ਪੁਲਿਸ ਨੂੰ ਦੇਖ ਭੱਜੇ ਸਨੈਚਰ ਡਿੱਗ ਕੇ ਤੁੜਵਾ ਬੈਠੇ ਲੱਤਾਂ-ਬਾਹਾਂ ਪੁਲਿਸ ਪਾਰਟੀ ਦੇਖ ਭੱਜੇ ਸਨੈਚਰ ਡਿੱਗ ਕੇ ਤੁੜਵਾ ਬੈਠੇ ਲੱਤਾਂ ਬਾਵਾਂ
Publish Date: Wed, 12 Aug 2026 09:53 PM (IST)
Updated Date: Wed, 12 Aug 2026 09:56 PM (IST)
ਚੋਰੀ ਦੇ ਮੋਟਰਸਾਈਕਲ ਸਣੇ ਦੋ ਕਾਬੂ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ ਜਲੰਧਰ : ਥਾਣਾ ਨੰਬਰ ਸੱਤ ਦੀ ਪੁਲਿਸ ਨੇ ਪਿਛਲੇ ਦਿਨੀਂ ਵਾਪਰੀ ਲੁੱਟਖੋਹ ਦੀ ਵਾਰਦਾਤ ਹੱਲ ਕਰ ਲਈ ਹੈ। ਪੁਲਿਸ ਨੇ ਜਦੋਂ ਚੋਰੀ ਦੇ ਮੋਟਰਸਾਈਕਲ ’ਤੇ ਜਾ ਰਹੇ ਦੋ ਸਨੈਚਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਮੋਟਰਸਾਈਕਲ ਭਜਾ ਲਿਆ। ਪੁਲਿਸ ਦੇ ਡਰੋਂ ਸਨੈਚਰ ਮੋਟਰਸਾਈਕਲ ਤੋਂ ਆਪਣਾ ਕੰਟਰੋਲ ਗੁਆ ਬੈਠੇ ਤੇ ਇਕ ਦਰੱਖਤ ’ਚ ਵੱਜ ਕੇ ਡਿੱਗ ਪਏ ਜਿਸ ਨਾਲ ਉਨ੍ਹਾਂ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ। ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਕੇ ਚੋਰੀ ਦਾ ਮੋਟਰਸਾਈਕਲ ਕਬਜ਼ੇ ’ਚ ਲੈ ਲਿਆ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਏਐੱਸਆਈ ਬਲਵੰਤ ਸਿੰਘ ਨਾਕਾਬੰਦੀ ’ਤੇ ਮੌਜੂਦ ਸਨ ਕਿ ਉਹਨਾਂ ਨੂੰ ਸੁਭਾਸ਼ ਗੁਰਾਈ ਵਾਸੀ ਕਲਕੱਤਾ ਵੈਸਟ ਬੰਗਾਲ ਨੇ ਸ਼ਿਕਾਇਤ ਦਿੱਤੀ ਕਿ ਉਹ ਆਪਣੇ ਮੋਟਰਸਾਈਕਲ ’ਤੇ ਵਿਜੇ ਕਾਲੋਨੀ ਵੱਲ ਜਾ ਰਿਹਾ ਸੀ। ਇਸ ਦੌਰਾਨ ਤਿੰਨ ਨੌਜਵਾਨ ਮੋਟਰਸਾਈਕਲ ’ਤੇ ਆਏ ਤੇ ਉਸ ਦਾ ਰਸਤਾ ਰੋਕ ਲਿਆ। ਉਨ੍ਹਾਂ ਨੌਜਵਾਨਾਂ ਵਿਚੋਂ ਦੋ ਨੇ ਨਕਾਬ ਪਾਏ ਹੋਏ ਸਨ। ਉਨ੍ਹਾਂ ਨੇ ਉਸ ਨੂੰ ਡਰਾ-ਧਮਕਾ ਕੇ ਉਸ ਦਾ ਮੋਟਰਸਾਈਕਲ ਤੇ ਪਰਸ ਖੋਹ ਲਿਆ। ਪਰਸ ’ਚ ਪੰਜ ਏਟੀਐੱਮ ਕਾਰਡ, ਡਰਾਈਵਿੰਗ ਲਾਇਸੰਸ ਤੇ 8 ਹਜ਼ਾਰ ਰੁਪਏ ਨਗਦ ਸਨ। ਪੁਲਿਸ ਵੱਲੋਂ ਸੁਭਾਸ਼ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਸ਼ੁਰੂ ਕੀਤੀ ਗਈ। ਏਐੱਸਆਈ ਬਲਵੰਤ ਸਿੰਘ ਪੁਲਿਸ ਪਾਰਟੀ ਸਮੇਤ ਸੁਭਾਨਾ ਨਾਕਾਬੰਦੀ ’ਤੇ ਖੜ੍ਹੇ ਸਨ। ਇਸ ਦੌਰਾਨ ਚੋਰੀ ਹੋਏ ਮੋਟਰਸਾਈਕਲ ’ਤੇ ਦੋ ਨੌਜਵਾਨ ਆਉਂਦੇ ਹੋਏ ਦਿਖਾਈ ਦਿੱਤੇ। ਜਦੋਂ ਪੁਲਿਸ ਪਾਰਟੀ ਨੇ ਮੋਟਰਸਾਈਕਲ ਦਾ ਨੰਬਰ ਦੇਖਿਆ ਤਾਂ ਉਹ ਸੁਭਾਸ਼ ਕੋਲੋਂ ਖੋਹਿਆ ਹੋਇਆ ਨਿਕਲਿਆ। ਜਦੋਂ ਪੁਲਿਸ ਪਾਰਟੀ ਨੇ ਉਨ੍ਹਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਆਪਣਾ ਮੋਟਰਸਾਈਕਲ ਤੇਜ਼ ਰਫਤਾਰ ਨਾਲ ਭਜਾ ਲਿਆ। ਏਐੱਸਆਈ ਬਲਵੰਤ ਸਿੰਘ ਨੇ ਪੁਲਿਸ ਪਾਰਟੀ ਸਮੇਤ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਉਨ੍ਹਾਂ ਨੌਜਵਾਨਾਂ ਨੇ ਪੁਲਿਸ ਨੂੰ ਪਿੱਛਾ ਕਰਦੇ ਦੇਖਿਆ ਤਾਂ ਇਕਦਮ ਘਬਰਾ ਗਏ ਤੇ ਮੋਟਰਸਾਈਕਲ ਚਲਾ ਰਿਹਾ ਨੌਜਵਾਨ ਮੋਟਰਸਾਈਕਲ ਤੋਂ ਆਪਣਾ ਕੰਟਰੋਲ ਗਵਾ ਬੈਠਾ ਤੇ ਮੋਟਰਸਾਈਕਲ ਜਾ ਕੇ ਸਿੱਧਾ ਦਰੱਖਤ ’ਚ ਲੱਗਾ ਤੇ ਦੋਵੇਂ ਹੇਠਾਂ ਡਿੱਗ ਗਏ। ਮੀਂਹ ਕਾਰਨ ਗਿੱਲੀ ਹੋਈ ਜਗ੍ਹਾ ’ਤੇ ਦੋਵਾਂ ਨੌਜਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਇਸ ਦੌਰਾਨ ਮੌਕੇ ’ਤੇ ਪਹੁੰਚੀ ਪੁਲਿਸ ਨੇ ਦੋਵਾਂ ਨੂੰ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ। ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ’ਚੋਂ ਪੁਲਿਸ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਲੁੱਟਾਂ-ਖੋਹਾਂ ਦੀਆਂ ਹੋਰ ਵੀ ਵਾਰਦਾਤਾਂ ਹੱਲ ਹੋਣਗੀਆਂ ਤੇ ਸਾਮਾਨ ਦੀ ਬਰਾਮਦਗੀ ਵੀ ਹੋਵੇਗੀ।