- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲ ਵਿਲਾਸ ਪੈਲੇਸ ਵਿੱਚ ਗੂੰਜੀ ਸ਼ਹਾਦਤ ਦੀ ਗਾਥਾ, ਹਰ ਅੱਖ ਹੋਈ ਨਮ ਪਰ ਸੀਨਾ ਮਾਣ ਨਾਲ ਚੌੜਾ

-27 ਸਾਲ ਪਹਿਲਾਂ ਬੱਚਿਆਂ ਨੂੰ ਸਹੀ ਦਿਸ਼ਾ ਦੇਣ ਲਈ ਆਰੰਭੀ ਸ਼ੁਰੂਆਤ
ਜਾਗਰਣ ਸੰਵਾਦਦਾਤਾ, ਜਲੰਧਰ : ਕਸ਼ਯਪ ਨੌਜਵਾਨ ਧਾਰਮਿਕ ਸਭਾ ਵੱਲੋ ਜਲੰਧਰ ਦੇ ਜਲ ਵਿਲਾਸ ਪੈਲੇਸ ਵਿਖੇ 27ਵਾਂ ਕਾਰਗਿਲ ਵਿਜੇ ਦਿਵਸ ਮਨਾਇਆ। ਇਸ ਦੌਰਾਨ ਕਾਰਗਿਲ ’ਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਸਮਾਗਮ ’ਚ ਹਰ ਅੱਖ ਨਮ ਸੀ....ਕਾਰਗਿਲ ਜੰਗ ’ਚ ਸ਼ਹੀਦ ਹੋਣ ਵਾਲਿਆਂ ਦੇ ਪਰਿਵਾਰਿਕ ਮੈਂਬਰਾਂ ਨੂੰ ਦੁੱਖ ਸਾਫ ਦਿਸ ਰਿਹਾ ਸੀ। ਸ਼ਹੀਦਾਂ ਦੇ ਪਰਿਵਾਰਿਕ ਮੈਂਬਰਾਂ ਦੀ ਯਾਦ ਨੂੰ ਤਾਜ਼ਿਆਂ ਹੋਣ ਕਾਰਨ ਮਾਹੌਲ ਕਾਫੀ ਭਾਵੁਕ ਹੋ ਗਿਆ। ਇਸ ਦੇ ਬਾਵਜੂਦ ਉਨ੍ਹਾਂ ਦੇ ਪਿਆਰਿਆਂ ਵੱਲੋਂ ਦੇਸ਼ ਲਈ ਕੁਰਬਾਨ ਹੋਣ ਦਾ ਮਾਣ ਵੀ ਸੀ। ਕਾਰਗਿਲ ਜੰਗ ਦੌਰਾਨ ਕਿਸੇ ਨੇ ਆਪਣਾ ਪਿਤਾ, ਕਿਸੇ ਨੇ ਪੁੱਤਰ ਤੇ ਕਿਸੇ ਨੇ ਆਪਣਾ ਪਤੀ ਗੁਆਇਆ ਹੈ। ਅੱਜ ਸ਼ਹੀਦਾਂ ਦੇ ਪਰਿਵਾਰ ਇਕੱਠੇ ਹੋਏ, ਜਿੱਥੇ ਦੇਸ਼ ਦੀ ਸੇਵਾ ਲਈ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸਮਾਗਮ ’ਚ ਕਾਰਗਿਲ ਦੇ ਅਮਰ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੇ ਪਿਤਾ ਗਿਰਧਾਰੀ ਲਾਲ ਬੱਤਰਾ ਦੀ ਮੌਜੂਦਗੀ ਸਭ ਤੋਂ ਭਾਵੁਕ ਪਲ ਰਹੀ। ਜਦੋਂ ਗਿਰਧਾਰੀ ਲਾਲ ਬੱਤਰਾ ਸਮਾਗਮ ਹਾਲ ’ਚ ਪੁੱਜੇ ਤਾਂ ਸਾਰਿਆਂ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿਕ ਗਈਆਂ। ਉਨ੍ਹਾਂ ਨੂੰ ਆਪਣੇ ਪੁੱਤਰ ਵਿਕਰਮ 'ਤੇ ਮਾਣ ਹੈ। 