- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
(ਮਾਮਲਾ ਮਖਦੂਮਪੁਰਾ ’ਚ ਹੋਏ ਲੱਕੀ ਠਾਕੁਰ ਦੇ ਕਤਲ ਦਾ)

-ਪੁੱਤਰ ਨੂੰ ਮਾੜੀ ਸੰਗਤ ਤੋਂ ਰੋਕਣਾ ਪਿਆ ਲੱਕੀ ਠਾਕੁਰ ਨੂੰ ਮਹਿੰਗਾ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਥਾਣਾ ਨੰਬਰ ਚਾਰ ਦੀ ਹੱਦ ’ਚ ਪੈਂਦੇ ਮਖਦੂਮਪੁਰਾ ’ਚ ਮੰਗਲਵਾਰ ਰਾਤ ਲੱਕੀ ਠਾਕੁਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ 12 ਘੰਟਿਆਂ ’ਚ ਹੀ ਇਸ ਮਾਮਲੇ ਦੇ ਦੋ ਮੁਲਜ਼ਮਾਂ ਨੂੰ ਤੇ ਇਕ ਲੜਕੀ ਨੂੰ ਗ੍ਰਿਫਤਾਰ ਕੀਤਾ ਹੈ। ਏਡੀਸੀਪੀ ਅਦਿੱਤੇ ਵਾਰੀਅਰ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕ ਦੇ ਭਰਾ ਮਨਮੋਹਨ ਸਿੰਘ ਦੇ ਬਿਆਨਾਂ ’ਤੇ ਰਾਮ ਕ੍ਰਿਸ਼ਨ ਥਾਪਰ, ਰਜਤ ਥਾਪਰ, ਦੀਪਕ ਰਾਣਾ ਉਰਫ ਦੀਪੂ, ਮੰਥਨ ਬਜਾਜ, ਰਿਤਿਕ ਥਾਪਰ, ਨਰਿਦਰ ਥਾਪਰ ਤੇ ਕੁਝ ਅਣਪਛਾਤੇ ਨੌਜਵਾਨਾਂ ਖਿਲਾਫ ਬੀਐੱਨਐੱਸ ਦੀ ਧਾਰਾ 103(2)332(2) 191(3) 190 351(2)61(2) ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਮੁਲਜਮਾਂ ਦੀ ਗ੍ਰਿਫਤਾਰੀ ਲਈ ਭੇਜੀਆਂ ਗਈਆਂ। ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਕੁਮਾਰ ਦੀ ਟੀਮ ਨੂੰ ਫਤਿਹਗੜ੍ਹ ਸਾਹਿਬ ਤੋਂ ਮਾਮਲੇ ’ਚ ਨਾਮਜ਼ਦ ਦੋ ਮੁਲਜ਼ਮ ਨਰਿੰਦਰ ਥਾਪਰ ਤੇ ਦੀਪਕ ਰਾਣਾ ਉਰਫ ਦੀਪੂ ਨੂੰ ਗ੍ਰਿਫਤਾਰ ਕੀਤਾ ਹੈ, ਇਸ ਤੋਂ ਇਲਾਵਾ ਮੁਲਜ਼ਮਾਂ ਨੂੰ ਪਨਾਹ ਦੇਣ ਦੇ ਦੋਸ਼ ’ਚ ਪੁਲਿਸ ਨੇ ਗੁੜੀਆ ਨਾਂ ਦੀ ਲੜਕੀ ਨੂੰ ਵੀ ਹਿਰਾਸਤ ’ਚ ਲਿਆ ਹੈ। ਏਡੀਸੀਪੀ ਨੇ ਦੱਸਿਆ ਕਿ ਪੁਲਿਸ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲੈ ਕੇ ਇਨਾਂ ਕੋਲੋਂ ਡੂੰਘਾਈ ਨਾਲ ਪੁੱਛਗਿਛ ਕਰਕੇ ਇਨ੍ਹਾਂ ਦੇ ਫਰਾਰ ਸਾਥੀਆਂ ਬਾਰੇ ਪਤਾ ਲਾਏਗੀ ਤੇ ਛੇਤੀ ਹੀ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।
