- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਹਾਊਸ ਨਹੀਂ, ਔਰੰਗਜ਼ੇਬ ਦਾ ਦਰਬਾਰ ਲੱਗਦਾ ਹੈ, ਜਿੱਥੇ ਸਵਾਲ ਪੁੱਛਣ ਦੀ ਵੀ ਆਜ਼ਾਦੀ ਨਹੀਂ: ਵਿਰੋਧੀ ਕੌਂਸਲਰ

--ਹਾਊਸ ਟੈਕਸ ’ਚ 40 ਫ਼ੀਸਦੀ ਵਾਧੇ, 45.15 ਕਰੋੜ ਦੀ ਮਕੈਨੀਕਲ ਸਵੀਪਿੰਗ, ਸੀਵਰੇਜ ਤੇ ਨਾਜਾਇਜ਼ ਉਸਾਰੀਆਂ ਦੇ ਮੁੱਦਿਆਂ ’ਤੇ ਸਵਾਲ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਹਾਊਸ ਦੀ ਮੀਟਿੰਗ ਤੋਂ ਬਾਅਦ ਮਨਜੀਤ ਸਿੰਘ ਟੀਟੂ, ਚਰਨਜੀਤ ਕੌਰ ਸੰਧਾ, ਅਜੇ ਬੱਬਲ, ਰਵੀ ਕੁਮਾਰ ਤੇ ਕੰਵਰ ਸਰਤਾਜ ਸਿੰਘ ਨੇ ਨਗਰ ਨਿਗਮ ਦੇ ਕੰਮਕਾਜ ਤੇ ਕਰੋੜਾਂ ਰੁਪਏ ਦੇ ਟੈਂਡਰਾਂ ਸਬੰਧੀ ਗੰਭੀਰ ਸਵਾਲ ਉਠਾਏ। ਕੌਂਸਲਰਾਂ ਨੇ ਕਿਹਾ ਕਿ ਹਾਊਸ ਦੀਆਂ ਮੀਟਿੰਗਾਂ ’ਚ ਸ਼ਹਿਰ ਦੇ ਅਹਿਮ ਮੁੱਦਿਆਂ ’ਤੇ ਵਿਸਥਾਰ ਨਾਲ ਚਰਚਾ ਹੋਣੀ ਚਾਹੀਦੀ ਹੈ ਪਰ ਕਈ ਵਾਰ ਹੰਗਾਮੇ ਕਾਰਨ ਵਿਰੋਧੀ ਧਿਰ ਦੇ ਸਵਾਲਾਂ ਦੇ ਜਵਾਬ ਨਹੀਂ ਮਿਲਦੇ ਤੇ ਅਹਿਮ ਮਤੇ ਜਲਦਬਾਜ਼ੀ ’ਚ ਪਾਸ ਕਰ ਦਿੱਤੇ ਜਾਂਦੇ ਹਨ।
-------------------------------
ਹਰੇਕ ਮਤੇ ਦੀ ਪੂਰੀ ਜਾਣਕਾਰੀ ਮਿਲਣੀ ਚਾਹੀਦੀ : ਟੀਟੂ
ਮਨਜੀਤ ਸਿੰਘ ਟੀਟੂ, ਕੌਂਸਲਰ ਵਾਰਡ ਨੰਬਰ 50 ਅਤੇ ਭਾਜਪਾ ਦੇ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਨਗਰ ਨਿਗਮ ਹਾਊਸ ਵਿੱਚ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਸਬੰਧਤ ਹਰ ਮਤੇ ’ਤੇ ਪੂਰੀ ਜਾਣਕਾਰੀ ਮਿਲਣੀ ਚਾਹੀਦੀ ਹੈ। ਕਰੋੜਾਂ ਰੁਪਏ ਦੇ ਟੈਂਡਰਾਂ ਅਤੇ ਐਸਟੀਮੇਟਾਂ ਬਾਰੇ ਸਵਾਲ ਪੁੱਛਣ ’ਤੇ ਤਸੱਲੀਬਖ਼ਸ਼ ਜਵਾਬ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਕੰਮ ਲੋਕਾਂ ਦੇ ਪੈਸੇ ਦੀ ਸਹੀ ਵਰਤੋਂ ਯਕੀਨੀ ਬਣਾਉਣ ਲਈ ਸਵਾਲ ਪੁੱਛਣਾ ਹੈ ਅਤੇ ਉਹ ਇਹ ਜ਼ਿੰਮੇਵਾਰੀ ਨਿਭਾਉਂਦੇ ਰਹਿਣਗੇ।