24 ਸਾਲ ’ਚ ਕੈਪਟਨ ਵਿਕਰਮ ਨੇ ਉਹ ਕਰ ਦਿਖਾਇਆ, ਜਿਸ ਦੀ ਕਲਪਨਾ ਕਰਨਾ ਵੀ ਸੌਖਾ ਨਹੀਂ ਸੀ। ਪਾਕਿਸਤਾਨ ਦੇ ਪੰਜ ਜਵਾਨਾਂ ਨੂੰ ਮਾਰ ਕੇ ਦੇਸ਼ ਲਈ ਜਾਨ ਕੁਰਬਾਨ ਕਰਨ ਵਾਲੇ ਵਿਕਰਮ ਦੀ ਗਾਥਾ ਸੁਣ ਕੇ ਹਰ ਕੋਈ ਭਾਵੁਕ ਹੋ ਗਿਆ।
-ਮੈਨੂੰ ਮਾਣ ਹੈ ਮੇਰੇ ਪਤੀ ’ਤੇ, ਜੋ ਦੇਸ਼ ਲਈ ਹੋਏ ਸ਼ਹੀਦ
ਇਸ ਦੌਰਾਨ ਸ਼ਹੀਦ ਕੁਲਵਿੰਦਰ ਸਿੰਘ ਸੇਵਾ ਮੈਡਲ ਦੀ ਪਤਨੀ ਰਾਜਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਵਿਆਹ 2007 ’ਚ ਹੋਇਆ ਸੀ। ਸਾਲ 2014 ’ਚ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨਾਲ ਮੁਕਾਬਲਾ ਕਰਦਿਆਂ ਕੁਲਵਿੰਦਰ ਸਿੰਘ ਸ਼ਹੀਦ ਹੋ ਗਏ। ਰਾਜਵਿੰਦਰ ਕੌਰ ਨੇ ਕੰਬਦੀ ਆਵਾਜ਼ ’ਚ ਕਿਹਾ ਕਿ ਦਰਦ ਤਾਂ ਹਰ ਦਿਨ ਹੁੰਦਾ ਹੈ, ਪਰ ਉਸ ਤੋਂ ਵੱਡਾ ਮਾਣ ਹੈ। ਜਦੋਂ ਉਹ ਪਿੰਡ ਤੋਂ ਬਾਹਰ ਨਿਕਲਦੀ ਹੈ ਤਾਂ ਲੋਕ ਅੱਜ ਵੀ ਸਨਮਾਨ ਨਾਲ ਸਿਰ ਝੁਕਾਉਂਦੇ ਹਨ। ਇਹੀ ਉਨ੍ਹਾਂ ਲਈ ਸਭ ਤੋਂ ਵੱਡੀ ਤਾਕਤ ਹੈ। ਸਰਕਾਰ ਤੇ ਫ਼ੌਜ ਨੇ ਹਰ ਕਦਮ 'ਤੇ ਸਾਥ ਦਿੱਤਾ, ਪਰ ਸਮਾਜ ਵੱਲੋਂ ਮਿਲਣ ਵਾਲਾ ਪਿਆਰ ਤੇ ਸਨਮਾਨ ਸਭ ਤੋਂ ਵੱਡੀ ਤਾਕਤ ਹੈ।
-ਇਕ ਸਾਲ ਦੇ ਸਨ ਜਦੋਂ ਪਿਤਾ ਦੇਸ਼ ਲਈ ਕੁਰਬਾਨ ਹੋ ਗਏ
84) ਸੁਰਿੰਦਰ ਸਿੰਘ
