- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਜ਼ਾਰਾਂ ਨਮ ਅੱਖਾਂ ਨੇ ਦਿਵਿਤ ਨੂੰ ਦਿੱਤੀ ਅੰਤਿਮ ਵਿਦਾਈ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਐਤਵਾਰ ਨੂੰ ਪੁਲਿਸ ਲਾਈਨਜ਼ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਨੇ ਦਿਨੇਸ਼ ਔਲਖ ਜੋ ਆਪਣੇ 'ਸਪੀਡ ਰਿਕਾਰਡਜ਼' ਲੇਬਲ ਲਈ ਜਾਣੇ ਜਾਂਦੇ ਹਨ, ਦੇ ਪਰਿਵਾਰ ਨੂੰ ਅਜਿਹਾ ਜ਼ਖ਼ਮ ਦਿੱਤਾ ਹੈ, ਜੋ ਸ਼ਾਇਦ ਕਦੇ ਨਹੀਂ ਭਰੇਗਾ। ਹਾਦਸੇ ’ਚ ਜਾਨ ਗੁਆਉਣ ਵਾਲੇ ਉਨ੍ਹਾਂ ਦੇ ਪੁੱਤਰ, ਦਿਵਿਤ ਔਲਖ ਦਾ ਮੰਗਲਵਾਰ ਨੂੰ ਮਾਡਲ ਟਾਊਨ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਪਿਤਾ ਵੱਲੋਂ ਆਪਣੇ ਜਵਾਨ ਪੁੱਤਰ ਦੀ ਅਰਥੀ ਨੂੰ ਮੋਢਾ ਦੇਣਾ, ਇਕ ਮਾਂ ਵੱਲੋਂ ਆਪਣੇ ਪੁੱਤਰ ਦੀ ਦੇਹ ਨੂੰ ਪੁਕਾਰਨਾ ਨੇ ਹਰ ਵਿਅਕਤੀ ਨੂੰ ਰੁਆ ਦਿੱਤਾ। ਅੰਤਿਮ ਸ਼ਰਧਾਂਜਲੀ ਮੌਕੇ ਪੰਜਾਬੀ ਸੰਗੀਤ ਤੇ ਫਿਲਮ ਜਗਤ ਦੀਆਂ ਕਈ ਨਾਮਵਰ ਹਸਤੀਆਂ ਪੁੱਜੀਆਂ। ਗਿੱਪੀ ਗਰੇਵਾਲ, ਬੱਬੂ ਮਾਨ, ਜੈਜ਼ੀ ਬੀ, ਯੋ ਯੋ ਹਨੀ ਸਿੰਘ, ਸਤਿੰਦਰ ਸਰਤਾਜ, ਅੰਮ੍ਰਿਤ ਮਾਨ, ਪ੍ਰੀਤ ਹਰਪਾਲ, ਰਣਜੀਤ ਬਾਵਾ, ਸਰਬਜੀਤ ਸਿੰਘ ਚੀਮਾ, ਮੰਗੀ ਮਾਹਲ, ਬੂਟਾ ਮੁਹੰਮਦ, ਲੰਬਰ ਹੁਸੈਨਪੁਰੀ ਤੇ ਅਦਾਕਾਰ ਗੁਰਪ੍ਰੀਤ ਘੁੱਗੀ ਸਮੇਤ ਕਈ ਕਲਾਕਾਰਾਂ ਨੇ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੁੰਦਿਆਂ ਹਮਦਰਦੀ ਪ੍ਰਗਟਾਈ। ਕਈ ਗਾਇਕਾਂ ਨੇ ਅਰਥੀ ਨੂੰ ਮੋਢਾ ਦਿੱਤਾ।
------------------------
ਮਾਂ ਨੇ ਅਵਾਜ਼ਾਂ ਨੇ ਹਰੇਕ ਅੱਖ ਕੀਤੀ ਨਮ
ਅੰਤਿਮ ਸੰਸਕਾਰ ਦੌਰਾਨ ਸਭ ਤੋਂ ਦਿਲ-ਦਹਿਲਾਉਣ ਵਾਲਾ ਪਲ ਉਹ ਸੀ ਜਦੋਂ ਪਿਤਾ, ਦਿਨੇਸ਼ ਔਲਖ ਨੇ ਨੌਜਵਾਨ ਪੁੱਤਰ ਦੀ ਚਿਖਾ ਨੂੰ ਅਗਨੀ ਦਿਖਾਈ। ਸ਼ਮਸ਼ਾਨਘਾਟ ’ਚ ਆਪਣੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਮਾਂ ਬੇਤਹਾਸ਼ਾ ਰੋਂਦੀ ਹੋਈ ਉਸਨੂੰ ਆਵਾਜ਼ਾਂ ਮਾਰਦੀ ਰਹੀ। ਉੱਥੇ ਮੌਜੂਦ ਹਰ ਵਿਅਕਤੀ ਦੀਆਂ ਅੱਖਾਂ ਭਰ ਆਈਆਂ। ਦਿਵਿਤ ਦਾ ਭਰਾ ਜੋ ਕੈਨੇਡਾ ਤੋਂ ਵਾਪਸ ਆਇਆ ਸੀ, ਆਪਣੇ ਪਿਤਾ ਦੇ ਗਲੇ ਲੱਗ ਕੇ ਫੁੱਟ-ਫੁੱਟ ਕੇ ਰੋਂਦਾ ਰਿਹਾ।
-------------------------
