- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅੱਜ ਜੋਸ਼ੋ-ਖਰੋਸ਼ ਨਾਲ ਸ਼ੁਰੂ ਹੋਵੇਗਾ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ

-ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ ਮੇਲਾ
-ਨਾਟਕ, ਵਿਚਾਰ-ਚਰਚਾ, ਕਵੀ ਦਰਬਾਰ ਤੇ ਪੁਸਤਕ ਪ੍ਰਦਰਸ਼ਨੀ ਹੋਣਗੇ ਖਿੱਚ ਦਾ ਕੇਂਦਰ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਵਿਖੇ ਤਿੰਨ ਰੋਜ਼ਾ ਮੇਲਾ ਗ਼ਦਰੀ ਬਾਬਿਆਂ ਦਾ ਅੱਜ ਪੂਰੇ ਜੋਸ਼ੋ-ਖਰੋਸ਼ ਨਾਲ ਸ਼ੁਰੂ ਹੋਵੇਗਾ। ਹਾਲ ’ਚ ਸਜੇ ਪੰਡਾਲ, ਝੰਡੇ ਦੇ ਗੀਤ, ਚਿੱਤਰਕਲਾ, ਫੋਟੋ ਕਲਾ ਤੇ ਪੁਸਤਕ ਪ੍ਰਦਰਸ਼ਨੀ ਸਮੇਤ ਵੱਖ-ਵੱਖ ਕਲਾ ਕਿਰਤਾਂ ਰਾਹੀਂ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨ ਵਾਲੇ ਗ਼ਦਰੀ ਬਾਬਿਆਂ, ਬੱਬਰ ਅਕਾਲੀਆਂ, ਕਾਕੋਰੀ ਕਾਂਡ ਦੇ ਇਨਕਲਾਬੀਆਂ ਤੇ ਨੌਜਵਾਨ ਭਾਰਤ ਸਭਾ ਦੇ ਇਤਿਹਾਸ ਦੀਆਂ ਪ੍ਰਭਾਵਸ਼ਾਲੀ ਝਲਕਾਂ ਪੇਸ਼ ਕੀਤੀਆਂ ਜਾਣਗੀਆਂ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਇਸ ਵਾਰ ਦਾ ਮੇਲਾ ਬੱਬਰ ਅਕਾਲੀ ਲਹਿਰ ਦੀਆਂ ਸ਼ਹਾਦਤਾਂ ਦੀ ਸ਼ਤਾਬਦੀ ਨੂੰ ਸਮਰਪਿਤ ਹੈ। ਇਸ ਮੌਕੇ ਬੱਬਰ ਅਕਾਲੀ ਲਹਿਰ ਨਾਲ ਸਬੰਧਤ ਪਿੰਡਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਮੇਲੇ ਦੀ ਸ਼ੁਰੂਆਤ 30 ਅਕਤੂਬਰ ਨੂੰ ਦੁਪਹਿਰ 2 ਵਜੇ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਜਾਵੇਗੀ। ਇਸ ਦੌਰਾਨ ਚਿੱਤਰਕਲਾ ਤੇ ਫੋਟੋ ਕਲਾ ਪ੍ਰਦਰਸ਼ਨੀਆਂ, ਪੁਸਤਕ ਪ੍ਰਦਰਸ਼ਨੀ ਤੇ ਪੈਨਲ ਵਿਚਾਰ-ਚਰਚਾ ਸਮੇਤ ਵੱਖ-ਵੱਖ ਸਰਗਰਮੀਆਂ ਕਰਵਾਈਆਂ ਜਾਣਗੀਆਂ।