ਸਮਾਗਮ ਵਿੱਚ ਕਪੂਰਥਲਾ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ। ਉਨ੍ਹਾਂ ਦੇ ਪਿਤਾ ਬਲਕਾਰ ਸਿੰਘ 1971 ’ਚ ਬੰਗਲਾਦੇਸ਼ ਮੁਕਤੀ ਸੰਗਰਾਮ ਦੌਰਾਨ ਸ਼ਹੀਦ ਹੋ ਗਏ ਸਨ। ਉਸ ਸਮੇਂ ਸੁਰਿੰਦਰ ਸਿੰਘ ਦੀ ਉਮਰ ਸਿਰਫ਼ ਇੱਕ ਸਾਲ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਿਤਾ ਸ਼ਹੀਦ ਹੋਏ, ਉਸ ਵੇਲੇ ਉਹ ਇੰਨੇ ਛੋਟੇ ਸਨ ਕਿ ਉਨ੍ਹਾਂ ਨੂੰ ਕੁਝ ਯਾਦ ਨਹੀਂ। ਪਰ ਉਨ੍ਹਾਂ ਦੀ ਮਾਤਾ ਨਿਸ਼ਾਨ ਕੌਰ ਨੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੇ ਪਿਤਾ ਕਿੰਨੇ ਬਹਾਦਰ ਸਨ। ਜਿਵੇਂ-ਜਿਵੇਂ ਉਹ ਵੱਡੇ ਹੋਏ, ਪਿਤਾ ਦੀ ਸ਼ਹਾਦਤ ਦੀਆਂ ਕਹਾਣੀਆਂ ਹੀ ਉਨ੍ਹਾਂ ਲਈ ਪ੍ਰੇਰਣਾ ਬਣਦੀਆਂ ਗਈਆਂ। ਫ਼ੌਜ ਤੇ ਪ੍ਰਸ਼ਾਸਨ ਵੱਲੋਂ ਪਰਿਵਾਰ ਨੂੰ ਪੂਰਾ ਸਹਿਯੋਗ ਮਿਲਿਆ ਹੈ।
-ਪੁੱਤਰ ਨੇ ਆਖਰੀ ਵਾਰ ਕਿਹਾ, ਪਾਪਾ, ਪੁਆਇੰਟ 5140 ਫਤਹਿ ਕਰ ਲਿਐ
ਸਮਾਗਮ ’ਚ ਪਹੁੰਚੇ ਪਰਮਵੀਰ ਚੱਕਰ ਵਿਜੇਤਾ ਕੈਪਟਨ ਵਿਕਰਮ ਬੱਤਰਾ ਦੇ ਪਿਤਾ ਗਿਰਧਾਰੀ ਲਾਲ ਬੱਤਰਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਆਖਰੀ ਵਾਰ ਫੋਨ 'ਤੇ ਕਿਹਾ ਸੀ, "ਪਾਪਾ, ਪੁਆਇੰਟ 5140 ਫਤਹਿ ਕਰ ਲਿਆ ਹੈ।" ਇਸ ਤੋਂ ਬਾਅਦ ਵਿਕਰਮ ਨੇ ਕਿਹਾ ਸੀ, "ਇਹ ਦਿਲ ਮਾਂਗੇ ਮੋਰ।" ਅਰਥਾਤ ਉਹ ਦੇਸ਼ ਲਈ ਹੋਰ ਵੀ ਉਪਲੱਬਧੀਆਂ ਹਾਸਲ ਕਰਨਾ ਚਾਹੁੰਦੇ ਸਨ। ਦੋ ਧੀਆਂ ਤੋਂ ਬਾਅਦ ਉਨ੍ਹਾਂ ਦੇ ਘਰ ਦੋ ਜੁੜਵਾਂ ਪੁੱਤਰਾਂ ਨੇ ਜਨਮ ਲਿਆ, ਜਿਨ੍ਹਾਂ ’ਚ ਵਿਕਰਮ ਤੇ ਵਿਸ਼ਾਲ ਬੱਤਰਾ ਸ਼ਾਮਲ ਸਨ। ਉਹ ਬਚਪਨ ਤੋਂ ਹੀ ਬੱਚਿਆਂ ਨੂੰ ਜਵਾਨਾਂ ਦੀਆਂ ਕੁਰਬਾਨੀਆਂ ਦੀਆਂ ਗਾਥਾਵਾਂ ਸੁਣਾਇਆ ਕਰਦੇ ਸਨ। ਇਸ ਕਾਰਨ ਵਿਕਰਮ ਦਾ ਰੁਝਾਨ ਫੌਜ ਵੱਲ ਵਧਦਾ ਗਿਆ। ਦਸੰਬਰ 1997 ਵਿੱਚ ਪਾਸ ਆਊਟ ਹੋਣ ਤੋਂ ਬਾਅਦ ਜਨਵਰੀ 1998 ਵਿੱਚ ਵਿਕਰਮ ਨੇ ਭਾਰਤੀ ਫ਼ੌਜ ਜੁਆਇਨ ਕੀਤੀ। ਉਹ 13 ਜੰਮੂ ਤੇ ਕਸ਼ਮੀਰ ਰਾਈਫਲਜ਼ ਦੇ ਬਹਾਦਰ ਜਵਾਨ ਸਨ।
ਪੁਆਇੰਟ 5140 ਦੀ ਮਹੱਤਵਪੂਰਨ ਚੋਟੀ ਨੂੰ ਦੁਸ਼ਮਣਾਂ ਤੋਂ ਮੁਕਤ ਕਰਵਾਉਣ ਤੋਂ ਬਾਅਦ ਪਾਕਿਸਤਾਨ ਦੇ ਪੰਜ ਜਵਾਨਾਂ ਨੂੰ ਮਾਰ ਢੇਰ ਕਰਨ ਅਤੇ ਆਪਣੇ ਸਾਥੀ ਜਵਾਨ ਨੂੰ ਬਚਾਉਂਦੇ ਹੋਏ ਕੈਪਟਨ ਵਿਕਰਮ ਬੱਤਰਾ ਸ਼ਹੀਦ ਹੋ ਗਏ। ਉਨ੍ਹਾਂ ਨੂੰ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ। ਗਿਰਧਾਰੀ ਲਾਲ ਬੱਤਰਾ ਨੇ ਕਿਹਾ ਕਿ ਇਹ ਸਨਮਾਨ ਮਿਲਣ 'ਤੇ ਮਾਣ ਤਾਂ ਹੋਇਆ, ਪਰ ਇੱਕ ਗੱਲ ਦਾ ਹਮੇਸ਼ਾ ਮਲਾਲ ਰਹੇਗਾ ਕਿ ਕਾਸ! ਇਹ ਸਨਮਾਨ ਵਿਕਰਮ ਖੁਦ ਪ੍ਰਾਪਤ ਕਰਦਾ।
-ਦੋ ਪਰਿਵਾਰਾਂ ਨੂੰ ਹੈ ਮਾਣ
ਇਸੇ ਤਰ੍ਹਾਂ ਮਰੜੀ ਕਲਾਂ ਪਿੰਡ ਦੇ ਰਹਿਣ ਵਾਲੇ ਪਰਮਜੀਤ ਸਿੰਘ ਅਨੁਸਾਰ ਉਨ੍ਹਾਂ ਦੇ ਸਾਲੇ ਜਸਕਰਨ ਸਿੰਘ ਉੱਪਲ ਕਾਰਗਿਲ ਜੰਗ ਦੌਰਾਨ ਸ਼ਹੀਦ ਹੋਏ ਸਨ। ਉਨ੍ਹਾਂ ਦੀ ਸ਼ਹਾਦਤ 'ਤੇ ਦੋਵੇਂ ਪਰਿਵਾਰਾਂ ਨੂੰ ਮਾਣ ਹੈ। ਉਹ ਹਰ ਸਾਲ ਪਤਨੀ ਨਾਲ ਇਸ ਸਨਮਾਨ ਸਮਾਗਮ ’ਚ ਸ਼ਾਮਲ ਹੁੰਦੇ ਹਨ।
-ਢਾਈ ਸਾਲ ਦੀ ਉਮਰ ’ਚ ਪਿਤਾ ਹੋਏ ਸ਼ਹੀਦ