----------------------------
ਪੁੱਤ ਨੂੰ ਯਾਰੀ ਤੋਂ ਰੋਕਣਾ ਪਿਆ ਮਹਿੰਗਾ
ਏਡੀਸੀਪੀ ਅਦਿੱਤੇ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਲੱਕੀ ਠਾਕੁਰ ਦੇ ਪੁੱਤਰ ਦੀ ਯਾਰੀ ਨਰਿੰਦਰ ਥਾਪਰ ਦੇ ਪੁੱਤਰਾਂ ਨਾਲ ਸੀ ਜੋ ਕਿ ਉਸ ਨੂੰ ਪਸੰਦ ਨਹੀਂ ਸੀ। ਇਸ ਕਾਰਨ ਉਹ ਆਪਣੇ ਪੁੱਤਰ ਨੂੰ ਥਾਪਰ ਦੇ ਪੁੱਤਰਾਂ ਨਾਲ ਮਿਲਣ ਤੋਂ ਰੋਕਦਾ ਸੀ, ਜਿਸ ਕਾਰਨ ਇਨ੍ਹਾਂ ਦੀ ਆਪਸ ’ਚ ਖੁੰਦਕ ਹੋ ਗਈ। ਇਸੇ ਕਾਰਨ ਥਾਪਰ ਦੇ ਪੁੱਤਰਾਂ ਨੇ ਸਾਜਿਸ਼ ਰਚ ਕੇ ਲੱਕੀ ਦਾ ਕਤਲ ਕਰ ਦਿੱਤਾ।
------------------------
ਲੱਕੀ ਦੇ ਪੁੱਤਰ ਨੂੰ ਪਹਿਲਾਂ ਕੀਤਾ ਜਾ ਚੁੱਕਾ ਹੈ ਅਗਵਾ
ਕੁਝ ਮਹੀਨੇ ਪਹਿਲਾਂ ਲੱਕੀ ਠਾਕੁਰ ਦੇ ਪੁੱਤਰ ਨੂੰ ਅਗਵਾ ਵੀ ਕੀਤਾ ਗਿਆ ਸੀ, ਜਿਸ ਬਾਬਤ ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮਾਂ ਦੇ ਖਿਲਾਫ ਅਗਵਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਏਡੀਸੀਪੀ ਨੇ ਦੱਸਿਆ ਕਿ ਹੁਣ ਪੁਲਿਸ ਇਸ ਗੱਲ ਦੀ ਜਾਂਚ ਕਰੇਗੀ ਕਿ ਇਸ ਅਗਵਾ ਦੇ ਮਾਮਲੇ ਵਿੱਚ ਥਾਪਰ ਪਰਿਵਾਰ ਵੀ ਸ਼ਾਮਲ ਹੈ। ਪੁਲਿਸ ਰਿਮਾਂਡ ਦੌਰਾਨ ਇਸ ਗੱਲ ਦੀ ਵੀ ਪੁਸ਼ਟੀ ਕੀਤੀ ਜਾਵੇਗੀ।
--------------------------
ਥਾਪਰ ਦੇ ਰਿਵਾਲਵਰ ਦਾ ਲਾਇਸੈਂਸ ਵੀ ਕੀਤਾ ਜਾਵੇਗਾ ਕੈਂਸਲ
ਏਡੀਸੀਪੀ ਨੇ ਦੱਸਿਆ ਕਿ ਸ਼ਿਵ ਸੈਨਾ ਆਗੂ ਨਰਿਦਰ ਥਾਪਰ ਕੋਲ ਲਾਇਸੈਂਸੀ ਰਿਵਾਲਵਰ ਹੈ, ਦਾ ਲਾਇਸੈਂਸ ਵੀ ਜਾਂਚ ਤੋਂ ਬਾਅਦ ਜਲਦ ਹੀ ਕੈਂਸਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ’ਚ ਇਹੀ ਗੱਲ ਸਾਹਮਣੇ ਆਈ ਹੈ ਕਿ ਥਾਪਰ ਖਿਲਾਫ ਇਸ ਤੋਂ ਪਹਿਲਾਂ ਵੀ ਵੱਖ-ਵੱਖ ਮਾਮਲਿਆਂ ਦੇ 12 ਮੁਕਦਮੇ ਦਰਜ ਹਨ। ਇਸ ਤੋਂ ਇਲਾਵਾ ਮ੍ਰਿਤਕ ਲੱਕੀ ਠਾਕੁਰ ਖਿਲਾਫ ਵੀ ਵੱਖ ਵੱਖ ਧਾਰਾਵਾਂ ਤਹਿਤ ਛੇ ਮਾਮਲੇ ਦਰਜ ਹਨ।