਾਣਾ ਹਰਦੀਪ ਸਿੰਘ ਵੱਲੋਂ ਆਪਣੇ-ਆਪ ਨੂੰ ਹਲਕਾ ਇੰਚਾਰਜ ਪੇਸ਼ ਕੀਤਾ ਗਿਆ ਹੈ। ਇਸੇ ਤਰ੍ਹਾਂ ਨਰਿੰਦਰ ਪਾਲ ਸਿੰਘ ਚੰਦੀ ਵੱਲੋਂ ਲਗਵਾਏ ਗਏ ਫਲੈਕਸ ਬੋਰਡ ਤੇ ਹਲਕਾ ਇੰਚਾਰਜ ਨਰਿੰਦਰ ਪਾਲ ਸਿੰਘ ਚੰਦੀ ਲਿਖਿਆ ਹੋਇਆ ਹੈ। ਉਨ੍ਹਾਂ ਦੀ ਰਿਹਾਇਸ਼ ਤਾਂ ਜਲੰਧਰ ’ਚ ਹੈ ਪਰ ਉਨ੍ਹਾਂ ਨੇ ਪਤਾ ਆਪਣੇ ਪੁਰਾਣੇ ਪਿੰਡ ਫੁੱਲ ਘੁੱਦੂਵਾਲ ਦਾ ਲਿਖਵਾਇਆ ਹੈ। ਇਸੇ ਤਰ੍ਹਾਂ ਡਾ. ਅਮਰਜੀਤ ਸਿੰਘ ਥਿੰਦ ਨੇ ਵੀ ਫਲੈਕਸ ਬੋਰਡ ਰਾਹੀਂ ਹਲਕਾ ਇੰਚਾਰਜ ਹੋਣ ਦਾ ਦਾਅਵਾ ਕੀਤਾ ਹੈ। ਐਡਵੋਕੇਟ ਦੀਪਕ ਸ਼ਰਮਾ ਵੀ ਉਕਤ ਤਿੰਨਾਂ ਨਾਲੋਂ ਆਪਣੇ-ਆਪ ਨੂੰ ਘੱਟ ਨਹੀਂ ਸਮਝਦੇ। ਉਕਤ ਤਿੰਨ ਚਾਰ ਹਲਕਾ ਇੰਚਾਰਜਾਂ ’ਚੋਂ ਭਾਜਪਾ ਦੀ ਸੂਬਾਈ ਲੀਡਰਸ਼ਿਪ ਦੇ ਵੱਧ ਨੇੜੇ ਕੌਣ ਹੈ, ਚੋਣਾਂ ਬਰੂਹਾਂ ਤੇ ਆਉਣ ਕਰਕੇ, ਚਰਚਾ ਇਸ ਗੱਲ ਦੀ ਹੋਣੀ ਸੁਭਾਵਕ ਹੈ। ਭਾਜਪਾ ਦਾ ਅਕਾਲੀ ਦਲ ਨਾਲ ਸਮਝੌਤਾ ਹੋਣ ਦੀਆਂ ਕਿਆਸ ਅਰਾਈਆਂ ਦੌਰਾਨ ਹਲਕੇ ਅੰਦਰ ਐਡਵੋਕੇਟ ਬਚਿੱਤਰ ਸਿੰਘ ਕੋਹਾੜ ਦੇ ਦਾਦਾ ਮਰਹੂਮ ਜਥੇਦਾਰ ਅਜੀਤ ਸਿੰਘ ਕੋਹਾੜ ਦੀ ਦੋ ਦਹਾਕੇ ਰਹੀ ਸਰਦਾਰੀ ਨੂੰ ਚੇਤੇ ਕਰਦਿਆਂ ਟਿਕਟ ਦੀ ਪੰਜਵੀਂ ਦਾਅਵੇਦਾਰੀ ਹੋਣ ਦਾ ਵੀ ਕਈਆਂ ਵੱਲੋਂ ਅਨੁਮਾਨ ਲਾਇਆ ਜਾ ਰਿਹਾ ਹੈ।