- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਤਨੀ ਨੇ ਪਤੀ ਨੂੰ ਦੂਜੀ ਔਰਤ ਨਾਲ ਰੰਗੇ ਹੱਥੀਂ ਫੜਿਆ, ਇਲਾਕੇ ’ਚ ਹੰਗਾਮਾ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ
ਲੈਦਰ ਕੰਪਲੈਕਸ ਇਲਾਕੇ ’ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਇਕ ਔਰਤ ਨੇ ਆਪਣੇ ਪਤੀ ਨੂੰ ਇਕ ਘਰ ਦੇ ਅੰਦਰ ਕਿਸੇ ਹੋਰ ਔਰਤ ਨਾਲ ਫੜ ਲਿਆ। ਉਹ ਪਰਿਵਾਰਕ ਮੈਂਬਰਾਂ ਨਾਲ ਮੌਕੇ 'ਤੇ ਪਹੁੰਚੀ ਸੀ। ਮਾਮਲਾ ਇੰਨਾ ਵਧ ਗਿਆ ਕਿ ਪਰਿਵਾਰਕ ਮੈਂਬਰਾਂ ਨੇ ਪਤੀ ਦੀ ਕੁੱਟਮਾਰ ਵੀ ਕਰ ਦਿੱਤੀ। ਪੀੜਤ ਮੋਨਿਕਾ ਨੇ ਦੋਸ਼ ਲਗਾਇਆ ਕਿ ਉਸ ਦੇ ਪਤੀ ਪਿਛਲੇ ਕਰੀਬ 5 ਸਾਲਾਂ ਤੋਂ ਇਕ ਹੋਰ ਔਰਤ ਨਾਲ ਸਬੰਧ ਹਨ। ਇਸ ਮੁੱਦੇ ਨੂੰ ਲੈ ਕੇ ਪਹਿਲਾਂ ਵੀ ਪਰਿਵਾਰ ’ਚ ਕਈ ਵਾਰ ਝਗੜੇ ਹੋ ਚੁੱਕੇ ਸਨ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਇਕ ਸਮਝੌਤਾ ਵੀ ਹੋਇਆ ਸੀ ਪਰ ਉਸ ਦਾ ਪਤੀ ਨਹੀਂ ਸੁਧਰਿਆ। ਮੋਨਿਕਾ ਦਾ ਦਾਅਵਾ ਹੈ ਕਿ ਉਸਦਾ ਪਤੀ ਆਪਣੇ ਪਰਿਵਾਰ ਨੂੰ ਇਹ ਕਹਿੰਦਾ ਸੀ ਕਿ ਉਹ ਅੰਮ੍ਰਿਤਸਰ ’ਚ ਕੰਮ ਕਰ ਰਿਹਾ ਹੈ, ਜਦਕਿ ਅਸਲ ’ਚ ਉਸਨੇ ਜਲੰਧਰ ’ਚ ਇਕ ਵੱਖਰਾ ਘਰ ਕਿਰਾਏ 'ਤੇ ਲਿਆ ਹੋਇਆ ਸੀ। ਉਹ ਇਸੇ ਘਰ ’ਚ ਉਸ ਔਰਤ ਨੂੰ ਮਿਲਦਾ ਸੀ। ਉਸ ਨੇ ਆਪਣੇ ਪਤੀ 'ਤੇ ਪਿਛਲੇ ਕਈ ਸਾਲਾਂ ਤੋਂ ਕੁੱਟਮਾਰ ਕਰਨ ਤੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਵੀ ਲਗਾਏ ਹਨ। ਔਰਤ ਦੇ ਭਰਾ ਹਨੀ ਅੰਗੁਰਾਲ ਨੇ ਦੱਸਿਆ ਕਿ ਉਸਦਾ ਜੀਜਾ ਕਾਫੀ ਸਮੇਂ ਤੋਂ ਉਸਦੀ ਭੈਣ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ। ਘਟਨਾ ਦਾ ਪਤਾ ਲੱਗਣ 'ਤੇ ਪਰਿਵਾਰ ਮੌਕੇ 'ਤੇ ਪਹੁੰਚ ਗਿਆ। ਜੀਜੇ ਨੇ ਉਨ੍ਹਾਂ ਨਾਲ ਬਹਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਧਮਕੀਆਂ ਦਿੱਤੀਆਂ। ਪਰਿਵਾਰ ਨੂੰ ਪਿਛਲੇ 5 ਸਾਲਾਂ ਤੋਂ ਜੀਜੇ ਦੇ ਇਸ ਨਾਜਾਇਜ਼ ਸਬੰਧ ਬਾਰੇ ਪਤਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਕੁਝ ਵੀਡੀਓਜ਼ ਜਾਰੀ ਕੀਤੀਆਂ ਹਨ। ਔਰਤ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਉਸਦੇ ਪਤੀ ਦੇ ਮੋਬਾਈਲ ਫੋਨ ’ਚ ਉਸ ਔਰਤ ਨਾਲ ਜੁੜੀਆਂ ਕੁਝ ਇਤਰਾਜ਼ਯੋਗ ਵੀਡੀਓਜ਼ ਮੌਜੂਦ ਹਨ। ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਕੇਸ ਬਾਰੇ ਹੋਰ ਵੇਰਵੇ ਪੁਲਿਸ ਦੀ ਜਾਂਚ ਤੇ ਦੋਵਾਂ ਧਿਰਾਂ ਵੱਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ 'ਤੇ ਸਪੱਸ਼ਟ ਹੋਣਗੇ।