- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਧਿਕਾਰੀਆਂ ਦੇ ਦਫ਼ਤਰਾਂ ’ਚ ਨਵੇਂ ਏਸੀ, ਵਾਰਡਾਂ ’ਚ ਕਬਾੜ ਹੋ ਚੁੱਕੇ ਏਸੀ ਮੁਰੰਮਤ ਕਰਕੇ ਚਲਾਏ ਜਾ ਰਹੇ

ਜਾਸ, ਜਲੰਧਰ : ਸਿਵਲ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਏਸੀ ’ਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਮਰੀਜ਼ਾਂ ਦੀ ਜਾਨ ਵਾਲ-ਵਾਲ ਬਚ ਗਈ। 10 ਤੋਂ 15 ਸਾਲ ਪੁਰਾਣੇ ਏਸੀ ਲਗਾਤਾਰ 24 ਘੰਟੇ ਚੱਲ ਰਹੇ ਹਨ ਤੇ ਹੁਣ ਇਹੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ। ਦੂਜੇ ਪਾਸੇ ਅਧਿਕਾਰੀਆਂ ਤੇ ਡਾਕਟਰਾਂ ਦੇ ਕਮਰਿਆਂ ’ਚ ਜ਼ਿਆਦਾਤਰ ਨਵੇਂ ਏਸੀ ਲੱਗੇ ਹਨ, ਜੋ ਸਿਰਫ਼ 4 ਤੋਂ 6 ਘੰਟੇ ਹੀ ਚੱਲਦੇ ਹਨ। ਹਾਦਸੇ ਤੋਂ ਇਕ ਦਿਨ ਬਾਅਦ ਵੀ ਹਸਪਤਾਲ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਵਾਰਡਾਂ ’ਚ ਪੁਰਾਣੇ ਤੇ ਕਬਾੜ ਹੋ ਚੁੱਕੇ ਏਸੀ ਮੁਰੰਮਤ ਕਰਵਾ ਕੇ ਹੀ ਚਲਾਏ ਜਾ ਰਹੇ ਹਨ। ਪਹਿਲੀ ਮੰਜ਼ਿਲ 'ਤੇ ਸਥਿਤ ਬਰਨ ਵਾਰਡ ’ਚ ਏਸੀ ਦੀ ਹਾਲਤ ਬਹੁਤ ਮਾੜੀ ਹੈ। ਮਰੀਜ਼ਾਂ ਦਾ ਕਹਿਣਾ ਹੈ ਕਿ ਏਸੀ ਦੀ ਹਵਾ ਤਾਂ ਆਉਂਦੀ ਹੈ ਪਰ ਠੰਢਕ ਨਹੀਂ ਕਰਦਾ। ਇਕ ਏਸੀ ਦੀ ਜਾਲੀ ਵੀ ਪੂਰੀ ਤਰ੍ਹਾਂ ਟੁੱਟੀ ਹੋਈ ਹੈ। ਇਸੇ ਤਰ੍ਹਾਂ ਤੀਜੀ ਮੰਜ਼ਿਲ 'ਤੇ ਬਣੇ ਵਿਸ਼ੇਸ਼ ਆਈਸੀਯੂ ’ਚ ਏਸੀ ਦੇ ਸਟੇਬਿਲਾਈਜ਼ਰ ਵੀ ਟੇਢੇ-ਮੇਢੇ ਲੱਗੇ ਹੋਏ ਹਨ। ਮਰੀਜ਼ਾਂ ਅਨੁਸਾਰ, ਏਸੀ ਚਾਲੂ ਜਾਂ ਬੰਦ ਕਰਦੇ ਸਮੇਂ ਕਈ ਵਾਰ ਚੰਗਿਆੜੀਆਂ ਵੀ ਨਿਕਲਦੀਆਂ ਹਨ। ਇੱਥੇ ਲੱਗੇ ਜ਼ਿਆਦਾਤਰ ਏਸੀ ਠੰਢੀ ਹਵਾ ਨਹੀਂ ਦਿੰਦੇ। ਟਰੌਮਾ ਵਾਰਡ ’ਚ ਅੱਠ ਏਸੀ ਲੱਗੇ ਹਨ, ਜੋ ਲਗਾਤਾਰ ਚੱਲਦੇ ਰਹਿੰਦੇ ਹਨ। ਹਸਪਤਾਲ ਦੇ ਵਾਰਡਾਂ ’ਚ ਲੱਗੇ ਬਹੁਤੇ ਏਸੀ ਕਰੀਬ 10 ਸਾਲਾਂ ਤੋਂ ਨਹੀਂ ਬਦਲੇ ਗਏ ਤੇ ਉਨ੍ਹਾਂ ਦੀ ਸਰਵਿਸ ਵੀ ਸਮੇਂ ਸਿਰ ਨਹੀਂ ਹੁੰਦੀ। ਉੱਧਰ, ਹਸਪਤਾਲ ਦੇ ਐੱਸਐੱਮਓ ਦਫ਼ਤਰ, ਐੱਮਐੱਸ ਦਫ਼ਤਰ, ਲੈਬ ਇੰਚਾਰਜ ਦਾ ਦਫ਼ਤਰ, ਡੀਐੱਮਸੀ ਦਫ਼ਤਰ ਤੇ ਸਿਵਲ ਸਰਜਨ ਦੇ ਦਫ਼ਤਰ ’ਚ ਨਵੇਂ ਏਸੀ ਲੱਗੇ ਹੋਏ ਹਨ।
-------------------
ਮੈਟਰਨਿਟੀ ਵਾਰਡ ਦਾ ਬਿਜਲੀ ਆਡਿਟ ਕਰਵਾਇਆ
ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਤੇ ਹਸਪਤਾਲ ਦੇ ਬਿਜਲੀ ਮੁਲਾਜ਼ਮ ਤੋਂ ਅੱਗ ਪ੍ਰਭਾਵਿਤ ਵਾਰਡ ਦਾ ਬਿਜਲੀ ਆਡਿਟ ਕਰਵਾਇਆ। ਵਾਰਡ ਦੀਆਂ ਸਾਰੀਆਂ ਬਿਜਲੀ ਤਾਰਾਂ ਬਦਲੀਆਂ ਜਾਣਗੀਆਂ। ਖਰਾਬ ਹੋਏ ਸਾਰੇ ਸਵਿੱਚ ਬੋਰਡ ਤੇ ਬਟਨ ਵੀ ਨਵੇਂ ਲਗਾਏ ਜਾਣਗੇ ਤੇ ਵਾਰਡ ਦੀ ਦੁਬਾਰਾ ਰੰਗ-ਰੋਗਨ ਕੀਤਾ ਜਾਵੇਗਾ।
--------------------
ਗਰਮੀ ਕਾਰਨ ਜੱਚਾ-ਬੱਚਾ ਪਰੇਸ਼ਾਨ
ਸਿਵਲ ਹਸਪਤਾਲ ਦੇ ਜੱਚਾ-ਬੱਚਾ ਕੇਂਦਰ ਦੇ ਮਰੀਜ਼ਾਂ ਨੂੰ ਫਿਲਹਾਲ ਓਟੀ ਨਾਲ ਬਣੇ ਆਈਸੀਯੂ ’ਚ ਸ਼ਿਫਟ ਕੀਤਾ ਗਿਆ ਹੈ। ਇੱਥੇ ਸੈਂਟਰਲ ਏਸੀ ਤਾਂ ਲੱਗਾ ਹੈ ਪਰ ਚੱਲ ਨਹੀਂ ਰਿਹਾ। ਗਰਮੀ ਤੇ ਉਮਸ ਕਾਰਨ ਗਰਭਵਤੀ ਔਰਤਾਂ ਤੇ ਨਵਜਨਮੇ ਬੱਚਿਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਡਿਊਟੀ 'ਤੇ ਤਾਇਨਾਤ ਸਟਾਫ਼ ਅੱਗੇ ਇਹ ਸਮੱਸਿਆ ਰੱਖੀ ਪਰ ਕੋਈ ਹੱਲ ਨਹੀਂ ਨਿਕਲਿਆ। ਸਿਵਲ ਹਸਪਤਾਲ ਦੀ ਐੱਮਐੱਸ ਡਾ. ਨਮਿਤਾ ਘਈ ਨੇ ਕਿਹਾ ਕਿ ਫਿਲਹਾਲ ਮੈਟਰਨਿਟੀ ਵਾਰਡ ਖਾਲੀ ਕਰਵਾ ਦਿੱਤਾ ਗਿਆ ਹੈ ਤੇ ਬਿਜਲੀ ਦਾ ਆਡਿਟ ਕਰਵਾਇਆ ਗਿਆ ਹੈ। ਲੋੜੀਂਦੀ ਮੁਰੰਮਤ ਜਲਦੀ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰੀ ਨੀਤੀਆਂ ਅਨੁਸਾਰ ਨਵੇਂ ਏਸੀ ਨਹੀਂ ਖਰੀਦੇ ਜਾ ਸਕਦੇ।