ਫਾਰਮ ਹਾਊਸ ’ਚ ਨਕਦੀ ਤੇ ਸੋਨੇ ਦੇ ਗਹਿਣੇ ਚੋਰੀ ਅਟਵਾਲ ਫਾਰਮ ਹਾਊਸ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਨਗਦੀ ਤੇ ਸੋਨੇ ਦੇ ਗਹਿਣੇ ਲਏ ਹੋਏ ਫ਼ਰਾਰ
Publish Date: Thu, 02 Jul 2026 11:16 PM (IST)
Updated Date: Thu, 02 Jul 2026 11:20 PM (IST)
ਮਨਦੀਪ ਸਿੰਘ, ਪੰਜਾਬੀ ਜਾਗਰਣ, ਲਾਂਬੜਾ : ਥਾਣਾ ਲਾਂਬੜਾ ਅਧੀਨ ਆਉਂਦੇ ਪਿੰਡ ਲਾਂਬੜਾ ਨੇੜੇ ਲਾਂਬੜਾ ਆਬਾਦੀ ਅਟਵਾਲ ਫਾਰਮ ਹਾਊਸ ’ਚ ਚੋਰੀ ਹੋਈ ਹੈ। ਫਾਰਮ ਹਾਊਸ ਦੇ ਮਾਲਕ ਦਵਿੰਦਰ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਲਾਂਬੜਾ ਆਬਾਦੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਬਲਵਿੰਦਰ ਕੌਰ ਨਾਲ ਘਰ ’ਚ ਇਕੱਲੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਦੋ ਪੁੱਤਰ ਵਿਦੇਸ਼ ’ਚ ਰਹਿੰਦੇ ਹਨ। ਗਰਮੀ ਜ਼ਿਆਦਾ ਹੋਣ ਕਾਰਨ ਉਹ ਆਪਣੀ ਪਤਨੀ ਨਾਲ ਘਰ ਦੀ ਛੱਤ ’ਤੇ ਸੌਂ ਗਏ ਤੇ ਕਰੀਬ 12 ਵਜੇ ਜਦੋਂ ਮੀਂਹ ਪੈਣ ਲੱਗ ਪਿਆ ਤਾਂ ਉਹ ਹੇਠਾਂ ਆ ਗਏ। ਜਦੋਂ ਉਨ੍ਹਾਂ ਨੇ ਦੇਖਿਆ ਕਿ ਕਮਰਿਆਂ ਦੇ ਦਰਵਾਜ਼ੇ ਖੁੱਲ੍ਹੇ ਹੋਏ ਸਨ ਅਤੇ ਸਾਮਾਨ ਖਿਲਰਿਆ ਹੋਇਆ ਸੀ। ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ ਤੇ ਛੇ ਤੋਲੇ ਦੇ ਕਰੀਬ ਸੋਨੇ ਦੇ ਗਹਿਣੇ 50,000 ਨਕਦ , ਵਿਦੇਸ਼ੀ ਪੰਜ ਘੜੀਆਂ ਤੇ ਪੰਜ ਮੋਬਾਈਲ ਫੋਨ ਤੇ ਹੋਰ ਵੀ ਜ਼ਰੂਰੀ ਸਾਮਾਨ ਚੋਰੀ ਹੋ ਚੁੱਕਾ ਸੀ। ਪੀੜਤ ਨੇ ਦੱਸਿਆ ਕਿ ਚੋਰ ਕਮਰੇ ਦੀ ਖਿੜਕੀ ਜੋ ਖੇਤਾਂ ਵੱਲ ਹੈ ਉਸ ਦੀ ਗਰਿੱਲ ਨੂੰ ਤੋੜ ਕੇ ਘਰ ’ਚ ਦਾਖਲ ਹੋਏ ਸਨ, ਜਿਸ ਤੋਂ ਬਾਅਦ ਚੋਰਾਂ ਵੱਲੋਂ ਇਹ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਜਾਂਦੇ ਹੋਏ ਚੋਰਾਂ ਵੱਲੋਂ ਫਰਿਜ ’ਚੋਂ ਕੋਕ ਦੀ ਬੋਤਲ ਵੀ ਚੋਰੀ ਕਰ ਲਈ ਗਈ। ਚੋਰਾਂ ਵੱਲੋਂ ਘਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਦਿਸ਼ਾ ਹੇਠਾਂ ਕਰ ਦਿੱਤੀ ਗਈ। ਉਨ੍ਹਾਂ ਵੱਲੋਂ ਪੁਲਿਸ ਹੈਲਪਲਾਈਨ 112 ’ਤੇ ਕਾਲ ਕੀਤੀ ਗਈ ਤੇ ਘਟਨਾ ਦੀ ਜਾਣਕਾਰੀ ਦਿੱਤੀ ਗਈ ਪਰ ਕਾਲ ਕਰਨ ਤੋਂ ਬਾਅਦ ਵੀ ਉਨ੍ਹਾਂ ਕੋਲ ਸਵੇਰ ਤੱਕ ਕੋਈ ਵੀ ਮੁਲਾਜ਼ਮ ਨਹੀਂ ਪੁੱਜਿਆ ਤਾਂ ਸਵੇਰੇ ਉਨ੍ਹਾਂ ਨੇ 112 ’ਤੇ ਮੁੜ ਕਾਲ ਕੀਤੀ ਗਈ ਤੇ ਰਾਤ ਦੀ ਦਿੱਤੀ ਹੋਈ ਸ਼ਿਕਾਇਤ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਮੁਲਾਜ਼ਮ ਜਲਦ ਹੀ ਤੁਹਾਡੇ ਕੋਲ ਪੁੱਜ ਰਹੇ ਹਨ। ਉਨ੍ਹਾਂ ਵੱਲੋਂ ਪਿੰਡ ਦੇ ਕੁਝ ਮੋਹਤਬਰਾਂ ਨੂੰ ਨਾਲ ਲੈ ਕੇ ਇਸ ਦੀ ਸੂਚਨਾ ਥਾਣਾ ਲਾਂਬੜਾ ਪੁਲਿਸ ਨੂੰ ਦਿੱਤੀ ਗਈ। ਇਸ ਘਟਨਾ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਥਾਣਾ ਲਾਂਬੜਾ ਡਿਊਟੀ ਅਫਸਰ ਨੂੰ ਫੋਨ ਕੀਤਾ ਗਿਆ ਤਾਂ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।