ਪ੍ਰਿੰਸੀਪਲਾਂ, ਹੈੱਡਮਾਸਟਰਾਂ ਤੇ ਬੀਪੀਈਓਜ਼ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ : ਡੀਟੀਐੱਫ਼ ਸਕੂਲਾਂ ਚ ਡੀ ਡੀ ਓਜ ਨਹੀਂ 10-10 ਸਕੂਲਾਂ ਦੀ ਤਨਖਾਹ ਕੌਣ ਕਢਵਾਏ, ਡੀ ਡੀ ਓਜ ਦੋਸ਼ੀ ਕਿਵੇਂ ?
Publish Date: Sat, 18 Jul 2026 07:31 PM (IST)
Updated Date: Sun, 19 Jul 2026 04:04 AM (IST)
ਸਕੂਲਾਂ ’ਚ ਡੀਡੀਓਜ਼ ਨਹੀਂ 10-10 ਸਕੂਲਾਂ ਦੀ ਤਨਖਾਹ ਕੌਣ ਕਢਵਾਏ, ਡੀ ਡੀ ਓਜ ਦੋਸ਼ੀ ਕਿਵੇਂ? ਮਹਿੰਦਰ ਰਾਮ ਫੁੱਗਲਾਣਾ , ਪੰਜਾਬੀ ਜਾਗਰਣ, ਜਲੰਧਰ : ਪੰਜਾਬ ਦੇ ਸਿੱਖਿਆ ਸਕੱਤਰ ਵੱਲੋਂ ਸਕੂਲਾਂ ਦੇ 68 ਡੀਡੀਓਜ਼ ਨੂੰ ਆਪਣੇ ਕਰਮਚਾਰੀਆਂ ਨੂੰ ਤਨਖਾਹ ਲੇਟ ਕਢਵਾਉਣ ਕਰ ਕੇ ਦੋਸ਼ ਸੂਚੀ ਜਾਰੀ ਕੀਤੀ ਹੈ ਜੋ ਕਿ ਤਰਕਹੀਣ ਅਤੇ ਸਰਾਸਰ ਧੱਕਾ ਹੈ, ਸਰਕਾਰ ਆਪਣੀਆਂ ਨਕਾਮੀਆਂ ਦਾ ਠੀਕਰਾ ਇਹਨਾਂ ਅਧਿਕਾਰੀਆਂ ਸਿਰ ਭੰਨ ਰਹੀ ਹੈ। ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਤੇ ਸੂਬਾ ਸਕੱਤਰ ਰੇਸ਼ਮ ਸਿੰਘ ਖੇਮੂਆਣਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੇ ਕੱਲ੍ਹ ਸਿੱਖਿਆ ਸਕੱਤਰ ਸੋਨਾਲੀ ਗਿਰੀ ਦੇ ਦਸਤਖਤਾਂ ਹੇਠ ਜਾਰੀ ਹੋਈ ਸੂਚੀ ’ਚ 68 ਪ੍ਰਿੰਸੀਪਲਾਂ ਅਤੇ ਹੈੱਡਮਾਸਟਰਾਂ ਨੂੰ ਇਸ ਲਈ ਦੋਸ਼ੀ ਬਣਾਇਆ ਗਿਆ ਹੈ ਕਿ ਉਨ੍ਹਾਂ ਨੇ ਆਪਣੇ ਅਧੀਨ ਕਰਮਚਾਰੀਆਂ ਨੂੰ ਤਨਖਾਹ ਲੇਟ ਦਿੱਤੀ ਹੈ। ਆਗੂਆਂ ਨੇ ਕਿਹਾ ਕਿ ਜਿਥੇ ਪੰਜਾਬ ਦੇ ਸੈਕੰਡਰੀ ਸਕੂਲਾਂ ਵਿੱਚ ਪ੍ਰਿੰਸੀਪਲਾਂ ਦੀਆਂ 1900 ਵਿੱਚੋਂ 1100 ਤੋਂ ਵੱਧ ਪੋਸਟਾਂ ਖਾਲੀ ਪਈਆਂ ਹਨ, ਹੈੱਡਮਾਸਟਰਾਂ ਦੀਆਂ 50% ਪੋਸਟਾਂ ਖਾਲੀ ਪਈਆਂ ਹਨ ਤੇ ਮਾਨਸਾ ਵਰਗੇ ਜ਼ਿਲ੍ਹੇ ਵਿੱਚ ਇੱਕ ਵੀ ਬੀਪੀਈਓ ਨਹੀਂ ਹੈ, ਓਥੇ ਕਰਮਚਾਰੀਆਂ ਨੂੰ ਤਨਖਾਹਾਂ ਕਿਵੇਂ ਸਮੇਂ ਸਿਰ ਮਿਲ ਸਕਦੀਆਂ ਹਨ ? ਇਕ-ਇਕ ਪ੍ਰਿੰਸੀਪਲ 10-10 ਸਕੂਲਾਂ ਦੀ ਤਨਖਾਹ ਤੇ ਬਕਾਏ ਬਣਾਉਣ, ਗ੍ਰਾਂਟਾਂ ਖਰਚਣ ਤੇ ਹੋਰ ਸੈਂਕੜੇ ਤਰ੍ਹਾਂ ਦੇ ਕੰਮ ਸਾਂਭ ਰਿਹਾ ਹੈ, ਇਕ-ਇਕ ਕਲਰਕ ਕਈ ਕਈ ਸਕੂਲਾਂ ਦੀਆਂ ਤਨਖਾਹਾਂ ਬਣਾ ਰਿਹਾ ਹੈ ਤਾਂ ਤਨਖਾਹਾਂ ਸਮੇਤ ਹੋਰ ਕੰਮਾਂ ਦਾ ਲਟਕਣਾ ਸੁਭਾਵਿਕ ਹੈ। ਇਸ ਲਈ ਪ੍ਰਿੰਸੀਪਲਾਂ ਨੂੰ ਦੋਸ਼ੀ ਬਣਾਉਣਾ ਤਰਕਹੀਣ ਤੇ ਸਰਾਸਰ ਗਲਤ ਹੈ। ਆਗੂਆਂ ਨੇ ਕਿਹਾ ਕਿ ਜਥੇਬੰਦੀ ਇਨ੍ਹਾਂ ਪ੍ਰਿੰਸੀਪਲਾਂ ਤੇ ਹੈੱਡਮਾਸਟਰਾਂ ਨਾਲ ਡਟ ਕੇ ਖੜ੍ਹੀ ਹੈ ਤੇ ਇਸ ਦੋਸ਼ ਸੂਚੀ ਨੂੰ ਵਾਪਿਸ ਕਰਵਾਉਣ ਲਈ ਕਰੜਾ ਸੰਘਰਸ਼ ਕਰੇਗੀ। ਜਥੇਬੰਦੀ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੁਖਵਿੰਦਰਪ੍ਰੀਤ ਸਿੰਘ, ਸਕੱਤਰ ਅਵਤਾਰ ਲਾਲ, ਅਮਨਦੀਪ ਸਿੰਘ, ਅੰਮ੍ਰਿਤਪਾਲ ਸਿੰਘ, ਗੌਰਵ ਕੁਮਾਰ ਤੇ ਨਰਿੰਦਰ ਪਾਲ ਸ਼ਾਹਕੋਟ ਨੇ ਕਿਹਾ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਲੰਬੇ ਸਮੇਂ ਤੋਂ ਪ੍ਰਿੰਸੀਪਲਾਂ, ਹੈੱਡਮਾਸਟਰਾਂ ਅਤੇ ਬੀਪੀਈਓਜ਼ ਦੀਆਂ ਪ੍ਰੋਮੋਸ਼ਨਾਂ ਕਰਨ ਦੀ ਮੰਗ ਕਰ ਰਹੀ ਹੈ ਪਰ ਵਿਭਾਗ ਦੇ ਅਧਿਕਾਰੀ ਇਸ ਨੂੰ ਕਿਸੇ ਤਣ ਪੱਤਣ ਨਹੀਂ ਲਾ ਰਹੇ, ਜਿਸ ਕਾਰਨ ਸਕੂਲਾਂ ਤੇ ਦਫਤਰਾਂ ਦਾ ਕੰਮ ਬੁਰੀ ਤਰਾਂ ਪ੍ਰਭਾਵਿਤ ਹੋ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਇਹ ਦੋਸ਼ ਸੂਚੀ ਤੁਰੰਤ ਵਾਪਿਸ ਲਈ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਪ੍ਰਿੰਸੀਪਲਾਂ, ਹੈੱਡਮਾਸਟਰਾਂ ਅਤੇ ਬੀਪੀਈਓਜ਼ ਦੀਆਂ ਪ੍ਰੋਮੋਸ਼ਨਾਂ ਤੁਰੰਤ ਕੀਤੀਆਂ ਜਾਣ ਤੇ ਸਿੱਧੀ ਭਰਤੀ ਕੋਟੇ ਦੀਆਂ ਭਰਤੀਆਂ ਵੀ ਤੁਰੰਤ ਕੀਤੀਆਂ ਜਾਣ, ਤਾਂ ਜੋ ਸਕੂਲਾਂ ਦਾ ਕੰਮ ਸਹੀ ਢੰਗ ਨਾਲ ਚੱਲ ਸਕੇ।