-----------------------------
ਸ਼ਹਿਰ ਵਾਸੀ ਅੱਜ ਵੀ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ : ਸੰਧਾ
ਚਰਨਜੀਤ ਕੌਰ ਸੰਧਾ ਨੇ ਕਿਹਾ ਕਿ ਸ਼ਹਿਰ ਵਾਸੀ ਅੱਜ ਵੀ ਸੀਵਰੇਜ, ਗੰਦੇ ਪਾਣੀ ਅਤੇ ਸਫ਼ਾਈ ਵਰਗੀਆਂ ਮੁੱਢਲੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਸੀਵਰੇਜ ਪ੍ਰੋਜੈਕਟਾਂ ’ਤੇ ਕਰੋੜਾਂ ਰੁਪਏ ਖਰਚਣ ਦੇ ਬਾਵਜੂਦ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਪਹਿਲਾਂ ਮੌਜੂਦਾ ਸਮੱਸਿਆਵਾਂ ਦਾ ਹੱਲ ਕਰਨਾ ਚਾਹੀਦਾ ਹੈ ਅਤੇ ਹਰ ਪ੍ਰੋਜੈਕਟ ਦੀ ਕਾਰਗੁਜ਼ਾਰੀ ਦਾ ਹਿਸਾਬ ਜਨਤਾ ਸਾਹਮਣੇ ਰੱਖਣਾ ਚਾਹੀਦਾ ਹੈ।
---------------------------
ਕਰੋੜਾਂ ਦੀ ਤਜਵੀਜ਼ ’ਤੇ ਮੁੜ ਹੋਣਾ ਚਾਹੀਦੈ ਵਿਚਾਰ : ਰਾਜੀਵ ਢੀਂਗਰਾ
ਰਾਜੀਵ ਢੀਂਗਰਾ ਨੇ ਮਕੈਨੀਕਲ ਸਵੀਪਿੰਗ ਦੇ ਪ੍ਰਸਤਾਵ ’ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪੰਜ ਮਸ਼ੀਨਾਂ ਰਾਹੀਂ ਸੜਕਾਂ ਦੀ ਸਫ਼ਾਈ ਲਈ ਲਗਭਗ 45 ਕਰੋੜ 15 ਲੱਖ ਰੁਪਏ ਖਰਚਣ ਦੀ ਤਜਵੀਜ਼ ’ਤੇ ਮੁੜ ਵਿਚਾਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਨਗਰ ਨਿਗਮ ਕੋਲ ਪਹਿਲਾਂ ਹੀ ਸਫ਼ਾਈ ਲਈ ਟਰਾਲੀਆਂ ਅਤੇ ਹੋਰ ਸਾਧਨ ਮੌਜੂਦ ਹਨ ਤਾਂ ਇੰਨੀ ਵੱਡੀ ਰਕਮ ਖਰਚਣ ਦੀ ਲੋੜ ਅਤੇ ਇਸ ਦੇ ਲਾਭਾਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ।
-------------------------
ਐਸਟੀਮੈਂਟਾਂ ’ਚ ਪਾਰਦਰਸ਼ਤਾ ਹੋਣੀ ਜ਼ਰੂਰੀ : ਰਵੀ ਕੁਮਾਰ