ਦਿਵਿਤ ਨਵੇਂ ਫਲੈਟ ’ਚ ਜਾਣ ਲਈ ਸੀ ਬਹੁਤ ਉਤਸ਼ਾਹਿਤ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦਿਵਿਤ ਇਕ ਨਵੇਂ ਫਲੈਟ ’ਚ ਜਾਣ ਲਈ ਬਹੁਤ ਉਤਸ਼ਾਹਿਤ ਸੀ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਕੁਝ ਦਿਨਾਂ ਬਾਅਦ ਹੀ ਪਰਿਵਾਰ ਨੂੰ ਉਸ ਦੀ ਅਰਥੀ ਚੁੱਕਣੀ ਪਵੇਗੀ। ਸੋਗ ’ਚ ਡੁੱਬੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਦਿਵਿਤ ਨੂੰ ਹਸਪਤਾਲ ’ਚ ਸਮੇਂ ਸਿਰ ਡਾਕਟਰੀ ਇਲਾਜ ਨਹੀਂ ਮਿਲਿਆ ਤੇ ਉਨ੍ਹਾਂ ਨੇ ਇਸ ਮਾਮਲੇ ’ਚ ਕਾਰਵਾਈ ਦੀ ਮੰਗ ਕੀਤੀ ਹੈ।
----------------------------------
ਜੈਜ਼ੀ ਬੀ ਨੇ ਕੈਨੇਡਾ ’ਚ ਹੋਣ ਵਾਲਾ ਪ੍ਰੋਗਰਾਮ ਕੀਤਾ ਰੱਦ
ਦਿਵਿਤ ਦੇ ਦੇਹਾਂਤ ਦੀ ਖ਼ਬਰ ਨੇ ਵਿਦੇਸ਼ਾਂ ’ਚ ਰਹਿ ਰਹੇ ਪੰਜਾਬੀ ਕਲਾਕਾਰਾਂ ਨੂੰ ਵੀ ਡੂੰਘਾ ਝਟਕਾ ਦਿੱਤਾ ਹੈ। ਗਾਇਕ ਜੈਜ਼ੀ ਬੀ ਮੰਗਲਵਾਰ ਸਵੇਰੇ ਲਗਭਗ 3:30 ਵਜੇ ਦਿਨੇਸ਼ ਔਲਖ ਦੇ ਘਰ ਪਹੁੰਚੇ। ਇਸ ਤੋਂ ਪਹਿਲਾਂ, ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਸੰਦੇਸ਼ ਸਾਂਝਾ ਕੀਤਾ ਸੀ ਕਿ ਉਹ ਬਹੁਤ ਦੁਖੀ ਹਨ ਤੇ ਉਨ੍ਹਾਂ ਦਾ ਪਿਆਰਾ ਭਤੀਜਾ ਦਿਵਿਤ ਔਲਖ ਇਸ ਦੁਨੀਆ ਤੋਂ ਚਲਾ ਗਿਆ ਹੈ, ਪਰਿਵਾਰ ਡੂੰਘੇ ਸਦਮੇ ’ਚ ਹੈ। ਇਸ ਔਖੇ ਸਮੇਂ ’ਚ ਪਰਿਵਾਰ ਦੇ ਨਾਲ ਰਹਿਣ ਨੂੰ ਪਹਿਲ ਦਿੰਦੇ ਹੋਏ ਉਹ 'ਵੈਨਕੂਵਰ ਕੈਨਕਸ' ਨਾਲ ਹੋਣ ਵਾਲੇ 'ਸੈਰੇਮੋਨੀਅਲ ਪੱਕ ਡ੍ਰੌਪ' ਸਮਾਗਮ ’ਚ ਸ਼ਾਮਲ ਨਹੀਂ ਹੋ ਸਕਣਗੇ। ਇਸ ਦੌਰਾਨ, ਯੋ ਯੋ ਹਨੀ ਸਿੰਘ ਨੇ ਵੀ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ, ਜਿਸ ’ਚ ਉਨ੍ਹਾਂ ਨੇ ਦਿਵਿਤ ਨੂੰ ਭਤੀਜਾ ਦੱਸਿਆ। ਬਾਅਦ ’ਚ ਉਹ ਦਿਨੇਸ਼ ਔਲਖ ਦੇ ਘਰ ਗਏ, ਜਿੱਥੇ ਦਿਨੇਸ਼ ਨਾਲ ਹਮਦਰਦੀ ਪ੍ਰਗਟਾਈ। ਅਦਾਕਾਰ ਗੁਰਪ੍ਰੀਤ ਘੁੱਗੀ, ਜੋ ਸ਼ਮਸ਼ਾਨਘਾਟ ’ਚ ਮੌਜੂਦ ਸਨ, ਆਪਣੇ ਹੰਝੂ ਨਹੀਂ ਰੋਕ ਸਕੇ। ਲਹਿਬਰ ਹੁਸੈਨਪੁਰੀ ਨੇ ਦਿਨੇਸ਼ ਔਲਖ ਦੇ ਪਰਿਵਾਰ ਨਾਲ ਜੁੜਿਆ ਇੱਕ ਪੁਰਾਣਾ ਕਿੱਸਾ ਸਾਂਝਾ ਕੀਤਾ। ਬੱਬੂ ਮਾਨ ਨੇ ਕਿਹਾ ਕਿ ਇਹ ਸਮਾਂ ਸਿਸਟਮ 'ਤੇ ਸਵਾਲ ਉਠਾਉਣ ਦਾ ਨਹੀਂ ਹੈ, ਪਰਿਵਾਰ ਇਸ ਸਮੇਂ ਇਕ ਹਨੇਰੇ ਤੇ ਮੁਸ਼ਕਲ ਦੌਰ ਵਿੱਚੋਂ ਲੰਘ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਪਰਮਾਤਮਾ ਪਰਿਵਾਰ ਨੂੰ ਇਹੀ ਦੁੱਖ ਸਹਿਣ ਦਾ ਬਲ ਬਖਸ਼ਣ ਤੇ ਦੀਵੰਗਤ ਆਤਮਾ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਣ।