ਯਾਦਗਾਰੀ ਹੋ ਨਿੱਬੜਿਆ ਗਾਧਰਾ ਸਕੂਲ ਦਾ ਦੋ ਰੋਜ਼ਾ ਖੇਡ ਮੇਲਾ ਗਾਧਰਾ ਸਕੂਲ ਵਿਖੇ ਦੋ ਰੋਜ਼ਾ ਖੇਡ ਮੇਲਾ ਯਾਦਗਾਰੀ ਹੋ ਨਿਬੜਿਆ
Publish Date: Sun, 11 Oct 2026 09:09 PM (IST)
Updated Date: Mon, 12 Oct 2026 04:09 AM (IST)
ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਸਰਕਾਰੀ ਪ੍ਰਾਇਮਰੀ ਸਕੂਲ ਗਾਧਰਾ ਵਿਖੇ ਯੰਗ ਸਪੋਰਟਸ ਕਲੱਬ, ਐੱਨਆਰਆਈ ਵੀਰਾਂ ਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਬਲਾਕ ਪੱਧਰੀ ਦੋ ਰੋਜ਼ਾ ਖੇਡ ਮੇਲਾ ਕਰਵਾਇਆ ਗਿਆ। ਇਸ ਖੇਡ ਮੇਲੇ ਦਾ ਉਦਘਾਟਨ ਨਾਇਬ ਤਹਿਸੀਲਦਾਰ ਬਲਜੋਤ ਸਿੰਘ ਨੇ ਕੀਤਾ। ਸਮਾਗਮ ਦੌਰਾਨ ਬੱਚਿਆਂ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਬਲਾਕ ਨਕੋਦਰ ਦੇ ਬੀਪੀਈਓ ਬਾਲਕ੍ਰਿਸ਼ਨ ਮਹਿੰਮੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਖੇਡ ਮੁਕਾਬਲਿਆਂ ’ਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਨਕਦ ਇਨਾਮ ਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਖੇਡ ਮੇਲੇ ਦੌਰਾਨ 100 ਮੀਟਰ ਦੌੜ, ਕਬੱਡੀ ਤੇ ਰੱਸਾਕਸ਼ੀ ਸਮੇਤ ਵੱਖ-ਵੱਖ ਮੁਕਾਬਲੇ ਕਰਵਾਏ ਗਏ। 100 ਮੀਟਰ ਦੌੜ ’ਚ ਗਾਧਰਾ ਦੀ ਟੀਮ ਨੇ ਪਹਿਲਾ ਤੇ ਬੀਰ ਪਿੰਡ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ। ਇਨ੍ਹਾਂ ਮੁਕਾਬਲਿਆਂ ਦੌਰਾਨ ਬੱਚਿਆਂ ਨੇ ਆਪਣੀ ਖੇਡ ਪ੍ਰਤਿਭਾ ਤੇ ਜੋਸ਼ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਯੰਗ ਸਪੋਰਟਸ ਕਲੱਬ ਵੱਲੋਂ ਖੇਡ ਮੇਲੇ ’ਚ ਸ਼ਾਮਲ ਬੱਚਿਆਂ ਤੇ ਅਧਿਆਪਕਾਂ ਲਈ ਰਿਫਰੈਸ਼ਮੈਂਟ ਤੇ ਦੁਪਹਿਰ ਦੇ ਖਾਣੇ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਇਸ ਸਮਾਗਮ ਨੂੰ ਸਫ਼ਲ ਬਣਾਉਣ ’ਚ ਐੱਨਆਰਆਈ ਵੀਰਾਂ, ਗ੍ਰਾਮ ਪੰਚਾਇਤ ਤੇ ਕਲੱਬ ਦੇ ਮੈਂਬਰਾਂ ਨੇ ਅਹਿਮ ਯੋਗਦਾਨ ਪਾਇਆ। ਇਸ ਮੌਕੇ ਮੇਜਰ ਸਿੰਘ ਰੰਧਾਵਾ (ਯੂਕੇ), ਲਹਿੰਬਰ ਸਿੰਘ ਕੰਗ (ਕੈਨੇਡਾ), ਕਲੱਬ ਪ੍ਰਧਾਨ ਸੁਖਵਿੰਦਰ ਸਿੰਘ ਕੰਗ, ਜੋ ਸਿੰਘ ਸੰਧੂ, ਜਸਵਿੰਦਰ ਸਿੰਘ ਬਾਗ ਵਾਲੇ, ਜਰਨੈਲ ਸਿੰਘ ਸੰਧੂ, ਮਨਦੀਪ ਸਿੰਘ (ਸਪੇਨ), ਗੁਰਪ੍ਰੀਤ ਸਿੰਘ, ਕੁਲਵੰਤ ਸਿੰਘ, ਵਿਜੇ ਕੁਮਾਰ ਕੰਡਾ, ਹਰਜਿੰਦਰ ਸਿੰਘ ਰੰਧਾਵਾ, ਗਿੰਦਾ ਪਹਿਲਵਾਨ, ਗੁਰਭੇਜ ਸਿੰਘ ਤੇ ਹਰਪ੍ਰੀਤ ਸਿੰਘ ਗਾਖਲ ਸਮੇਤ ਹੋਰ ਪਤਵੰਤੇ ਹਾਜ਼ਰ ਸਨ। ਸਮਾਗਮ ਦੇ ਅੰਤ ’ਚ ਸਰਕਾਰੀ ਪ੍ਰਾਇਮਰੀ ਸਕੂਲ ਗਾਧਰਾ ਦੇ ਮੁੱਖ ਅਧਿਆਪਕ ਯਸ਼ ਪਾਲ ਚੰਦੜ ਨੇ ਖੇਡ ਮੇਲੇ ’ਚ ਸਹਿਯੋਗ ਦੇਣ ਵਾਲੇ ਅਧਿਆਪਕਾਂ, ਬੱਚਿਆਂ ਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਕੰਗ ਨੇ ਐੱਨਆਰਆਈ ਵੀਰਾਂ ਵੱਲੋਂ ਦਿੱਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਜੇਤੂ ਬੱਚਿਆਂ ਨੂੰ ਵਧਾਈ ਦਿੱਤੀ। ਇਸ ਤਰ੍ਹਾਂ ਆਪਸੀ ਸਹਿਯੋਗ, ਖੇਡ ਭਾਵਨਾ ਤੇ ਬੱਚਿਆਂ ਦੇ ਉਤਸ਼ਾਹ ਨਾਲ ਇਹ ਦੋ ਰੋਜ਼ਾ ਖੇਡ ਮੇਲਾ ਯਾਦਗਾਰੀ ਹੋ ਨਿੱਬੜਿਆ।