ਰਵੀ ਕੁਮਾਰ ਨੇ ਕਿਹਾ ਕਿ ਕਮਿਊਨਿਟੀ ਹਾਲਾਂ ਦੀ ਮੁਰੰਮਤ ਅਤੇ ਨਵੀਂ ਉਸਾਰੀ ਸਬੰਧੀ ਐਸਟੀਮੇਟਾਂ ਵਿੱਚ ਪੂਰੀ ਪਾਰਦਰਸ਼ਤਾ ਹੋਣੀ ਲਾਜ਼ਮੀ ਹੈ। ਮੁਰੰਮਤ ਅਤੇ ਨਵੇਂ ਹਾਲ ਦੀ ਉਸਾਰੀ ਲਈ ਲਗਭਗ ਇੱਕੋ ਜਿਹੀ ਰਕਮ ਰੱਖੇ ਜਾਣ ’ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਮੰਗ ਕੀਤੀ ਕਿ ਹਰ ਕੰਮ ਦਾ ਵੇਰਵਾ, ਵਰਤੀ ਜਾਣ ਵਾਲੀ ਸਮੱਗਰੀ ਅਤੇ ਖਰਚੇ ਦੀ ਪੂਰੀ ਜਾਣਕਾਰੀ ਹਾਊਸ ਵਿੱਚ ਰੱਖੀ ਜਾਵੇ।
----------------------
ਬੱਬਲ ਨੇ ਚੁੱਕਿਆ ਨਾਜਾਇਜ਼ ਉਸਾਰੀਆਂ ਦਾ ਮੁੱਦਾ
ਅਜੇ ਬੱਬਲ ਨੇ ਹਾਊਸ ਟੈਕਸ ਵਿੱਚ ਕਥਿਤ 40 ਫ਼ੀਸਦੀ ਵਾਧੇ ਅਤੇ ਸ਼ਹਿਰ ਵਿੱਚ ਹੋ ਰਹੀਆਂ ਨਾਜਾਇਜ਼ ਉਸਾਰੀਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਇਸ ਨਾਲ ਆਮ ਲੋਕਾਂ ਅਤੇ ਦੁਕਾਨਦਾਰਾਂ ’ਤੇ ਵਾਧੂ ਵਿੱਤੀ ਬੋਝ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੈਂਕ ਕਾਲੋਨੀ ਅਤੇ ਮੇਜਰ ਕਾਲਜ ਦੇ ਸਾਹਮਣੇ ਪੇਂਟ ਫੈਕਟਰੀ ਨੇੜੇ ਕਥਿਤ ਤੌਰ ’ਤੇ ਬਿਨਾਂ ਮਨਜ਼ੂਰੀ ਹੋ ਰਹੀਆਂ ਉਸਾਰੀਆਂ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਸਰਕਾਰ ਨੂੰ ਟੈਕਸ ਵਸੂਲੀ ਦੇ ਨਾਲ-ਨਾਲ ਨਾਜਾਇਜ਼ ਉਸਾਰੀਆਂ ਰੋਕਣ ਅਤੇ ਨਿਗਮ ਦੇ ਮਾਲੀਏ ਦੀ ਸੁਰੱਖਿਆ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
------------------------
ਵਿਕਾਸ ਕੰਮਾਂ ’ਚ ਦੇਰੀ ਕਿਉਂ : ਕੰਵਰ ਸਰਤਾਜ ਸਿੰਘ
