ਮਾਈ ਹੀਰਾ ਗੇਟ ’ਚ ਚੋਰਾਂ ਨੇ ਦੋ ਹੋਰ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ ਮਾਈ ਹੀਰਾ ਗੇਟ ’ਚ ਚੋਰਾਂ ਨੇ ਦੋ ਹੋਰ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
Publish Date: Mon, 09 Nov 2026 06:40 PM (IST)
Updated Date: Mon, 09 Nov 2026 06:41 PM (IST)
-ਤਾਲੇ ਤੋੜ ਕੇ ਨਕਦੀ ਲੈ ਕੇ ਫਰਾਰ -ਘਟਨਾ ਸੀਸੀਟੀਵੀ ’ਚ ਕੈਦ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ ਸ਼ਹਿਰ ਦੇ ਪ੍ਰਮੁੱਖ ਵਪਾਰਕ ਕੇਂਦਰ, ਮਾਈ ਹੀਰਾ ਗੇਟ ’ਚ ਚੋਰੀਆਂ ਦਾ ਸਿਲਸਿਲਾ ਲਗਾਤਾਰ ਵਧਦਾ ਜਾ ਰਿਹਾ ਹੈ। ਬੇਖੌਫ ਚੋਰਾ ਨੇ ਇਕ ਵਾਰ ਫਿਰ ਦੋ ਦੁਕਾਨਾਂ ਦੇ ਤਾਲੇ ਤੋੜੇ ਤੇ ਨਕਦੀ ਲੈ ਕੇ ਫਰਾਰ ਹੋ ਗਏ। ਇਹ ਦੋਵੇਂ ਘਟਨਾਵਾਂ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ ਵੱਲੋਂ ਅੰਜਾਮ ਦਿੱਤੀਆਂ ਗਈਆਂ, ਜਿਨ੍ਹਾਂ ਦੀਆਂ ਹਰਕਤਾਂ ਦੁਕਾਨਾਂ ਤੇ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈਆਂ। ਜਾਣਕਾਰੀ ਅਨੁਸਾਰ ਚੋਰਾਂ ਨੇ ਇਕ ਦੁਕਾਨ ਤੋਂ ਕਰੀਬ 1 ਹਜਾਰ ਰੁਪਏ ਅਤੇ ਦੂਜੀ ਦੁਕਾਨ ਤੋਂ ਲਗਭਗ 7 ਹਜ਼ਾਰ ਰੁਪਏ ਚੋਰੀ ਕੀਤੇ ਤੇ ਫਿਰ ਮੌਕੇ ਤੋਂ ਫਰਾਰ ਹੋ ਗਏ। ਸੀਸੀਟੀਵੀ ਫੁਟੇਜ ’ਚ ਦਿਖਾਈ ਦੇ ਰਿਹਾ ਹੈ ਕਿ ਇਕ ਨੌਜਵਾਨ ਦੇ ਹੱਥ ’ਚ ਲੋਹੇ ਦੀ ਰਾਡ ਹੈ, ਜਦੋਂ ਕਿ ਉਸਦਾ ਸਾਥੀ ਦੁਕਾਨ ਦਾ ਤਾਲਾ ਤੋੜ ਰਿਹਾ ਹੈ। ਫੁਟੇਜ ’ਚ ਇਕ ਸ਼ੱਕੀ ਵਿਅਕਤੀ ਦੁਕਾਨ ਦੇ ਸ਼ਟਰ ਨੂੰ ਥੋੜ੍ਹਾ ਉੱਪਰ ਚੁੱਕ ਕੇ ਅੰਦਰ ਦਾਖਲ ਹੁੰਦਾ ਦਿਖਾਈ ਦਿੰਦਾ ਹੈ, ਜਦੋਂ ਕਿ ਦੂਜਾ ਬਾਹਰ ਨਿਗਰਾਨੀ ਰੱਖਦਾ ਹੈ। ਕੁਝ ਪਲਾਂ ਬਾਅਦ, ਦੁਕਾਨ ਦੇ ਅੰਦਰ ਗਿਆ ਨੌਜਵਾਨ ਨਕਦੀ ਲੈ ਕੇ ਬਾਹਰ ਆਉਂਦਾ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਸ਼ੱਕੀ ਵਿਅਕਤੀ ਦੋ ਦਿਨ ਪਹਿਲਾਂ ਵੀ ਇੱਥੇ ਆਏ ਸਨ ਤੇ ਉਨ੍ਹਾਂ ਨੇ ਕੁਝ ਖਰੀਦਣ ਦਾ ਬਹਾਨਾ ਬਣਾਇਆ ਸੀ। ਚੋਰਾਂ ਨੇ ਬਾਂਸਲ ਨਾਮਕ ਵਿਅਕਤੀ ਦੀ ਦੁਕਾਨ ਨੂੰ ਵੀ ਨਿਸ਼ਾਨਾ ਬਣਾਇਆ। ਵਾਰ-ਵਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਵਪਾਰੀਆਂ ’ਚ ਦਹਿਸ਼ਤ ਦਾ ਮਾਹੌਲ ਹੈ ਤੇ ਪੁਲਿਸ ਪ੍ਰਸ਼ਾਸਨ ਪ੍ਰਤੀ ਰੋਸ ਵੀ ਵਧ ਰਿਹਾ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਮਾਈ ਹੀਰਾ ਗੇਟ ’ਚ ਪਹਿਲਾਂ ਅਜਿਹੀਆਂ ਚੋਰੀਆਂ ਬਹੁਤ ਘੱਟ ਹੁੰਦੀਆਂ ਸਨ, ਪਰ ਪਿਛਲੇ ਇਕ ਮਹੀਨੇ ’ਚ ਹੀ 6 ਤੋਂ 7 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਚੁੱਕਾ ਹੈ। ਦੁਕਾਨਦਾਰਾਂ ਨੇ ਕਈ ਵਾਰ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਬਾਜ਼ਾਰ ’ਚ ਰਾਤ ਵੇਲੇ ਗਸ਼ਤ ਵਧਾਈ ਜਾਵੇ। ਇਸ ਦੇ ਬਾਵਜੂਦ, ਉਨ੍ਹਾਂ ਦਾ ਦੋਸ਼ ਹੈ ਕਿ ਪੁਰਾਣੇ ਮਾਮਲਿਆਂ ਨੂੰ ਸੁਲਝਾਉਣ ’ਚ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਇਸੇ ਇਲਾਕੇ ’ਚ ਪਹਿਲਾਂ ਵੀ ਅਜਿਹੀਆਂ ਚੋਰੀਆਂ ਹੋ ਚੁੱਕੀਆਂ ਹਨ, ਜਿਨ੍ਹਾਂ ’ਚ ਇਕ ਆਟਾ ਚੱਕੀ ਤੇ ਕਿਰਨ ਬੁੱਕ ਸ਼ਾਪ ਸਮੇਤ ਕਈ ਹੋਰ ਅਦਾਰੇ ਸ਼ਾਮਲ ਹਨ।