- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਿੱਖਾਂ ਦੇ ਛੇਵੇਂ ਪਾਤਸ਼ਾਹ ਜੀ ਦਾ ਵਿਆਹ ਪੁਰਬ ਮਨਾਇਆ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਿਆਹ ਪੁਰਬ ਨੂੰ ਮਨਾਉਂਦਿਆਂ ਹੋਇਆਂ ਗੁਰਦੁਆਰਾ ਸ੍ਰੀ ਸਿਹਰਾ ਸਾਹਿਬ ਸੁਲਤਾਨ ਪੁਰ ਲੋਧੀ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜਾਂ ਪਿਆਰਿਆਂ ਦੀ ਅਗਵਾਈ ਵਿਚ ਨਗਰ ਕੀਰਤਨ ਦੇ ਰੂਪ ਵਿਚ ਇਲਾਕੇ ਦੇ ਪਿੰਡਾਂ ਦੀਪੇ ਵਾਲ, ਵਾੜਾ ਬੁੱਧ ਸਿੰਘ, ਲੋਹੀਆਂ ਖ਼ਾਸ ਤੇ ਫੱਤੂ ਵਾਲ ਤੋਂ ਹੁੰਦਾ ਹੋਇਆ ਮਾਤਾ ਦਮੋਦਰੀ ਜੀ ਦੇ ਗੁਰਦੁਆਰਾ ਸਾਹਿਬ ਪਿੰਡ ਡੱਲਾ ਪੁੱਜ ਕੇ ਸੰਪੰਨ ਹੋਇਆ। ਨਗਰ ਕੀਰਤਨ ’ਚ ਸ਼ਾਮਲ ਗੱਤਕਾ ਟੀਮ ਵੱਲੋਂ ਮਾਰਸ਼ਲ ਆਰਟ ਗਤਕੇ ਦੇ ਜੌਹਰ ਵੀ ਦਿਖਾਏ ਗਏ। ਨਗਰ ਕੀਰਤਨ ਦੇ ਲੋਹੀਆਂ ਪਹੁੰਚਣ ’ਤੇ ਸੰਗਤ ਵੱਲੋਂ ਜਲੰਧਰ-ਫਿਰੋਜ਼ ਪੁਰ ਰਾਸ਼ਟਰੀ ਮਾਰਗ ’ਤੇ ਭਰਵਾਂ ਸਵਾਗਤ ਕੀਤਾ ਗਿਆ, ਜਦਕਿ ਸਥਾਨਕ ਫੁਲਵਾੜੀ ਪਬਲਿਕ ਸਕੂਲ ਦੀ ਬੈਂਡ ਵਾਜੇ ਦੀ ਟੀਮ ਵੱਲੋਂ ਅਮਰਜੀਤ ਸਿੰਘ ਖੋਸਾ ਦੀ ਅਗਵਾਈ ਵਿਚ ਸਲਾਮੀ ਦਿੱਤੀ ਗਈ। ਇਸ ਮੌਕੇ ਸਥਾਨਕ ਥਾਣੇ ਦੀ ਪੁਲਿਸ ਟੁਕੜੀ ਵੱਲੋਂ ਵੀ ਸੁਖਜਿੰਦਰ ਸਿੰਘ ਖਹਿਰਾ ਐੱਸਐੱਚਓ ਦੀ ਅਗਵਾਈ ’ਚ ਸਲਾਮੀ ਦਿੱਤੀ ਗਈ। ਨੇੜਲੇ ਪਿੰਡਾਂ ਤੋਂ ਆਈ ਸੰਗਤ ਵੱਲੋਂ ਬਲਜਿੰਦਰ ਸਿੰਘ ਕਿਸਾਨ ਆਗੂ ਦੀ ਅਗਵਾਈ ਵਿਚ ਪੰਜਾਂ ਪਿਆਰਿਆਂ, ਨਗਰ ਕੀਰਤਨ ’ਚ ਸ਼ਾਮਲ ਪਤਵੰਤਿਆਂ ਤੇ ਸਥਾਨਕ ਅਹਿਮ ਸ਼ਖ਼ਸੀਅਤਾਂ ਨੂੰ ਵੀ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕਾਂ ਵੱਲੋਂ ਸਮੂਹ ਸੰਗਤਾਂ ਲਈ ਠੰਢਾ ਜਲ, ਕੇਲੇ ਤੇ ਠੰਢਿਆਂ ਦਾ ਲੰਗਰ ਵੀ ਲਗਾਇਆ ਗਿਆ। ਭਾਈ ਅਵਤਾਰ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਸ੍ਰੀ ਬੇਰ ਸਾਹਿਬ ਤੇ ਭਾਈ ਹਰਜਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਸਾਹਿਬ ਸ੍ਰੀ ਬੇਰ ਸਾਹਿਬ ਵੱਲੋਂ ਉਚੇਚੇ ਤੌਰ ’ਤੇ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਬਾਬਾ ਤਰਸੇਮ ਸਿੰਘ, ਸੁਖਦੇਵ ਰਾਜ ਕਾਲਾ, ਕੇਸਰ ਸਿੰਘ, ਬਲਕਾਰ ਸਿੰਘ, ਚਰਨਜੀਤ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਗੁਰਸੇਵਕ ਸਿੰਘ, ਸਾਹਿਬ ਸਿੰਘ, ਮੱਖਣ ਸਿੰਘ ਦੋਵੇਂ ਕੌਂਸਲਰ, ਗੁਰਬੀਰ ਸਿੰਘ ਕੰਗ, ਦਲਬੀਰ ਸਿੰਘ ਕੰਗ, ਸੁਖਚੈਨ ਸਿੰਘ ਸਰਪੰਚ, ਦੇਵ ਰਾਜ ਪੰਪ ਵਾਲੇ, ਸੁਰਜੀਤ ਸਿੰਘ, ਭੁਪਿੰਦਰ ਸਿੰਘ, ਅਰਸ਼ਦੀਪ ਸਿੰਘ, ਸਵਰਨ ਸਿੰਘ, ਅਵਤਾਰ ਸਿੰਘ, ਨਰਿੰਦਰਜੀਤ ਸਿੰਘ, ਲਖਵਿੰਦਰ ਸਿੰਘ, ਡਾ. ਹਰਜੀਤ ਸਿੰਘ ਤੇ ਯਾਦਵਿੰਦਰ ਸਿੰਘ ਗਿੱਦੜ ਪਿੰਡੀ ਵੀ ਮੌਜੂਦ ਸਨ।