31 ਅਕਤੂਬਰ ਨੂੰ ਕੁਇਜ਼ ਤੇ ਪੇਂਟਿੰਗ ਮੁਕਾਬਲੇ ਕਰਵਾਏ ਜਾਣਗੇ। ਦੁਪਹਿਰ ਸਮੇਂ ਤਰਕਸ਼ੀਲ ਤੇ ਵਿਗਿਆਨਕ ਚੇਤਨਾ ਦਾ ਸੁਨੇਹਾ ਦਿੰਦੀਆਂ ਕਲਾ ਕਿਰਤਾਂ ਪੇਸ਼ ਕੀਤੀਆਂ ਜਾਣਗੀਆਂ। ਇਸ ਮੌਕੇ ਨਾਮਵਰ ਵਿਦਵਾਨ ਪ੍ਰਜੌਏ ਗੁਹਾ ਠਾਕੁਰਤਾ ਦੇਸ਼ ਦੇ ਅਹਿਮ ਤੇ ਚਰਚਿਤ ਮੁੱਦਿਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। ਸ਼ਾਮ 4 ਵਜੇ ਪੁਸਤਕ ਲੋਕ ਅਰਪਣ ਸਮਾਗਮ ਕਰਵਾਇਆ ਜਾਵੇਗਾ, ਜਦਕਿ ਸ਼ਾਮ 7 ਵਜੇ ਕਵੀ ਦਰਬਾਰ ਹੋਵੇਗਾ। ਇਸੇ ਦਿਨ 'ਪੀਪਲਜ਼ ਵਾਇਸ' ਵੱਲੋਂ ਨਿਰਦੇਸ਼ਕ ਨਕੁਲ ਸਾਹਨੀ ਦੀ ਦਸਤਾਵੇਜ਼ੀ ਫ਼ਿਲਮ 'ਚੜ੍ਹਦੀ ਕਲਾ' ਦਿਖਾਈ ਜਾਵੇਗੀ, ਜੋ ਦਿੱਲੀ ਕਿਸਾਨ ਮੋਰਚੇ ਨਾਲ ਸਬੰਧਤ ਹੈ।
ਪਹਿਲੀ ਨਵੰਬਰ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਦਰਸ਼ਨ ਖਟਕੜ ਝੰਡਾ ਲਹਿਰਾਉਣਗੇ ਤੇ ਇਸ ਉਪਰੰਤ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਦਿਨ ਅਮੋਲਕ ਸਿੰਘ ਦੀ ਰਚਨਾ ਤੇ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ ਦੋ ਦਰਜਨ ਨਾਟਕ ਮੰਡਲੀਆਂ ਦੇ ਕਰੀਬ 100 ਕਲਾਕਾਰ ਸੰਗੀਤਕ ਨਾਟ-ਓਪੇਰਾ 'ਬਦਲ ਦਿਓ ਸਮਾਜ ਪੇਸ਼ ਕਰਨਗੇ। ਇਸ ਤੋਂ ਇਲਾਵਾ ਜਮਹੂਰੀ ਹੱਕਾਂ ਦੀ ਸਿਰਕੱਢ ਆਗੂ, ਵਿਦਵਾਨ ਤੇ ਰੰਗਕਰਮੀ ਡਾ. ਨਵਸ਼ਰਨ ਸਮੇਂ ਦੇ ਅਹਿਮ ਤੇ ਭੱਖਦੇ ਸਵਾਲਾਂ ਬਾਰੇ ਵਿਚਾਰ ਸਾਂਝੇ ਕਰਨਗੇ। ਦਿਨ ਦੇ ਸਮਾਗਮ ਦੌਰਾਨ ਚੰਡੀਗੜ੍ਹ ਸਕੂਲ ਆਫ਼ ਡਰਾਮਾ ਦੀ ਟੀਮ ਵੱਲੋਂ ਗੁਰਸ਼ਰਨ ਭਾਅ ਜੀ ਦਾ ਨਾਟਕ 'ਤਮਾਸ਼ਾ-ਏ-ਹਿੰਦੋਸਤਾਨ' ਪੇਸ਼ ਕੀਤਾ ਜਾਵੇਗਾ। ਪਹਿਲੀ ਨਵੰਬਰ ਦੀ ਰਾਤ ਭੰਡਾਂ ਦੀਆਂ ਪੇਸ਼ਕਾਰੀਆਂ, ਨਾਟਕਾਂ, ਗੀਤ-ਸੰਗੀਤ ਤੇ ਹੋਰ ਸੱਭਿਆਚਾਰਕ ਵੰਨਗੀਆਂ ਨਾਲ ਮੇਲੇ ਦੀਆਂ ਰੌਣਕਾਂ ਸਿਖਰਾਂ ’ਤੇ ਹੋਣਗੀਆਂ। ਇਸ ਦੌਰਾਨ ਕਰਾਂਤੀਪਾਲ, ਹਰਕੇਸ਼ ਚੌਧਰੀ, ਕੇਵਲ ਧਾਲੀਵਾਲ ਤੇ ਅਨੀਤਾ ਸ਼ਬਦੀਸ਼ ਸਮੇਤ ਵੱਖ-ਵੱਖ ਰੰਗਕਰਮੀ ਆਪਣੀਆਂ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਨੂੰ ਨਾਟਕੀ ਰੰਗਾਂ ਨਾਲ ਜੋੜਨਗੇ। ਮੇਲੇ ਦੌਰਾਨ ਲੱਗਣ ਵਾਲੀ ਪੁਸਤਕ ਪ੍ਰਦਰਸ਼ਨੀ ਵੀ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ।