ਅਮਰੀਕਾ ਨਾਲ ਸਮਝੌਤੇ ਕਾਰਨ ਖੇਤੀਬਾੜੀ ’ਤੇ ਪਵੇਗਾ ਨਾਂਹਪੱਖੀ ਅਸਰ : ਤਿਵਾੜੀ
ਦੇਸ਼ ਦੇ ਖੇਤੀਬਾੜੀ ਖੇਤਰ ’ਤੇ ਪੈਣ ਵਾਲਾ ਹੈ ਨਕਾਰਾਤਮਕ ਅਸਰ : ਮਨੀਸ਼ ਤਿਵਾਰੀ
Publish Date: Tue, 24 Feb 2026 09:54 PM (IST)
Updated Date: Tue, 24 Feb 2026 09:58 PM (IST)

-ਕਿਹਾ, ਰਾਹੁਲ ਗਾਂਧੀ ਦੀ ਮੈਂਬਰਸ਼ਿਪ ਰੱਦ ਕਰਨ ਦੇ ਪਹਿਲਾਂ ਵੀ ਹੁੰਦੇ ਰਹੇ ਹਨ ਯਤਨ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਅਮਰੀਕਾ ਵੱਲੋਂ ਵੱਖ-ਵੱਖ ਉਤਪਾਦਾਂ ’ਤੇ ਲੱਗੀ ਡਿਊਟੀ ਖਤਮ ਕਰਨ ਤੋਂ ਬਾਅਦ ਦੇਸ਼ ਦੇ ਖੇਤੀਬਾੜੀ ਖੇਤਰ ’ਤੇ ਨਕਾਰਾਤਮਕ ਅਸਰ ਪੈਣ ਵਾਲਾ ਹੈ। ਇਸ ਨਾਲ ਦੇਸ਼ ’ਚ ਤਿਆਰ ਹੋਣ ਵਾਲੇ ਖੇਤੀਬਾੜੀ ਉਤਪਾਦਾਂ ਦੀ ਵਿਕਰੀ ਤੇ ਕਾਰੋਬਾਰ ’ਤੇ ਨਿਸ਼ਚਿਤ ਤੌਰ ’ਤੇ ਅਸਰ ਪਵੇਗਾ। ਸ਼ਹਿਰ ’ਚ ਇਕ ਸਮਾਗਮ ’ਚ ਸ਼ਾਮਲ ਹੋਣ ਪਹੁੰਚੇ ਸੰਸਦ ਮੈਂਬਰ ਨੇ ਕਿਹਾ ਕਿ ਇਸ ਮਾਮਲੇ ’ਚ ਸਰਕਾਰ ਨੂੰ ਪਾਰਦਰਸ਼ਤਾ ਦਿਖਾਉਣੀ ਚਾਹੀਦੀ ਹੈ। ਏਆਈ ਦਾ ਵਿਰੋਧ ਕਰਨ ’ਤੇ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਰੱਦ ਕਰਨ ਦੇ ਸਵਾਲ ’ਤੇ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਮੈਂਬਰਸ਼ਿਪ ਰੱਦ ਕਰਨ ਦੇ ਯਤਨ ਹੁੰਦੇ ਰਹੇ ਹਨ ਪਰ ਹਾਈ ਕੋਰਟ ਨੇ ਇਸ ਪ੍ਰਸਤਾਵ ਨੂੰ ਰੱਦ ਕਰਦੇ ਹੋਏ ਉਨ੍ਹਾਂ ਦੀ ਮੈਂਬਰਸ਼ਿਪ ਬਹਾਲ ਰੱਖੀ ਸੀ। ਇਨ੍ਹਾਂ ਹੀ ਮਸਲਿਆਂ ਨੂੰ ਲੈ ਕੇ 28 ਫਰਵਰੀ ਨੂੰ ਪੰਜਾਬ ’ਚ ਹੋਣ ਵਾਲੀ ਰੈਲੀ ’ਚ ਹਕੀਕਤ ਨੂੰ ਲੋਕਾਂ ਸਾਹਮਣੇ ਰੱਖਿਆ ਜਾਵੇਗਾ। ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਹੋਝੀ ਰਾਜਨੀਤੀ ਕਰ ਰਹੀ ਹੈ, ਜਦਕਿ ਬੁਨਿਆਦੀ ਮਸਲਾ ਅਮਰੀਕਾ ਨਾਲ ਵਪਾਰਕ ਸਮਝੌਤੇ ’ਤੇ ਗੌਰ ਕਰਨ ਦਾ ਹੈ, ਜਿਸ ’ਚ ਖੇਤੀ ਲਈ ਵਰਤੇ ਜਾਣ ਵਾਲੇ ਉਤਪਾਦਾਂ ’ਤੇ ਅਮਰੀਕਾ ਵੱਲੋਂ ਡਿਊਟੀ ਫਰੀ ਕੀਤੀ ਗਈ ਹੈ। ਨਿਊਜ਼ੀਲੈਂਡ ਤੋਂ ਬਾਅਦ ਆਸਟ੍ਰੇਲੀਆ ’ਚ ਖਾਸ ਕਰਕੇ ਪੰਜਾਬੀਆਂ ਦੇ ਵਿਰੋਧ ਦੇ ਮਾਮਲੇ ’ਤੇ ਉਨ੍ਹਾਂ ਕਿਹਾ ਕਿ ਹਰ ਦੇਸ਼ ’ਚ ਭਾਰਤੀ ਦੂਤਾਵਾਸ ਮੌਜੂਦ ਹੈ ਤੇ ਕੇਂਦਰ ਸਰਕਾਰ ਨੂੰ ਇਸ ਮਸਲੇ ’ਤੇ ਗੰਭੀਰਤਾ ਦਿਖਾਉਣੀ ਚਾਹੀਦੀ ਹੈ। ਕਿਸੇ ਵੀ ਦੇਸ਼ ’ਚ ਭਾਰਤੀ ਖਾਸ ਕਰਕੇ ਪੰਜਾਬੀ ਉਥੇ ਦੇ ਵਿਕਾਸ ’ਚ ਰਚਨਾਤਮਕ ਭੂਮਿਕਾ ਨਿਭਾ ਰਹੇ ਹਨ, ਇਸ ਲਈ ਉਨ੍ਹਾਂ ਦੇ ਵਿਰੋਧ ਦਾ ਕੋਈ ਔਚਿਤ ਨਹੀਂ ਬਣਦਾ। ਇਸ ਮਸਲੇ ’ਤੇ ਵੀ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਹੈ। ਭਾਰਤੀਆਂ ਨੂੰ ਵਿਦੇਸ਼ਾਂ ਤੋਂ ਹਥਕੜੀਆਂ ਤੇ ਬੇੜੀਆਂ ਪਾ ਕੇ ਵਾਪਸ ਭੇਜਿਆ ਜਾ ਰਿਹਾ ਹੈ ਤੇ ਉੱਪਰੋਂ ਗੈਂਗਸਟਰਾਂ ਦੀ ਵਧਦੀ ਦਹਿਸ਼ਤ ਕਾਰਨ ਲੋਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ----------------------- ਪੰਜਾਬੀ ਤਰੱਕੀ ਕਰ ਰਹੇ ਨੇ ਤੇ ਪੰਜਾਬ ਪੱਛੜਿਆ ਮਨੀਸ਼ ਤਿਵਾੜੀ ਨੇ ਕਿਹਾ ਕਿ ਪੰਜਾਬੀ ਵਿਦੇਸ਼ਾਂ ’ਚ ਜਾ ਕੇ ਤਰੱਕੀ ਕਰ ਰਹੇ ਹਨ, ਜਦਕਿ ਪੰਜਾਬ ਪਿੱਛੇ ਰਹਿ ਰਿਹਾ ਹੈ। ਸੂਬੇ ’ਤੇ ਇਸ ਵੇਲੇ 4.19 ਲੱਖ ਕਰੋੜ ਦਾ ਕਰਜ਼ਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਰਾਜ ’ਚ 84 ਫੀਸਦੀ ਕਿਸਾਨਾਂ ਕੋਲ ਸਿਰਫ਼ ਦੋ ਜਾਂ ਸਵਾ ਦੋ ਏਕੜ ਜ਼ਮੀਨ ਹੈ। ਜ਼ਮੀਨ ਹੇਠਲੇ ਪਾਣੀ ਦਾ ਪੱਧਰ ਤੇਜ਼ੀ ਨਾਲ ਘਟ ਰਿਹਾ ਹੈ। ਜੇ ਇਹੀ ਹਾਲਾਤ ਰਹੇ ਤਾਂ 2040 ਤੱਕ ਪੰਜਾਬ ਰੇਗਿਸਤਾਨ ਬਣ ਸਕਦਾ ਹੈ। ਪੰਜਾਬ ’ਚ ਇਮੀਗ੍ਰੇਸ਼ਨ ਤੇ ਆਈਲਟਸ ਉਦਯੋਗ ਤਾਂ ਵੱਧ ਫੁੱਲ ਰਹੇ ਹਨ ਪਰ ਖੇਤੀਬਾੜੀ ਦਾ ਕਾਰੋਬਾਰ ਲਗਾਤਾਰ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਿਆਸਤ ਸੰਵੇਦਨਸ਼ੀਲ ਹੋਣ ਦੀ ਬਜਾਏ ਰੀਲ ਬਣ ਗਈ ਹੈ। ਕੁਝ ਮਸਲੇ ਸਿਆਸਤ ਤੋਂ ਉੱਪਰ ਹੁੰਦੇ ਹਨ ਪਰ ਪੰਜਾਬ ਦੀ ਸਿਆਸਤ ਸਿਰਫ਼ ਖਿੱਚੋਤਾਣ ਤੱਕ ਸੀਮਿਤ ਹੋ ਕੇ ਰਹਿ ਗਈ ਹੈ।