ਨਕੋਦਰ ਤੋਂ ਸਮਾਗਮ ਵਿੱਚ ਪਹੁੰਚੇ ਦਿਲਬਾਗ ਸਿੰਘ ਨੇ ਦੱਸਿਆ ਕਿ 1965 ਦੀ ਜੰਗ ਵਿੱਚ ਉਨ੍ਹਾਂ ਦੇ ਪਿਤਾ ਅਜੀਤ ਸਿੰਘ ਸ਼ਹੀਦ ਹੋ ਗਏ ਸਨ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ ਢਾਈ ਸਾਲ ਸੀ। ਜਿਵੇਂ-ਜਿਵੇਂ ਉਨ੍ਹਾਂ ਨੂੰ ਹੋਸ਼ ਸੰਭਾਲਿਆ, ਸਮਾਜ ਵੱਲੋਂ ਉਨ੍ਹਾਂ ਨੂੰ ਅਜਿਹਾ ਸਨਮਾਨ ਮਿਲਿਆ, ਜਿਸ ਨੂੰ ਉਹ ਕਦੇ ਨਹੀਂ ਭੁਲਾ ਸਕਦੇ। ਉਨ੍ਹਾਂ ਕਿਹਾ ਕਿ ਪਿਤਾ ਦੀ ਕਮੀ ਹਮੇਸ਼ਾ ਮਹਿਸੂਸ ਹੁੰਦੀ ਰਹੇਗੀ, ਪਰ ਉਨ੍ਹਾਂ ਦੀ ਸ਼ਹਾਦਤ 'ਤੇ ਮਾਣ ਵੀ ਹੈ।
-ਜਿਸ ਉਮਰ ’ਚ ਪਿਤਾ ਦੀ ਗੋਦ ’ਚ ਖੇਡਣਾ ਸੀ, ਉਸੇ ਉਮਰ ’ਚ ਉੱਠਿਆ ਸਿਰ ਤੋਂ ਸਾਇਆ
ਇਸੇ ਤਰ੍ਹਾਂ ਦਿਲਬਾਗ ਸਿੰਘ ਨੇ ਦੱਸਿਆ ਕਿ ਜਿਸ ਉਮਰ ’ਚ ਉਨ੍ਹਾਂ ਨੇ ਪਿਤਾ ਦੀ ਗੋਦ ’ਚ ਖੇਡਣਾ ਸੀ, ਉਸੇ ਉਮਰ ਵਿੱਚ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ। ਜਦੋਂ ਉਨ੍ਹਾਂ ਦੇ ਪਿਤਾ ਹਰਦੀਪ ਸਿੰਘ 1965 ਦੀ ਜੰਗ ਵਿੱਚ ਸ਼ਹੀਦ ਹੋਏ, ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ ਇੱਕ ਸਾਲ ਸੀ। ਉਨ੍ਹਾਂ ਦੀ ਮਾਤਾ ਗਿਆਨ ਕੌਰ ਨੇ ਉਨ੍ਹਾਂ ਦੀ ਪਰਵਰਿਸ਼ ਕੀਤੀ। ਪਰਿਵਾਰ ਨੂੰ ਪਿਤਾ ਦੀ ਕਮੀ ਤਾਂ ਹਮੇਸ਼ਾ ਰਹੀ, ਪਰ ਉਨ੍ਹਾਂ ਦੀ ਸ਼ਹਾਦਤ 'ਤੇ ਮਾਣ ਵੀ ਮਹਿਸੂਸ ਹੁੰਦਾ ਹੈ।
-ਬੱਚਿਆਂ ਨੇ ਮੰਚ 'ਤੇ ਦਿੱਤੀਆਂ ਵਿਸ਼ੇਸ਼ ਪੇਸ਼ਕਾਰੀਆਂ
86) ਪਵਨ ਕੁਮਾਰ ਭੋਢੀ।
ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਮੰਚ 'ਤੇ ਵਿਸ਼ੇਸ਼ ਪੇਸ਼ਕਾਰੀਆਂ ਦਿੱਤੀਆਂ। ਕਸ਼ਯਪ ਨੌਜਵਾਨ ਧਾਰਮਿਕ ਸਭਾ ਦੇ ਪ੍ਰਧਾਨ ਪਵਨ ਕੁਮਾਰ ਭੋਢੀ ਨੇ ਕਿਹਾ ਕਿ ਕਾਰਗਿਲ ਵਿਜੈ ਦਿਵਸ ਸਿਰਫ਼ ਇਕ ਤਾਰੀਖ ਨਹੀਂ ਹੈ, ਸਗੋਂ ਇਹ ਉਨ੍ਹਾਂ ਮਾਵਾਂ, ਪਤਨੀਆਂ ਤੇ ਬੱਚਿਆਂ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਦਿਨ ਹੈ, ਜਿਨ੍ਹਾਂ ਨੇ ਆਪਣੇ ਘਰ ਦੇ ਚਿਰਾਗ ਦੇਸ਼ ਦੇ ਨਾਮ ਕਰ ਦਿੱਤੇ।
ਕਸ਼ਯਪ ਨੌਜਵਾਨ ਧਾਰਮਿਕ ਸਭਾ ਦੇ ਪ੍ਰਧਾਨ ਪਵਨ ਕੁਮਾਰ ਭੋਢੀ ਨੇ ਕਿਹਾ ਕਿ 27 ਸਾਲ ਪਹਿਲਾਂ ਬੱਚਿਆਂ ਨੂੰ ਸਹੀ ਅਤੇ ਨੇਕ ਦਿਸ਼ਾ ਦੇਣ ਲਈ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ। ਉਹ ਕਈ ਘਰਾਂ ਵਿੱਚ ਲੱਗੇ ਕੈਲੰਡਰਾਂ 'ਤੇ ਫਿਲਮੀ ਅਦਾਕਾਰਾਂ ਦੀਆਂ ਤਸਵੀਰਾਂ ਦੇਖਦੇ ਸਨ, ਪਰ ਸਮਾਜ ’ਚ ਦੇਸ਼ ਲਈ ਕੁਰਬਾਨੀ ਦੇਣ ਵਾਲੇ ਅਸਲ ਹੀਰੋਆਂ ਪ੍ਰਤੀ ਅਣਜਾਣਤਾ ਨੂੰ ਦੂਰ ਕਰਨ ਲਈ ਹੀ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਪਰੰਪਰਾ ਸ਼ੁਰੂ ਕੀਤੀ। ਕਸ਼ਯਪ ਨੌਜਵਾਨ ਧਾਰਮਿਕ ਸਭਾ ਵੱਲੋਂ ਕਰਵਾਏ 27ਵੇਂ ਕਾਰਗਿਲ ਵਿਜੈ ਦਿਵਸ ਸਮਾਗਮ ਦੌਰਾਨ ਜਦੋਂ ਸ਼ਹੀਦਾਂ ਦੇ ਪਿਤਾ, ਪਤਨੀਆਂ ਤੇ ਪੁੱਤਰਾਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਤਾਂ ਮੌਕੇ 'ਤੇ ਮੌਜੂਦ ਕੋਈ ਵੀ ਵਿਅਕਤੀ ਆਪਣੇ ਹੰਝੂ ਨਾ ਰੋਕ ਸਕਿਆ। ਕਸ਼ਯਪ ਨੌਜਵਾਨ ਧਾਰਮਿਕ ਸਭਾ ਵੱਲੋਂ ਕਰਵਾਏ 27ਵੇਂ ਕਾਰਗਿਲ ਵਿਜੈ ਦਿਵਸ ਸਮਾਗਮ ਦੌਰਾਨ ਜਦੋਂ ਸ਼ਹੀਦਾਂ ਦੇ ਪਿਤਾ, ਪਤਨੀਆਂ ਤੇ ਪੁੱਤਰਾਂ ਨੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਤਾਂ ਮੌਕੇ 'ਤੇ ਮੌਜੂਦ ਕੋਈ ਵੀ ਵਿਅਕਤੀ ਆਪਣੇ ਹੰਝੂ ਨਾ ਰੋਕ ਸਕਿਆ।