- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਜਲੰਧਰ ਦੀ ਐਡਹਾਕ ਕਮੇਟੀਆਂ ਦਾ ਕਾਰਜਕਾਲ ਵਧਿਆ

-ਲਾਈਟ ਬ੍ਰਾਂਚ ਦੇ ਚੇਅਰਮੈਨ ਬਦਲੇ, ਜਗੀਰ ਸਿੰਘ ਨੂੰ ਮਿਲੀ ਕਮਾਨ
-ਮੇਅਰ ਵੱਲੋਂ ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ 1976 ਅਧੀਨ ਹੁਕਮ ਜਾਰੀ
-ਅਮਿਤ ਢੱਲ ਦੀ ਥਾਂ ਵਾਰਡ ਨੰ: 4 ਦੇ ਕੌਂਸਲਰ ਜਗੀਰ ਸਿੰਘ ਬਣੇ ਨਵੇਂ ਚੇਅਰਮੈਨ
ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਨਗਰ ਨਿਗਮ ਜਲੰਧਰ ’ਚ ਪ੍ਰਸ਼ਾਸਕੀ ਤੇ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਣ ਦੇ ਮਕਸਦ ਨਾਲ ਮੇਅਰ ਵੱਲੋਂ ਵੱਡਾ ਫੈਸਲਾ ਲੈਂਦਿਆਂ ਅਹਿਮ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ, 1976 ਦੀ ਧਾਰਾ 42 ਤਹਿਤ ਗਠਿਤ ਕੀਤੀਆਂ ਗਈਆਂ ਐਡਹਾਕ ਕਮੇਟੀਆਂ ਦੇ ਕਾਰਜਕਾਲ ’ਚ ਵਾਧਾ ਕਰਨ ਦੇ ਨਾਲ-ਨਾਲ ਲਾਈਟ ਬ੍ਰਾਂਚ ਐਡਹਾਕ ਕਮੇਟੀ ਦੀ ਲੀਡਰਸ਼ਿਪ ’ਚ ਫੇਰਬਦਲ ਕੀਤਾ ਗਿਆ ਹੈ। ਸਰਕਾਰੀ ਹੁਕਮਾਂ ਅਨੁਸਾਰ, ਇਸ ਤੋਂ ਪਹਿਲਾਂ ਗਠਿਤ ਕੀਤੀਆਂ ਗਈਆਂ ਐਡਹਾਕ ਕਮੇਟੀਆਂ ਦਾ ਸਮਾਂ ਇਕ ਸਾਲ ਲਈ ਨਿਰਧਾਰਤ ਕੀਤਾ ਗਿਆ ਸੀ। ਹੁਣ ਮੇਅਰ ਵੱਲੋਂ ਜਾਰੀ ਨਵੇਂ ਨਿਰਦੇਸ਼ਾਂ ਤਹਿਤ ਇਨ੍ਹਾਂ ਕਮੇਟੀਆਂ ਦੀ ਮਿਆਦ ਵਧਾ ਦਿੱਤੀ ਗਈ ਹੈ ਤਾਂ ਜੋ ਸ਼ਹਿਰ ਦੇ ਅਧੂਰੇ ਪਏ ਵਿਕਾਸ ਕਾਰਜਾਂ ਤੇ ਪ੍ਰਬੰਧਕੀ ਸੁਧਾਰਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਕੀਤਾ ਜਾ ਸਕੇ।
-----------------------------
ਲਾਈਟ ਬ੍ਰਾਂਚ ਕਮੇਟੀ 'ਚ ਵੱਡਾ ਫੇਰ ਬਦਲ
ਇਸ ਫੈਸਲੇ ਤਹਿਤ ਸਭ ਤੋਂ ਅਹਿਮ ਬਦਲਾਅ ਲਾਈਟ ਬ੍ਰਾਂਚ ਐਡਹਾਕ ਕਮੇਟੀ ’ਚ ਦੇਖਣ ਨੂੰ ਮਿਲਿਆ ਹੈ। ਕਮੇਟੀ ਦੇ ਮੌਜੂਦਾ ਚੇਅਰਮੈਨ ਅਮਿਤ ਢੱਲ (ਕੌਂਸਲਰ, ਵਾਰਡ ਨੰ: 24) ਦੀ ਥਾਂ 'ਤੇ ਹੁਣ ਜਗੀਰ ਸਿੰਘ (ਕੌਂਸਲਰ, ਵਾਰਡ ਨੰ: 4) ਨੂੰ ਲਾਈਟ ਬ੍ਰਾਂਚ ਐਡਹਾਕ ਕਮੇਟੀ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪੰਜਾਬ ਮਿਊਂਸੀਪਲ ਕਾਰਪੋਰੇਸ਼ਨ ਐਕਟ, 1976 ਦੀ ਧਾਰਾ 42 ਅਧੀਨ ਮੇਅਰ ਵੱਲੋਂ ਪ੍ਰਵਾਨਗੀ ਦਿੱਤੀ ਗਈ ਹੈ। ਇਸ ਪ੍ਰਵਾਨਗੀ ਤਹਿਤ ਗਠਿਤ ਐਡਹਾਕ ਕਮੇਟੀਆਂ ਦਾ ਕਾਰਜ ਕਾਲ ਸਮਾਂ ਵਧਾਇਆ ਗਿਆ। ਮੇਅਰ ਦਫ਼ਤਰ ਵੱਲੋਂ 25 ਅਗਸਤ 2026 ਨੂੰ ਦਸਤਖ਼ਤ ਕੀਤੇ ਗਏ ਇਨਾਂ ਹੁਕਮਾਂ ਦੀਆਂ ਕਾਪੀਆਂ ਅੱਜ (8 ਸਤੰਬਰ 2026) ਅਜੈਂਡਾ ਸੁਪਰਡੰਟ, ਨਗਰ ਨਿਗਮ ਜਲੰਧਰ ਵੱਲੋਂ ਸੀਨੀਅਰ ਡਿਪਟੀ ਮੇਅਰ, ਡਿਪਟੀ ਮੇਅਰ, ਸਮੂਹ ਕੌਂਸਲਰਾਂ, ਨਿਗਮ ਕਮਿਸ਼ਨਰ ਤੇ ਸਬੰਧਤ ਵਿਭਾਗਾਂ ਨੂੰ ਸੂਚਨਾ ਤੇ ਅਗਲੇਰੀ ਕਾਰਵਾਈ ਹਿੱਤ ਭੇਜ ਦਿੱਤੀਆਂ ਗਈਆਂ ਹਨ। ਲਾਈਟ ਬ੍ਰਾਂਚ ਵਰਗੇ ਮਹੱਤਵਪੂਰਨ ਵਿਭਾਗ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਸ਼ਹਿਰ ’ਚ ਸਟਰੀਟ ਲਾਈਟਾਂ ਦੀ ਵਿਵਸਥਾ ਤੇ ਸਾਂਭ-ਸੰਭਾਲ ’ਚ ਤੇਜ਼ੀ ਆਉਣ ਦੀ ਉਮੀਦ ਜਤਾਈ ਜਾ ਰਹੀ ਹੈ।