ਨਕੋਦਰ ਦੇ ਐੱਮਡੀ ਦਯਾਨੰਦ ਮਾਡਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਨਕੋਦਰ ਦੇ ਐੱਮਡੀ ਦਯਾਨੰਦ ਮਾਡਲ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮਚਿਆ ਹੜਕੰਪ
Publish Date: Fri, 30 Oct 2026 08:13 PM (IST)
Updated Date: Fri, 30 Oct 2026 08:13 PM (IST)
-ਡੌਗ ਸਕੁਐਡ ਤੇ ਪੁਲਿਸ ਟੀਮਾਂ ਨੇ ਦੋ ਘੰਟੇ ਚਲਾਇਆ ਸਰਚ ਆਪ੍ਰੇਸ਼ਨ, ਤਲਾਸ਼ੀ ਦੌਰਾਨ ਨਹੀਂ ਮਿਲੀ ਕੋਈ ਸ਼ੱਕੀ ਵਸਤੂ ਧੀਰਜ ਮਰਵਾਹਾ, ਪੰਜਾਬੀ ਜਾਗਰਣ, ਨਕੋਦਰ : ਨਕੋਦਰ ਦੇ ਐੱਮਡੀ (ਮਲਾਵੀ ਦੇਵੀ) ਦਯਾਨੰਦ ਮਾਡਲ ਸਕੂਲ ਨੂੰ ਈਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ। ਪੁਲਿਸ ਪ੍ਰਸ਼ਾਸਨ ਹਰਕਤ ’ਚ ਆ ਗਿਆ ਤੇ ਡੌਗ ਸਕੁਐਡ ਸਮੇਤ ਵਿਸ਼ੇਸ਼ ਟੀਮਾਂ ਨੇ ਸਕੂਲ ’ਚ ਪੁੱਜ ਕੇ ਤਲਾਸ਼ੀ ਮੁਹਿੰਮ ਚਲਾਈ। ਪੁਲਿਸ ਤੇ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਤੇ ਸਟਾਫ਼ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ। ਪ੍ਰਿੰਸੀਪਲ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਕੂਲ ਦੀ ਅਧਿਕਾਰਤ ਈਮੇਲ ਆਈਡੀ ’ਤੇ ਧਮਕੀ ਭਰੀ ਮੇਲ ਪ੍ਰਾਪਤ ਹੋਈ ਸੀ, ਜਿਸ ਬਾਰੇ ਦੁਪਹਿਰ ਸਮੇਂ ਛੁੱਟੀ ਵੇਲੇ ਪਤਾ ਲੱਗਾ। ਸੁਰੱਖਿਆ ਨੂੰ ਮੁੱਖ ਰੱਖਦਿਆਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥਾਣਾ ਸਿਟੀ ਦੇ ਐੱਸਐੱਚਓ ਹਰਮਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦੁਪਹਿਰ ਕਰੀਬ 2 ਵਜੇ ਸੂਚਨਾ ਮਿਲੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਟੀਮਾਂ, ਡੌਗ ਸਕੁਐਡ ਤੇ ਹੋਰ ਵਿਸ਼ੇਸ਼ ਟੀਮਾਂ ਨੂੰ ਤੁਰੰਤ ਮੌਕੇ ’ਤੇ ਭੇਜਿਆ ਗਿਆ। ਕਿਸੇ ਵੀ ਧਮਕੀ ਨੂੰ ਹਲਕੇ ’ਚ ਨਹੀਂ ਲਿਆ ਜਾ ਸਕਦਾ। ਪੁਲਿਸ ਨੇ ਕਿਸੇ ਤਰ੍ਹਾਂ ਦੀ ਦਹਿਸ਼ਤ ਤੇ ਹਫੜਾ-ਦਫੜੀ ਤੋਂ ਬਚਣ ਲਈ ਬੇਹੱਦ ਸਾਵਧਾਨੀ ਨਾਲ ਕਾਰਵਾਈ ਕੀਤੀ। ਪੁਲਿਸ ਤੇ ਡੌਗ ਸਕੁਐਡ ਦੀਆਂ ਟੀਮਾਂ ਨੇ ਕਰੀਬ ਦੋ ਘੰਟੇ ਤੱਕ ਕਲਾਸ ਰੂਮਾਂ, ਸਕੂਲ ਦੀ ਮੁੱਖ ਇਮਾਰਤ ਤੇ ਖੇਡ ਮੈਦਾਨ ਦੀ ਬਾਰੀਕੀ ਨਾਲ ਜਾਂਚ ਕੀਤੀ। ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਪੁਲਿਸ ਅਨੁਸਾਰ ਜਲੰਧਰ ਦੇ ਹੋਰ ਦੋ-ਤਿੰਨ ਸਕੂਲਾਂ ਨੂੰ ਵੀ ਅਜਿਹੀਆਂ ਧਮਕੀ ਭਰੀਆਂ ਈਮੇਲਾਂ ਮਿਲਣ ਦੀ ਜਾਣਕਾਰੀ ਹੈ। ਫਿਲਹਾਲ ਸਾਈਬਰ ਸੈੱਲ ਦੀ ਮਦਦ ਨਾਲ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਤੇ ਮਾਮਲੇ ਦੀ ਸੱਚਾਈ ਦਾ ਪਤਾ ਲਾਉਣ ਲਈ ਜਾਂਚ ਕੀਤੀ ਜਾ ਰਹੀ ਹੈ।