ਰਿਹਾਇਸ਼ੀ ਇਲਾਕੇ ਦੇ ਹਾਲਾਤ ਜਿਉਂ ਦੇ ਤਿਉਂ: ਰਵਿਸ਼ ਰਾਜ ਮਕਸੂਦਾਂ ਸਬਜ਼ੀ ਮੰਡੀ ਦੇ ਪਿੱਛੇ ਬਣੇ ਰਿਹਾਇਸ਼ੀ ਇਲਾਕੇ ਦੇ ਹਾਲਾਤ ਨਹੀਂ ਬਦਲੇ, ਮੇਅਰ ਤੇ ਕਮਿਸ਼ਨਰ ਦੇਣ ਜਵਾਬ: ਰਵਿਸ਼ ਰਾਜ
Publish Date: Wed, 09 Sep 2026 08:27 PM (IST)
Updated Date: Wed, 09 Sep 2026 08:28 PM (IST)
-ਮੰਡੀ ਪਿੱਛੇ ਫੈਲਿਆ ਕੂੜਾ ਤੇ ਸੀਵਰੇਜ ਦਾ ਗੰਦਾ ਪਾਣੀ ਬਿਮਾਰੀਆਂ ਨੂੰ ਦੇ ਰਿਹਾ ਸੱਦਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕਾਂਗਰਸੀ ਆਗੂ ਤੇ ਪੰਜਾਬ ਬ੍ਰਾਹਮਣ ਬੋਰਡ ਦੇ ਸਾਬਕਾ ਡਾਇਰੈਕਟਰ ਰਵਿਸ਼ ਰਾਜ ਸ਼ਰਮਾ ਨੇ ਮਕਸੂਦਾਂ ਸਬਜ਼ੀ ਮੰਡੀ ਦੇ ਨਾਲ ਲੱਗੇ ਕੂੜੇ ਦੇ ਢੇਰਾਂ ਤੇ ਉੱਥੇ ਦੇ ਮਾੜੇ ਹਾਲਾਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਦੋਸ਼ ਲਗਾਇਆ ਕਿ ਉਹ ਡੇਢ ਮਹੀਨੇ ਬਾਅਦ ਦੁਬਾਰਾ ਇਸ ਥਾਂ ਤੇ ਪਹੁੰਚੇ ਹਨ ਪਰ ਹਾਲਾਤ ਅੱਜ ਵੀ ਜਿਉਂ ਦੇ ਤਿਉਂ ਹਨ। ਮੇਅਰ ਵਨੀਤ ਧੀਰ ਤੇ ਨਗਰ ਨਿਗਮ ਨੇ ਇਸ ਗੰਭੀਰ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ। ਰਵਿਸ਼ ਰਾਜ ਨੇ ਕਿਹਾ ਕਿ ਦੋ ਵਾਰਡਾਂ ਦੀ ਹੱਦ ਤੇ ਪੈਂਦੇ ਇਸ ਰਿਹਾਇਸ਼ੀ ਇਲਾਕੇ ਦੇ ਲੋਕ ਕੂੜੇ ਦੇ ਢੇਰਾਂ ਤੇ ਸੀਵਰੇਜ ਦੇ ਗੰਦੇ ਪਾਣੀ ਵਿਚਕਾਰ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਬਦਬੂ, ਗੰਦਗੀ ਤੇ ਮੱਛਰਾਂ ਦੇ ਵਧਦੇ ਪ੍ਰਕੋਪ ਕਾਰਨ ਇੱਥੇ ਬਿਮਾਰੀਆਂ ਫੈਲਣ ਦਾ ਖਤਰਾ ਲਗਾਤਾਰ ਵੱਧ ਰਿਹਾ ਹੈ, ਪਰ ਪ੍ਰਸ਼ਾਸਨ ਲੋਕਾਂ ਦੀ ਸਾਰ ਲੈਣ ਲਈ ਤਿਆਰ ਨਹੀਂ। ਉਨ੍ਹਾਂ ਸਵਾਲ ਕੀਤਾ ਕਿ ਸਬਜ਼ੀ ਮੰਡੀ ਦਾ ਸਾਰਾ ਕੂੜਾ ਆਖ਼ਿਰ ਇਸ ਥਾਂ ਤੇ ਹੀ ਕਿਉਂ ਸੁੱਟਿਆ ਜਾ ਰਿਹਾ ਹੈ ਤੇ ਮੇਅਰ ਤੇ ਕਮਿਸ਼ਨਰ ਇਸ ਨੂੰ ਰੋਕਣ ਲਈ ਕਾਰਵਾਈ ਕਿਉਂ ਨਹੀਂ ਕਰ ਰਹੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਇਲਾਕਾ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਜੇ ਜਲਦੀ ਇਸ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।