ਕੌਂਸਲਰ ਕੰਵਰ ਸਰਤਾਜ ਸਿੰਘ ਨੇ ਸੜਕਾਂ ਦੇ ਵਿਕਾਸ ਕਾਰਜਾਂ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਉਠਾਉਂਦਿਆਂ ਕਿਹਾ ਕਿ ਨਗਰ ਨਿਗਮ ਵੱਲੋਂ ਲਗਭਗ ਇੱਕ-ਇੱਕ ਸਾਲ ਪਹਿਲਾਂ ਪਾਸ ਕੀਤੇ ਗਏ ਕਈ ਟੈਂਡਰਾਂ ਦੇ ਵਰਕ ਆਰਡਰ ਵੀ ਜਾਰੀ ਹੋ ਚੁੱਕੇ ਹਨ ਪਰ ਇਸ ਦੇ ਬਾਵਜੂਦ ਸਬੰਧਤ ਸੜਕਾਂ ਦੇ ਕੰਮ ਅੱਜ ਤੱਕ ਸ਼ੁਰੂ ਨਹੀਂ ਹੋਏ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਟੈਂਡਰ ਪਾਸ ਹੋ ਚੁੱਕੇ ਹਨ ਅਤੇ ਵਰਕ ਆਰਡਰ ਵੀ ਜਾਰੀ ਹੋ ਗਏ ਹਨ ਤਾਂ ਫਿਰ ਵਿਕਾਸ ਕਾਰਜਾਂ ਨੂੰ ਸ਼ੁਰੂ ਕਰਨ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਹੈ? ਉਨ੍ਹਾਂ ਮੰਗ ਕੀਤੀ ਕਿ ਅਜਿਹੇ ਸਾਰੇ ਕੰਮਾਂ ਦੀ ਸਮੀਖਿਆ ਕਰਕੇ ਤੁਰੰਤ ਸ਼ੁਰੂ ਕਰਵਾਇਆ ਜਾਵੇ ਅਤੇ ਦੇਰੀ ਲਈ ਜ਼ਿੰਮੇਵਾਰ ਅਧਿਕਾਰੀਆਂ ਤੇ ਠੇਕੇਦਾਰਾਂ ਦੀ ਜਵਾਬਦੇਹੀ ਤੈਅ ਕੀਤੀ ਜਾਵੇ।
--------------------------
ਵਿਰੋਧੀ ਧਿਰ ਦੇ ਕੌਂਸਲਰਾਂ ਨੇ ਨਿਰਪੱਖ ਜਾਂਚ ਤੇ ਜਵਾਬਦੇਹੀ ਦੀ ਮੰਗ
ਵਿਰੋਧੀ ਧਿਰ ਦੇ ਕੌਂਸਲਰਾਂ ਨੇ ਸਾਂਝੇ ਤੌਰ ’ਤੇ ਮੰਗ ਕੀਤੀ ਕਿ ਕਰੋੜਾਂ ਰੁਪਏ ਦੇ ਟੈਂਡਰਾਂ, ਮਕੈਨੀਕਲ ਸਵੀਪਿੰਗ ਪ੍ਰੋਜੈਕਟ, ਸੀਵਰੇਜ ਪ੍ਰਬੰਧਾਂ ਅਤੇ ਕਮਿਊਨਿਟੀ ਹਾਲਾਂ ਦੇ ਐਸਟੀਮੇਟਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਇਸ ਦੇ ਨਾਲ ਹੀ ਹਾਊਸ ਟੈਕਸ ਵਿੱਚ ਕੀਤੇ ਵਾਧੇ ਅਤੇ ਨਾਜਾਇਜ਼ ਉਸਾਰੀਆਂ ਦੇ ਮਾਮਲਿਆਂ ਬਾਰੇ ਵੀ ਸਪੱਸ਼ਟ ਜਵਾਬ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੀ ਹਰ ਮੀਟਿੰਗ ਵਿੱਚ ਲੋਕਾਂ ਦੇ ਅਸਲ ਮੁੱਦਿਆਂ ’ਤੇ ਖੁੱਲ੍ਹੀ ਚਰਚਾ ਹੋਣੀ ਚਾਹੀਦੀ ਹੈ ਅਤੇ ਸ਼ਹਿਰ ਵਾਸੀਆਂ ਦੇ ਟੈਕਸ ਦੇ ਪੈਸੇ ਦੀ ਵਰਤੋਂ ਪੂਰੀ ਪਾਰਦਰਸ਼ਤਾ ਅਤੇ ਜਵਾਬਦੇਹੀ ਨਾਲ ਹੋਣੀ ਚਾਹੀਦੀ ਹੈ। ਇਸ ਮੌਕੇ ਰਾਣੀ ਭਗਤ, ਜੋਤੀ ਲੋਚ, ਮੀਨੂ ਢੰਡ, ਗੁਰਦੀਪ ਸਿੰਘ ਫੌਜੀ ਕੌਂਸਲਰ ਮੌਜੂਦ ਸਨ।