- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੜਕ ਹਾਦਸੇ ’ਚ ਜ਼ਖ਼ਮੀ ਔਰਤ ਦੀ ਇਲਾਜ ਦੌਰਾਨ ਮੌਤ

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਲਸੀਆਂ-ਨਕੋਦਰ ਨੈਸ਼ਨਲ ਹਾਈਵੇ ’ਤੇ ਪਿੰਡ ਬਿੱਲੀ ਚੁਹਾਰਮੀ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਜ਼ਖ਼ਮੀ ਹੋਈ ਔਰਤ ਦੀ ਇਲਾਜ ਦੌਰਾਨ ਅੱਜ ਸਵੇਰੇ ਮੌਤ ਹੋ ਗਈ। ਹਾਦਸੇ ਨੂੰ 26 ਦਿਨ ਬੀਤਣ ਦੇ ਬਾਵਜੂਦ ਵੀ ਮਲਸੀਆਂ ਪੁਲਿਸ ਚੌਕੀ ਇੰਚਾਰਜ ਅੰਗਰੇਜ਼ ਸਿੰਘ ਵੱਲੋਂ ਟਰਾਲਾ ਚਾਲਕ ਖ਼ਿਲਾਫ਼ ਕਾਰਵਾਈ ਨਾ ਕਰਨ ਕਰਕੇ ਪੀੜਤ ਪਰਿਵਾਰ ਵਲੋਂ ਕਾਮਰੇਡ ਚਰਨਜੀਤ ਸਿੰਘ ਥੰਮੂਵਾਲ ਦੀ ਅਗਵਾਈ ਹੇਠ ਸ਼ਾਹਕੋਟ ਥਾਣੇ ਬਾਹਰ ਔਰਤ ਦੀ ਲਾਸ਼ ਰੱਖ ਕੇ ਰੋਸ ਵਜੋਂ ਧਰਨਾ ਲਾਇਆ ਗਿਆ। ਗੱਲਬਾਤ ਕਰਦਿਆਂ ਕਾਮਰੇਡ ਚਰਨਜੀਤ ਥੰਮੂਵਾਲ ਨੇ ਕਿਹਾ ਕਿ 10 ਅਗਸਤ ਨੂੰ ਸੰਦੀਪ ਕੌਰ ਪਤਨੀ ਹੈਪੀ ਤੇ ਜਸਵਿੰਦਰ ਕੌਰ ਪਤਨੀ ਮਦਨ ਲਾਲ (ਦੋਵੇਂ ਨੂੰਹ-ਸੱਸ ਵਾਸੀ ਪਿੰਡ ਭੋਇਪੁਰ) ਸਕੈਨਿੰਗ ਕਰਵਾਉਣ ਲਈ ਨਕੋਦਰ ਗਈਆਂ ਸਨ। ਸੰਦੀਪ ਕੌਰ ਦੇ ਨਾਲ ਉਸ ਦੀ 4 ਸਾਲਾਂ ਬੱਚੀ ਵੀ ਗਈ। ਜਦ ਆਟੋ ਮਲਸੀਆਂ-ਨਕੋਦਰ ਨੈਸ਼ਨਲ ਹਾਈਵੇ ’ਤੇ ਪਿੰਡ ਬਿੱਲੀ ਚੁਹਾਰਮੀ ਨਜ਼ਦੀਕ ਪਹੁੰਚਿਆ ਤਾਂ ਇਸ ਦੀ ਹਾਈਵੇ ’ਤੇ ਖੜ੍ਹੇ ਟਰਾਲੇ ਨਾਲ ਟੱਕਰ ਹੋ ਗਈ। ਟੱਕਰ ਤੋਂ ਬਾਅਦ ਇਹ ਦੋਵੇਂ ਨੂੰਹ-ਸੱਸ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ। ਬੱਚੀ ਦਾ ਹਾਦਸੇ ਵਿਚ ਬਚਾਅ ਹੋ ਗਿਆ ਤੇ ਆਟੋ ਚਾਲਕ ਦੇ ਵੀ ਕੋਈ ਗੰਭੀਰ ਸੱਟਾਂ ਨਹੀਂ ਲੱਗੀਆਂ। ਗੰਭੀਰ ਜ਼ਖ਼ਮੀ ਹੋਣ ਕਾਰਨ ਨੂੰਹ-ਸੱਸ ਨੂੰ ਹਸਪਤਾਲ ’ਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ।
ਉਨ੍ਹਾਂ ਦੱਸਿਆ ਕਿ ਨੂੰਹ-ਸੱਸ ਦਾ ਲੰਮਾ ਸਮਾਂ ਜਲੰਧਰ ਦੇ ਇਕ ਨਿੱਜੀ ਹਸਪਤਾਲ ਵਿਖੇ ਇਲਾਜ ਚੱਲਿਆ ਤੇ ਗਰੀਬ ਪਰਿਵਾਰ ਹੋਣ ਕਰਕੇ ਸਾਰੇ ਪਿੰਡ ਨੇ ਪੈਸੇ ਇਕੱਠੇ ਕਰਕੇ ਇਨ੍ਹਾਂ ਦੀ ਮਦਦ ਕੀਤੀ, ਇਲਾਜ ਤੋਂ ਬਾਅਦ ਇਨ੍ਹਾਂ ਦੋਨਾਂ ਨੂੰ ਘਰ ਲਿਆਂਦਾ ਗਿਆ। ਬੀਤੀ ਰਾਤ ਨੂੰਹ ਸੰਦੀਪ ਕੌਰ ਦੀ ਅਚਾਨਕ ਹਾਲਤ ਮੁੜ ਤੋਂ ਖ਼ਰਾਬ ਹੋ ਗਈ, ਜਿਸ ਤੋਂ ਬਾਅਦ ਇਸ ਨੂੰ ਨਿੱਜੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਤੇ ਅੱਜ ਤੜਕੇ ਇਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦੇ ਰੋਸ ਵਜੋਂ ਅੱਜ ਇਹ ਧਰਨਾ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਚੌਕੀ ਇੰਚਾਰਜ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਕਾਰਵਾਈ ਕਰਨ ਵਿਚ ਅਣਗਹਿਲੀ ਵਰਤੀ, ਇਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਐੱਸ.ਐੱਚ.ਓ ਸ਼ਾਹਕੋਟ ਇੰਸਪੈਕਟਰ ਅਮਨ ਸੈਣੀ ਧਰਨੇ ਵਿਚ ਪਹੁੰਚੇ, ਜਿਨ੍ਹਾਂ ਨੇ ਟਰਾਲਾ ਚਾਲਕ ਖ਼ਿਲਾਫ਼ ਕਾਰਵਾਈ ਕਰਨ ਦਾ ਭਰੋਸਾ ਦਿੱਤਾ, ਜਿਸ ਤੋਂ ਬਾਅਦ ਪੀੜਤ ਪਰਿਵਾਰ ਵਲੋਂ ਧਰਨਾ ਖ਼ਤਮ ਕੀਤਾ ਗਿਆ। ਇਸ ਮੌਕੇ ਰਾਜੇਸ਼ ਕੁਮਾਰ ਸੋਨੀ ਸਾਬਕਾ ਪੰਚ, ਹਰਭਜਨ ਸਿੰਘ ਬਾਬਾ ਸਾਬਕਾ ਪੰਚ, ਮੱਖਣ ਸਿੰਘ, ਗੁਰਮੀਤ ਸਿੰਘ ਭੋਇਪੁਰ, ਬਗੀਚਾ ਸਿੰਘ, ਜੋਗਿੰਦਰ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ।
---
ਬਿਆਨਾਂ ਅਨੁਸਾਰ ਕੀਤੀ ਜਾਵੇਗੀ ਕਾਰਵਾਈ : ਇੰਸਪੈਕਟਰ ਸੈਣੀ
ਜਦ ਇਸ ਮਾਮਲੇ ਸਬੰਧੀ ਐੱਸ.ਐੱਚ.ਓ ਸ਼ਾਹਕੋਟ ਇੰਸਪੈਕਟਰ ਅਮਨ ਸੈਣੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੀੜਤ ਪਰਿਵਾਰ ਦੇ ਮੈਂਬਰ ਜੋ ਵੀ ਬਿਆਨ ਦੇਣਗੇ, ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ। ਜਦੋਂ ਇਸ ਮਾਮਲੇ ’ਚ ਉਨ੍ਹਾਂ ਨੂੰ ਲੰਮਾ ਸਮਾਂ ਬੀਤਣ ’ਤੇ ਕਾਰਵਾਈ ਨਾ ਕਰਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਦਸੇ ਤੋਂ ਬਾਅਦ ਪੁਲਿਸ ਵਲੋਂ ਟਰਾਲਾ ਚਾਲਕ ਦਾ ਲਾਇਸੈਂਸ ਰੱਖ ਲਿਆ ਗਿਆ ਸੀ। ਟਰਾਲਾ ਚਾਲਕ ਦਾ ਬੇਟਾ ਵੀ ਪੀ.ਜੀ.ਆਈ ਵਿਖੇ ਇਲਾਜ ਅਧੀਨ ਹੈ, ਜਿਸ ਕਰਕੇ ਉਸ ਨਾਲ ਤਾਲਮੇਲ ਨਹੀਂ ਹੋ ਸਕਿਆ। ਪਹਿਲਾਂ ਪੀੜਤ ਪਰਿਵਾਰ ਵੱਲੋਂ ਵੀ ਪੁਲਿਸ ਨੂੰ ਟਰਾਲਾ ਚਾਲਕ ਨਾਲ ਸਮਝੌਤਾ ਕਰਵਾਉਣ ਬਾਰੇ ਕਿਹਾ ਜਾ ਰਿਹਾ ਸੀ, ਹੁਣ ਇਹ ਕਾਰਵਾਈ ਕਰਵਾਉਣਾ ਚਾਹੁੰਦੇ ਹਨ, ਅਸੀਂ ਕਾਰਵਾਈ ਕਰਨ ਲਈ ਤਿਆਰ ਹਾਂ।